
ਠੀਕ ਹੋਣ ਵਾਲੇ ਮਰੀਜ਼ਾਂ ਦੀ ਗਿਣਤੀ 10 ਲੱਖ ਦੇ ਪਾਰ, ਕੁਲ ਪੀੜਤਾਂ ਦੀ ਗਿਣਤੀ 1583792 ਹੋਈ
ਨਵੀਂ ਦਿੱਲੀ, 30 ਜੁਲਾਈ : ਭਾਰਤ ਵਿਚ ਇਕ ਦਿਨ ਵਿਚ ਪਹਿਲੀ ਵਾਰ ਕੋਰੋਨਾ ਵਾਇਰਸ ਲਾਗ ਦੇ 50 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ ਜਿਸ ਤੋਂ ਬਾਅਦ ਵੀਰਵਾਰ ਨੂੰ ਦੇਸ਼ ਵਿਚ ਕੁਲ ਪੀੜਤਾਂ ਦੀ ਗਿਣਤੀ 1583792 ਹੋ ਗਈ। ਬੀਮਾਰੀ ਤੋਂ ਠੀਕ ਹੋਣ ਵਾਲਿਆਂ ਦੀ ਗਿਣਤੀ ਵੀ 10 ਲੱਖ ਦੇ ਪਾਰ ਹੋ ਗਈ।
ਕੇਂਦਰੀ ਸਿਹਤ ਮੰਤਰਾਲੇ ਦੁਆਰਾ ਜਾਰੀ ਅੰਕੜਿਆਂ ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਲਾਗ ਦੇ 52123 ਨਵੇਂ ਮਾਮਲੇ ਸਾਹਮਣੇ ਆਏ ਜਦਕਿ ਏਨੇ ਸਮੇਂ ਵਿਚ 775 ਮਰੀਜ਼ਾਂ ਦੀ ਮੌਤ ਨਾਲ ਮ੍ਰਿਤਕਾਂ ਦੀ ਕੁਲ ਗਿਣਤੀ 34968 ਹੋ ਗਈ।
ਦੇਸ਼ ਵਿਚ ਕੋਰੋਨਾ ਵਾਇਰਸ ਦੇ 528242 ਮਰੀਜ਼ਾਂ ਦਾ ਇਲਾਜ ਚੱਲ ਰਿਹਾ ਹੈ। ਬੀਮਾਰੀ ਤੋਂ ਠੀਕ ਹੋਣ ਦੀ ਦਰ 64.44 ਫ਼ੀ ਸਦੀ ਹੈ ਅਤੇ ਮੌਤ ਦਰ 2.21 ਫ਼ੀ ਸਦੀ ਹੈ। ਕੁਲ ਪੀੜਤਾਂ ਵਿਚ ਵਿਦੇਸ਼ੀ ਨਾਗਰਿਕ ਵੀ ਸ਼ਾਮਲ ਹਨ। ਹੁਣ ਤਕ ਦੇਸ਼ ਵਿਚ 1.8 ਕਰੋੜ ਟੈਸਟ ਹੋ ਚੁਕੇ ਹਨ। ਇੰਡੀਅਨ ਮੈਡੀਕਲ ਰਿਸਰਚ ਕੌਂਸਲ ਮੁਤਾਬਕ 29 ਜੁਲਾਈ ਤਕ 18190382 ਨਮੂਨਿਆਂ ਦੀ ਜਾਂਚ ਹੋਈ ਜਦਕਿ 446642 ਨਮੂਨਿਆਂ ਦੀ ਜਾਂਚ ਬੁਧਵਾਰ ਨੂੰ ਹੋਈ। ਪਿਛਲੇ 24 ਘੰਟਿਆਂ ਵਿਚ 775 ਲੋਕਾਂ ਦੀ ਮੌਤ ਹੋਈ ਜਿਨ੍ਹਾਂ ਵਿਚੋਂ ਮਹਾਰਾਸ਼ਟਰ ਵਿਚ 298 ਦੀ ਮੌਤ, ਕਰਨਾਟਕ ਵਿਚ 92, ਤਾਮਿਲਨਾਡੂ ਵਿਚ 82, ਆਂਧਰਾ ਪ੍ਰਦੇਸ਼ ਵਿਚ 65, ਪਛਮੀ ਬੰਗਾਲ ਵਿਚ 41,
ਯੂਪੀ ਵਿਚ 33, ਦਿੱਲੀ ਵਿਚ 26, ਗੁਜਰਾਤ ਵਿਚ 24, ਜੰਮੂ ਕਸ਼ਮੀਰ ਵਿਚ 15, ਮੱਧ ਪ੍ਰਦੇਸ਼ ਵਿਚ 13 ਅਤੇ ਤੇਲੰਗਾਨਾ ਵਿਚ 12 ਜਣਿਆਂ ਦੀ ਮੌਤ ਹੋਈ। ਬਿਹਾਰ ਅਤੇ ਝਾਰਖੰਡ ਵਿਚ ਨੌਂ ਨੌਂ ਮਰੀਜ਼ਾਂ ਦੀ ਮੌਤ ਹੋਈ। ਹਰਿਆਣਾ ਵਿਚ ਸੱਤ, ਰਾਜਸਥਾਨ ਵਿਚ ਛੇ, ਉੜੀਸਾ ਵਿਚ ਪੰਜ, ਆਸਾਮ ਵਿਚ ਚਾਰ, ਗੋਆ ਵਿਚ ਤਿੰਨ, ਉਤਰਾਖੰਡ ਅਤੇ ਚੰਡੀਗੜ੍ਹ ਵਿਚ ਦੋ ਦੋ ਮਰੀਜ਼ਾਂ ਦੀ, ਕੇਰਲਾ ਅਤੇ ਅੰਡੇਮਾਨ ਨਿਕੋਬਾਰ ਵਿਚ ਇਕ ਇਕ ਵਿਅਕਤੀ ਦੀ ਮੌਤ ਹੋਈ। ਦੇਸ਼ ਵਿਚ ਹੁਣ ਤਕ 34968 ਲੋਕਾਂ ਦੀ ਮੌਤ ਹੋਈ ਹੈ ਜਿਨ੍ਹਾਂ ਵਿਚੋਂ ਸੱਭ ਤੋਂ ਜ਼ਿਆਦਾ 14463 ਲੋਕਾਂ ਦੀ ਮੌਤ ਮਹਾਰਾਸ਼ਟਰ ਵਿਚ ਹੋਈ। ਦਿੱਲੀ ਵਿਚ 3907, ਤਾਮਿਲਨਾਡੂ ਵਿਚ 3741, ਗੁਜਰਾਤ ਵਿਚ 2396, ਕਰਨਾਟਕ ਵਿਚ 2147, ਯੂਪੀ ਵਿਚ 1530, ਪਛਮੀ ਬੰਗਾਲ ਵਿਚ 1490, ਆਂਧਰਾ ਪ੍ਰਦੇਸ਼ ਵਿਚ 1213 ਅਤੇ ਮੱਧ ਪ੍ਰਦੇਸ਼ ਵਿਚ 843 ਲੋਕਾਂ ਦੀ ਮੌਤ ਹੋਈ। (ਏਜੰਸੀ)
ਅਗਲੇ ਇਕ-ਦੋ ਮਹੀਨਿਆਂ ਵਿਚ ਰੋਜ਼ਾਨਾ 10 ਲੱਖ ਟੈਸਟ ਕਰਨ ਦੀ ਯੋਜਨਾ : ਹਰਸ਼ਵਰਧਨ
ਨਵੀਂ ਦਿੱਲੀ, 30 ਜੁਲਾਈ : ਵਿਗਿਆਨ ਅਤੇ ਤਕਨੀਕ ਮੰਤਰੀ ਹਰਸ਼ਵਰਧਨ ਨੇ ਕਿਹਾ ਕਿ ਦੇਸ਼ ਵਿਚ ਹਰ ਦਿਨ ਕੋਵਿਡ-19 ਦੇ ਲਗਭਗ ਪੰਜ ਲੱਖ ਟੈਸਟ ਕੀਤੇ ਜਾ ਰਹੇ ਹਨ ਅਤੇ ਅਗਲੇ ਇਕ ਦੋ ਮਹੀਨਿਆਂ ਵਿਚ ਇਹ ਦੁਗਣੇ ਹੋ ਜਾਣਗੇ। ਇਸ ਮਹਾਂਮਾਰੀ ਦੇ ਮੁਕਾਬਲੇ ਲਈ ਵਿਗਿਆਨਕ ਅਤੇ ਉਦਯੋਗਿਕ ਖੋਜ ਪਰਿਸ਼ਦ ਦੀ ਤਕਨੀਕ ਬਾਰੇ ਸੰਗ੍ਰਹਿ ਜਾਰੀ ਕਰਦਿਆਂ ਹਰਸ਼ਵਰਧਨੇ ਕਿਹਾ ਕਿ ਦੇਸ਼ ਵਿਚ ਠੀਕ ਹੋਣ ਦੀ ਦਰ 64 ਫ਼ੀ ਸਦੀ ਤੋਂ ਵੱਧ ਹੈ ਅਤੇ ਮੌਤ ਦਰ 2.2 ਫ਼ੀ ਸਦੀ ਹੈ। ਉਨ੍ਹਾਂ ਕਿਹਾ ਕਿ ਭਾਰਤ ਵਿਚ ਕੋਰੋਨਾ ਵਾਇਰਸ ਦਾ ਪਹਿਲਾ ਮਾਮਲਾ 30 ਜਨਵਰੀ ਨੂੰ ਸਾਹਮਣੇ ਆਇਆ ਸੀ ਅਤੇ ਛੇ ਮਹੀਨੇ ਹੋ ਚੁਕੇ ਹਨ
ਪਰ ਲੜਾਈ ਹਾਲੇ ਵੀ ਜਾਰੀ ਹੈ। ਵਿਸ਼ਾਲ ਦੇਸ਼ ਅਤੇ ਵੱਡੀ ਆਬਾਦੀ ਹੋਣ ਦੇ ਬਾਵਜੂਦ ਹਰ ਮੋਰਚੇ 'ਤੇ ਵਾਇਰਸ ਵਿਰੁਧ ਕਾਮਯਾਬੀ ਨਾਲ ਨਿਪਟਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਛੇ ਮਹੀਨੇ ਪਹਿਲਾਂ ਦੇਸ਼ ਵਿਚ ਵੈਂਟੀਲੇਟਰ ਦੀ ਦਰਾਮਦ ਹੁੰਦੀ ਸੀ ਪਰ ਹੁਣ ਤਿੰਨ ਲੱਖ ਵੈਂਟੀਲੇਟਰ ਨਿਰਮਾਣ ਦੀ ਸਮਰੱਥਾ ਤਿਆਰ ਹੋ ਗਈ ਹੈ। ਉਨ੍ਹਾਂ ਕਿਹਾ, 'ਹੁਣ ਬਹੁਤੇ ਵੈਂਟੀਲੇਟਰ ਦੇਸ਼ ਅੰਦਰ ਹੀ ਬਣਾਏ ਜਾ ਰਹੇ ਹਨ। ਭਾਰਤ ਲਗਭਗ 150 ਦੇਸ਼ਾਂ ਨੂੰ ਹਾਈਡਰੋਕਸੀਕਲੋਕਵੀਨ ਦਵਾਈ ਦੀ ਸਪਲਾਈ ਕਰ ਰਿਹਾ ਹੈ। (ਏਜੰਸੀ)