
24,451 ਪੋਲਿੰਗ ਸਟੇਸ਼ਨਾਂ 'ਤੇ 2.14 ਕਰੋੜ ਤੋਂ ਵੱਧ ਵੋਟਰ ਪਾਉਣਗੇ ਆਪਣੀ ਵੋਟ
Lok Sabha Elections 2024 : ਚੋਣ ਕਮਿਸ਼ਨ ਵੱਲੋਂ ਲੋਕ ਸਭਾ ਚੋਣਾਂ 2024 ਦੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ। ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਇਸ ਵਾਰ ਚੋਣਾਂ ਵਿੱਚ 2 ਕਰੋੜ 14 ਲੱਖ 61 ਹਜ਼ਾਰ 739 ਲੋਕ ਆਪਣੀ ਵੋਟ ਦਾ ਇਸਤੇਮਾਲ ਕਰਨਗੇ। ਇਨ੍ਹਾਂ ਵਿੱਚ 1 ਕਰੋੜ 12 ਲੱਖ 86 ਹਜ਼ਾਰ 726 ਪੁਰਸ਼ ਵੋਟਰ, 1 ਕਰੋੜ 1 ਲੱਖ 74 ਹਜ਼ਾਰ 240 ਮਹਿਲਾ ਵੋਟਰ ਅਤੇ 773 ਹੋਰ ਵੋਟਰ ਹਨ।
ਉਨ੍ਹਾਂ ਦੱਸਿਆ ਕਿ 5 ਲੱਖ 38 ਹਜ਼ਾਰ 715 ਵੋਟਰ 18-19 ਸਾਲ ਵਰਗ ਨਾਲ ਸਬੰਧਤ ਹਨ ,ਜੋ ਪਹਿਲੀ ਵਾਰ ਵੋਟ ਪਾਉਣਗੇ। ਇਸੇ ਤਰ੍ਹਾਂ 1 ਲੱਖ 89 ਹਜ਼ਾਰ 855 ਵੋਟਰ 85 ਸਾਲ ਤੋਂ ਵੱਧ ਉਮਰ ਦੇ ਹਨ। ਅਪਾਹਜ ਵੋਟਰਾਂ ਦੀ ਗਿਣਤੀ 1 ਲੱਖ 58 ਹਜ਼ਾਰ 718 ਹੈ। ਵੋਟਿੰਗ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਹੋਵੇਗੀ। ਚੋਣਾਂ ਦੇ ਨਤੀਜੇ 4 ਜੂਨ ਨੂੰ ਐਲਾਨੇ ਜਾਣਗੇ |
ਚੋਣ ਡਿਊਟੀ ‘ਤੇ ਤਾਇਨਾਤ ਕਰਮਚਾਰੀਆਂ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਦੱਸਿਆ ਕਿ ਸੂਬੇ ਦੇ ਕੁੱਲ 2,60,000 ਕਰਮਚਾਰੀ ਚੋਣ ਡਿਊਟੀ ਨਿਭਾ ਰਹੇ ਹਨ ਜਿਨ੍ਹਾਂ ਵਿੱਚ 1,20,114 ਪੋਲਿੰਗ ਸਟਾਫ਼, 70,724 ਸੁਰੱਖਿਆ ਕਰਮਚਾਰੀ (ਸੂਬਾ ਪੁਲਿਸ ਅਤੇ ਕੇਂਦਰੀ ਹਥਿਆਰਬੰਦ ਅਰਧ ਸੈਨਿਕ ਬਲ), 50,000 ਸਪੋਰਟਿੰਗ ਸਟਾਫ਼ ਅਤੇ ਮੁੱਖ ਚੋਣ ਅਧਿਕਾਰੀ, ਦਫ਼ਤਰ ਤੇ ਜ਼ਿਲ੍ਹਾ ਚੋਣ ਅਧਿਕਾਰੀ ਦਫ਼ਤਰਾਂ ਦੇ 25,150 ਕਰਮਚਾਰੀ ਸ਼ਾਮਲ ਹਨ।
ਸੂਬੇ ਵਿੱਚ ਸੁਰੱਖਿਅਤ ਹਾਲਾਤਾਂ ਨੂੰ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਦੇ 55039 ਜਵਾਨ ਤਾਇਨਾਤ ਕੀਤੇ ਗਏ ਹਨ। ਕਿਸੇ ਵੀ ਤਰ੍ਹਾਂ ਦੀ ਗੜਬੜੀ ਜਾਂ ਹੰਗਾਮੀ ਸਥਿਤੀ ਵਿੱਚ ਤੁਰੰਤ ਕਾਰਵਾਈ ਲਈ ਕਿਉਕ ਰਿਸਪਾਂਸ ਟੀਮਾਂ ਤਾਇਨਾਤ ਰਹਿਣਗੀਆਂ। ਉਨ੍ਹਾਂ ਦੱਸਿਆ ਕਿ ਸੂਬੇ ਨੂੰ 2098 ਸੈਕਟਰਾਂ ਵਿੱਚ ਵੰਡਿਆ ਗਿਆ ਹੈ ਅਤੇ ਹਰੇਕ ਸੈਕਟਰ ਲਈ ਇੰਚਾਰਜ ਨਿਯੁਕਤ ਕੀਤੇ ਗਏ ਹਨ, ਜਿਨ੍ਹਾਂ ਨਾਲ 1 ਹੈਡ-ਕਾਂਸਟੇਬਲ ਅਤੇ 3 ਕਾਂਸਟੇਬਲਾਂ ਦੀ ਸ਼ਮੂਲੀਅਤ ਵਾਲੀ ਪੈਟਰੋਲਿੰਗ ਪਾਰਟੀ ਹਰ ਸਮੇਂ ਤਾਇਨਾਤ ਰਹੇਗੀ। ਉਨ੍ਹਾਂ ਕਿਹਾ ਕਿ ਸੁਰੱਖਿਆ ਕਰਮਚਾਰੀਆਂ ਦਰਮਿਆਨ ਬਿਹਤਰ ਸੰਚਾਰ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਿਆਂ ਨੂੰ 20 ਵਾਟਸ ਦੇ 3496 ਵਾਧੂ ਵਾਇਰਲੈੱਸ ਸੈੱਟ ਅਤੇ 8385 ਵਾਇਰਲੈੱਸ ਵਾਕੀ-ਟਾਕੀ ਸੈੱਟ ਮੁਹੱਈਆ ਕਰਵਾਏ ਗਏ ਹਨ।।
ਇਸ ਵਾਰ 24451 ਪੋਲਿੰਗ ਸਟੇਸ਼ਨ ਬਣਾਏ ਗਏ ਹਨ। ਇਸ ਨੂੰ 14 ਹਜ਼ਾਰ 676 ਥਾਵਾਂ ‘ਤੇ ਲਗਾਇਆ ਗਿਆ ਹੈ। ਇਨ੍ਹਾਂ ਵਿੱਚੋਂ 5694 ਸੰਵੇਦਨਸ਼ੀਲ ਹਨ। ਸਾਰੇ ਪੋਲਿੰਗ ਸਟੇਸ਼ਨਾਂ ਦੀ ਨਿਗਰਾਨੀ ਸੀ.ਸੀ.ਟੀ.ਵੀ. ਕੈਮਰਿਆਂ ਜ਼ਰੀਏ ਕੀਤੀ ਜਾਵੇਗੀ। ਇਸਦੇ ਨਾਲ ਹੀ ਚੋਣ ਅਧਿਕਾਰੀਆਂ ਅਤੇ ਅਬਜ਼ਰਵਰਾਂ ਦੁਆਰਾ ਰੀਅਲ-ਟਾਈਮ ਮਾਨੀਟਰਿੰਗ ਲਈ ਪੋਲਿੰਗ ਸਟੇਸ਼ਨਾਂ ਦੀ 100 ਫੀਸਦ ਲਾਈਵ ਵੈਬਕਾਸਟਿੰਗ ਯਕੀਨੀ ਬਣਾਈ ਜਾਵੇਗੀ।ਕਈ ਥਾਵਾਂ ‘ਤੇ 6 ਹਜ਼ਾਰ ਤੋਂ ਵੱਧ ਥਾਵਾਂ ‘ਤੇ ਮਾਈਕ੍ਰੋ ਅਬਜ਼ਰਵਰ ਵੀ ਲਗਾਏ ਜਾ ਰਹੇ ਹਨ। ਤਾਂ ਜੋ ਕਿਸੇ ਕਿਸਮ ਦੀ ਕੋਈ ਪਰੇਸ਼ਾਨੀ ਨਾ ਹੋਵੇ।