
ਭਾਈ ਬਲਦੇਵ ਸਿੰਘ ਵਡਾਲਾ, ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਅਫ਼ਵਾਹਾਂ ਆ ਰਹੀਆਂ ਹਨ..............
ਅੰਮ੍ਰਿਤਸਰ : ਭਾਈ ਬਲਦੇਵ ਸਿੰਘ ਵਡਾਲਾ, ਮੁੱਖ ਸੇਵਾਦਾਰ ਸਿੱਖ ਸਦਭਾਵਨਾ ਦਲ ਨੇ ਜਾਰੀ ਬਿਆਨ ਵਿਚ ਕਿਹਾ ਹੈ ਕਿ ਪਿਛਲੇ ਕਈ ਦਿਨਾਂ ਤੋਂ ਇਹ ਅਫ਼ਵਾਹਾਂ ਆ ਰਹੀਆਂ ਹਨ ਕਿ ਬਾਦਲਾਂ ਦੇ ਪ੍ਰਬੰਧ ਹੇਠ ਚਲਾਈ ਜਾ ਰਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਅਤੇ ਕੁੱਝ ਕਾਰ-ਸੇਵਾ ਵਾਲੇ ਬਾਬੇ ਸ੍ਰੀ ਦਰਬਾਰ ਸਾਹਿਬ 'ਤੇ ਲੱਗੇ ਸੋਨੇ ਨੂੰ ਪੁਰਾਣਾ ਸੋਨਾ ਦਸ ਕੇ ਜਾਂ ਪ੍ਰਦੂਸ਼ਣ ਨਾਲ ਖ਼ਰਾਬ ਕਹਿ ਕੇ ਬਦਲਣ ਦੀ ਤਿਆਰੀ ਕੀਤੀ ਜਾ ਰਹੀ ਹੈ। ਵਡਾਲਾ ਮੁਤਾਬਕ ਭਾਵੇਂ ਸਿੱਖ ਹੋਣ, ਸਰਕਾਰ-ਏ-ਖ਼ਾਲਸਾ, ਸ਼ੇਰ-ਏ-ਪੰਜਾਬ ਹੋਵੇ, ਮਿਸਲਾਂ ਦੇ ਸਰਦਾਰ ਹੋਣ, ਸ਼ੁਰੂ ਤੋਂ ਹੀ ਹਰ ਸਿੱਖ ਦੀ ਇਹ ਸੱਧਰ ਰਹੀ ਹੈ ਅਤੇ ਹੋਣੀ ਵੀ ਚਾਹੀਦੀ ਹੈ
ਕਿ ਸਾਡੇ ਘਰਾਂ ਅਤੇ ਘਰ ਦੇ ਸਾਜੋ-ਸਾਮਾਨ ਤੋਂ ਵੀ ਵਧੀਆ ਗੁਰੂ-ਘਰ ਦਾ ਸਾਮਾਨ ਹੋਵੇ। ਪਰ ਅਜੋਕੇ ਸਮੇਂ ਵਿਚ ਵੇਖਿਆ ਜਾਵੇ ਤਾਂ ਬਾਦਲ ਪਰਵਾਰ ਸ਼੍ਰੋਮਣੀ ਕਮੇਟੀ ਰਾਹੀਂ ਸਾਡੇ ਜਾਨਾਂ ਤੋਂ ਪਿਆਰੇ ਗੁਰਧਾਮਾਂ 'ਤੇ ਕਬਜ਼ਾ ਕਰ ਕੇ ਸਾਰੀ ਸਿੱਖ ਵਿਰਾਸਤ ਅਤੇ ਸਿੱਖ ਸੰਸਥਾਵਾਂ 'ਤੇ ਅਪਣਾ ਪਿਤਾ-ਪੁਰਖੀ ਹੱਕ ਸਮਝੀ ਬੈਠੀ ਹੈ। ਸਾਡੇ ਤਖ਼ਤ ਸਾਹਿਬਾਨ ਦੇ ਜਥੇਦਾਰ ਕੌਮ ਦੀ ਅਗਵਾਈ ਕਰਨ ਦੀ ਥਾਂ ਇਸ ਸਿਆਸਦਾਨਾਂ ਦਾ ਪੱਖ ਪੂਰ ਰਹੇ ਹਨ। ਅੱਜ ਸਾਨੂੰ ਸਮਝ ਤੋਂ ਕੰਮ ਲੈ ਕੇ ਪੁਛਣਾ ਚਾਹੀਦਾ ਹੈ ਕਿ ਸ੍ਰੀ ਦਰਬਾਰ ਸਾਹਿਬ 'ਤੇ ਜੋ ਪੁਰਾਣਾ ਸੋਨਾ ਕਈ ਸਦੀਆਂ ਤੋਂ ਲੱਗਾ ਸੀ, ਉਹ ਪੱਤਰੇ ਲਾਹ ਕੇ ਜਿਥੇ ਰੱਖੇ ਹਨ, ਉਹ ਸਾਫ਼ ਕਰ ਕੇ ਕਿਉਂ ਨਹੀਂ ਲੱਗੇ?
ਸੋਨਾ ਨਾ ਖ਼ਰਾਬ ਹੁੰਦਾ ਅਤੇ ਨਾ ਹੀ ਪੁਰਾਣਾ ਹੁੰਦਾ ਹੈ। ਹਾਂ! ਬਾਦਲ ਪਰਵਾਰ ਜ਼ਰੂਰ ਪੁਰਾਣਾ ਹੋ ਚੁਕਾ ਹੈ। ਸ੍ਰੀ ਦਰਬਾਰ ਸਾਹਿਬ 'ਤੇ ਕੁੱਝ ਸਾਲ ਪਹਿਲਾਂ ਜੋ ਸੋਨਾ ਚੜ੍ਹਾਇਆ ਗਿਆ ਸੀ, ਉਸ ਵਿਚ ਵੀ ਵਿਦੇਸ਼ੀ ਅਤੇ ਪ੍ਰਵਾਸੀ ਸਿੱਖਾਂ ਨੇ ਸੇਵਾ ਕੀਤੀ ਸੀ। ਤਾਂਬੇ ਦੇ ਪੱਤਰਿਆਂ 'ਤੇ ਸੋਨੇ ਦੀਆਂ ਪਰਤਾਂ ਘੱਟ ਚੜ੍ਹਾਈਆਂ ਗਈਆਂ ਜਿਸ ਕਾਰਨ ਉਹ ਕਾਲਾ ਪੈਣਾ ਸ਼ੁਰੂ ਹੋ ਗਿਆ। ਫਿਰ ਇਹ ਅੰਦਰੋਂ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਦੀ ਸੇਵਾ ਸ਼ੁਰੂ ਹੋਈ। ਖ਼ਾਨਦਾਨੀ ਸੇਵਾ ਕਰਨ ਵਾਲੇ ਮੀਨਾਕਾਰੀ ਕਾਰੀਗਰ ਸੇਵਾ ਲਈ ਤਰਲੇ ਲੈਂਦੇ ਰਹੇ ਪਰ ਸਾਡੇ ਗੁਰਧਾਮਾਂ 'ਤੇ ਕਾਬਜ਼ ਬਾਦਲਾਂ ਨੇ ਉਨ੍ਹਾਂ ਨੂੰ ਲਾਗੇ ਨਹੀਂ ਲੱਗਣ ਦਿਤਾ।
ਹੁਣ ਸ੍ਰੀ ਹਰਿਮੰਦਰ ਸਾਹਿਬ ਦੇ ਸੋਨੇ ਨੂੰ ਪੁਰਾਣਾ ਜਾਂ ਖ਼ਰਾਬ ਕਹਿਣਾ ਠੀਕ ਨਹੀ। ਜੇਕਰ ਇਨ੍ਹਾਂ ਸੋਨਾ ਨਵਾਂ ਲਾਉਣਾ ਹੀ ਹੈ ਤਾਂ ਜਿਹੜਾ ਮੈਨੇਜਰ ਬਲਬੀਰ ਸਿੰਘ ਸ੍ਰੀ ਦਰਬਾਰ ਸਾਹਿਬ ਨੇ ਕੁਇੰਟਲਾਂ ਨਾਲ ਢਾਲ ਇੱਟਾਂ ਬਣਾ ਕੇ ਦਿਤੀਆਂ, ਉਹ ਕਿਥੇ ਗਿਆ? ਉਥੇ ਲਾਉ, ਦੂਜਾ ਬਾਬੇ ਭੂਰੀ ਵਾਲੇ ਜੇਕਰ ਘੰਟਾ ਘਰ ਵਾਲੀ ਡਿਊਢੀ 'ਤੇ ਸੋਨਾ ਲਗਾਉਣ ਦੀ ਕਾਰ-ਸੇਵਾ ਕਰਨ ਲੱਗੇ ਹਨ ਤਾਂ ਇਕ ਸਵਾਲ ਉਨ੍ਹਾਂ ਲਈ ਹੈ ਕਿ ਜੇਕਰ ਘੰਟਾ ਘਰ ਵਾਲੀ ਡਿਉਢੀ 'ਤੇ ਵੀ ਸੋਨਾ ਚਾਹੀਦਾ ਹੁੰਦਾ ਤਾਂ ਮਿਸਲਾਂ ਜਾਂ ਸਰਕਾਰ-ਏ-ਖ਼ਾਲਸਾ ਲਾ ਦਿੰਦੀ।