
ਸਵੇਰੇ 7 ਵਜੇ ਸ਼ੁਰੂ ਹੋਵੇਗੀ ਵੋਟਿੰਗ
Fatehgarh Sahib : ਪੰਜਾਬ ਦੇ ਲੋਕ ਸਭਾ ਹਲਕਾ ਫਤਹਿਗੜ੍ਹ ਸਾਹਿਬ 'ਚ ਸ਼ਨੀਵਾਰ ਨੂੰ 15 ਲੱਖ 52 ਹਜ਼ਾਰ 567 ਵੋਟਰ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਵੋਟਿੰਗ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਇਸ ਵਿੱਚ ਨੌਂ ਵਿਧਾਨ ਸਭਾ ਹਲਕੇ : ਫਤਹਿਗੜ੍ਹ ਸਾਹਿਬ, ਬੱਸੀ ਪਠਾਣਾਂ, ਅਮਲੋਹ, ਖੰਨਾ, ਸਮਰਾਲਾ, ਪਾਇਲ, ਸਾਹਨੇਵਾਲ, ਰਾਏਕੋਟ ਅਤੇ ਅਮਰਗੜ੍ਹ ਹਨ ।
1821 'ਚੋਂ 255 ਬੂਥ ਸੰਵੇਦਨਸ਼ੀਲ
ਫ਼ਤਹਿਗੜ੍ਹ ਸਾਹਿਬ ਦੀ ਡਿਪਟੀ ਕਮਿਸ਼ਨਰ ਪ੍ਰਨੀਤ ਕੌਰ ਸ਼ੇਰਗਿੱਲ ਨੇ ਦੱਸਿਆ ਕਿ ਹਲਕੇ ਵਿੱਚ ਕੁੱਲ ਵੋਟਰ 15 ਲੱਖ 52 ਹਜ਼ਾਰ 567 ਵੋਟਰ ਹਨ, ਜਿਨ੍ਹਾਂ ਵਿੱਚ 8 ਲੱਖ 23 ਹਜ਼ਾਰ 339 ਪੁਰਸ਼ ਵੋਟਰ, 7 ਲੱਖ 29 ਹਜ਼ਾਰ 196 ਮਹਿਲਾ ਵੋਟਰ ਅਤੇ 32 ਟਰਾਂਸਜੈਂਡਰ ਵੋਟਰ ਹਨ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ।
ਪੋਲਿੰਗ ਪਾਰਟੀਆਂ ਆਪੋ-ਆਪਣੇ ਪੋਲਿੰਗ ਕੇਂਦਰਾਂ ਲਈ ਰਵਾਨਾ ਹੋ ਗਈਆਂ ਹਨ। ਅਧਿਕਾਰੀਆਂ ਵੱਲੋਂ ਪੋਲਿੰਗ ਕਰਮੀਆਂ ਨੂੰ ਵੋਟਿੰਗ ਕਰਵਾਉਣ ਸਬੰਧੀ ਜ਼ਰੂਰੀ ਹਦਾਇਤਾਂ ਦਿੱਤੀਆਂ ਗਈਆਂ। ਦੱਸ ਦੇਈਏ ਕਿ ਇਸ ਸੀਟ ਲਈ 14 ਉਮੀਦਵਾਰ ਮੈਦਾਨ ਵਿੱਚ ਹਨ। ਸਵੇਰੇ 7 ਵਜੇ ਤੋਂ ਵੋਟਿੰਗ ਸ਼ੁਰੂ ਹੋਵੇਗੀ।