
ਜਾਂਚ ਕਮੇਟੀ ਸੌਦਾ ਸਾਧ ਨੂੰ ਦਿਤੀ ਗਈ ਮਾਫ਼ੀ ਦੀ ਵੀ ਜਾਂਚ ਕਰੇ : ਗਿਆਨੀ ਰਾਮ ਸਿੰਘ ਖ਼ਾਲਸਾ, ਮਾਮਲਾ ਲਾਪਤਾ ਹੋਏ 267 ਸਰੂਪਾਂ ਦਾ
ਅੰਮ੍ਰਿਤਸਰ, 30 ਜੁਲਾਈ (ਪਰਮਿੰਦਰ): ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਗੁਰਦਵਾਰਾ ਸ੍ਰੀ ਰਾਮਸਰ ਸਾਹਿਬ ਵਿਚੋਂ ਗੁਰੂ ਗ੍ਰੰਥ ਸਾਹਿਬ ਦੇ ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ 'ਤੇ ਸ਼੍ਰੋਮਣੀ ਕਮੇਟੀ ਬੇਗਾਨਿਆਂ ਦੇ ਨਾਲ-ਨਾਲ ਅਪਣਿਆਂ ਦੇ ਵੀ ਨਿਸ਼ਾਨੇ 'ਤੇ ਆ ਗਈ ਹੈ। ਸ਼੍ਰੋਮਣੀ ਕਮੇਟੀ ਨੂੰ 31 ਮਈ 2020 ਨੂੰ ਪਤਾ ਲੱਗਾ ਕਿ ਉਸ ਦੇ ਪ੍ਰਬੰਧ ਹੇਠ ਚਲਦੀ ਗੋਲਡਨ ਆਫਸੈਟ ਪ੍ਰੈਸ ਵਿਚੋਂ ਕਰੀਬ 267 ਸਰੂਪ ਗਾਇਬ ਹਨ।
ਇਹ ਕਿਥੇ ਹਨ ਜਾਂ ਕਿਸ ਨੂੰ ਦਿਤੇ ਗਏ ਹਨ ਕਿਸੇ ਨੂੰ ਜਾਣਕਾਰੀ ਨਹੀਂ? ਪਹਿਲਾਂ ਇਸ ਮਾਮਲੇ ਦੀ ਜਾਂਚ ਸ਼੍ਰੋਮਣੀ ਕਮੇਟੀ ਨੇ ਅਪਣੇ ਤੌਰ 'ਤੇ ਕੀਤੀ। ਜਦ ਜਾਂਚ ਕਰਤਾਵਾਂ ਨੂੰ ਪਤਾ ਲੱਗਾ ਕਿ ਇਸ ਵਹਿੰਦੀ ਗੰਗਾ ਵਿਚੋਂ ਸਾਡੇ ਹੀ ਉਚ ਅਧਿਕਾਰੀਆਂ ਨੇ ਟੁੱਬੀਆਂ ਲਗਾਈਆਂ ਹਨ ਤਾਂ ਉਹ ਪਿਛੇ ਹਟਦੇ ਗਏ। ਅਖ਼ੀਰ ਇਸ ਮਾਮਲੇ ਦੀ ਜਾਂਚ ਲਈ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਹਾ ਗਿਆ ਜਿਨ੍ਹਾਂ ਇਕ ਜਾਂਚ ਕਮੇਟੀ ਬਣਾਈ ਜਿਸ ਵਿਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੀ ਸੇਵਾਮੁਕਤ ਜੱਜ ਬੀਬੀ ਨਵਿਤਾ ਸਿੰਘ ਅਤੇ ਤੇਲੰਗਾਨਾ ਹਾਈ ਕੋਰਟ ਦੇ ਵਕੀਲ ਈਸ਼ਰ ਸਿੰਘ ਨੂੰ ਸ਼ਾਮਲ ਕੀਤਾ ਗਿਆ ਸੀ।
File Photo
ਇਹ ਕਮੇਟੀ ਇਕ ਮਹੀਨੇ ਵਿਚ ਰੀਪੋਰਟ ਪੇਸ਼ ਕਰੇਗੀ। ਲਾਪਤਾ ਹੋਏ 267 ਸਰੂਪਾਂ ਦੇ ਮਾਮਲੇ ਨੂੰ ਜਨਤਾ ਦੀ ਅਦਾਲਤ ਵਿਚ ਰਖਣ ਵਾਲੇ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਕਿਹਾ ਸੀ ਕਿ ਇਹ ਗੱਲ ਯਕੀਨੀ ਬਣਾਈ ਜਾਣੀ ਚਾਹੀਦੀ ਹੈ ਕਿ ਇਸ ਸੰਵੇਦਨਸ਼ੀਲ ਮਾਮਲੇ ਦੀ ਜਾਂਚ ਤਹਿ ਸਮੇਂ ਵਿਚ ਹੋ ਜਾਵੇ ਤਾਕਿ ਸੰਗਤਾਂ ਨੂੰ ਸੱਚ ਦਾ ਪਤਾ ਲੱਗ ਸਕੇ।
ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਾਬਕਾ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਇਸ ਜਾਂਚ ਦੇ ਘੇਰੇ ਵਿਚ ਸ਼ਾਮਲ ਤਾਂ ਕੀਤਾ ਜਾਣਾ ਚਾਹੀਦਾ ਹੈ ਪਰ ਇਨ੍ਹਾਂ ਕੋਲੋਂ ਇਸ ਮਾਮਲੇ ਤੇ ਸਹਿਯੋਗ ਨਹੀਂ ਲਿਆ ਜਾਣਾ ਚਾਹੀਦਾ ਕਿਉਂਕਿ ਸ਼ੱਕ ਹੈ ਕਿ ਇਹ ਲੋਕ ਜਾਂਚ ਨੂੰ ਪ੍ਰਭਾਵਤ ਕਰਨ ਦੀ ਕੋਸ਼ਿਸ਼ ਕਰ ਸਕਦੇ ਹਨ। ਇਸ ਨਾਲ ਹੀ ਦਮਦਮੀ ਟਕਸਾਲ ਦੇ ਮੁਖੀ ਗਿਆਨੀ ਰਾਮ ਸਿੰਘ ਖ਼ਾਲਸਾ ਨੇ ਕਿਹਾ ਕਿ ਇਸ ਜਾਂਚ ਕਮੇਟੀ ਦਾ ਦਾਇਰਾ ਵਿਸ਼ਾਲ ਕਰਨਾ ਚਾਹੀਦਾ ਹੈ ਤਾਕਿ ਇਸ ਮਾਮਲੇ ਦੇ ਅਸਲ ਦੋਸ਼ੀਆਂ ਨੂੰ ਬੇਨਕਾਬ ਕੀਤਾ ਜਾ ਸਕੇ।
ਉਨ੍ਹਾਂ ਕਿਹਾ ਕਿ ਇਸ ਮਾਮਲੇ ਤੇ ਸ਼੍ਰੋਮਣੀ ਕਮੇਟੀ ਦੀ 2016 ਵਾਲੀ ਅਤਿੰ੍ਰਗ ਕਮੇਟੀ ਵੀ ਅਪਣੀ ਜ਼ਿੰਮੇਵਾਰੀ ਤੋਂ ਨਹੀਂ ਭੱਜ ਸਕਦੀ। ਜਾਂਚ ਕਮੇਟੀ ਮਾਮਲੇ ਦੀ ਜੜ੍ਹ ਸੌਦਾ ਸਾਧ ਨੂੰ ਦਿਤੀ ਗਈ ਮਾਫ਼ੀ ਦੀ ਵੀ ਜਾਂਚ ਕਰਨ ਤਾਕਿ ਪਤਾ ਲੱਗ ਸਕੇ ਕਿ ਇਸ ਸਾਰੇ ਮਾਮਲੇ ਦਾ ਮੁੱਖ ਜ਼ਿੰਮੇਵਾਰ ਕੌਣ ਹੈ? ਗਿਆਨੀ ਰਾਮ ਸਿੰਘ ਨੇ ਕਿ 'ਜਥੇਦਾਰ' ਨੂੰ ਚਾਹੀਦਾ ਹੈ ਕਿ ਪੜਤਾਲ ਕਮੇਟੀ ਨੂੰ ਆਦੇਸ਼ ਦੇਣ ਕਿ 2015 ਤੋਂ ਲੈ ਕੇ ਅੱਜ ਤਕ ਗੋਲਡਨ ਆਫਸੈਟ ਪ੍ਰੈਸ, ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਅਤੇ ਪਬਲੀਕੇਸ਼ਨ ਵਿਭਾਗ ਸ਼੍ਰੋਮਣੀ ਕਮੇਟੀ ਦੇ ਸਾਰੇ ਅਧਿਕਾਰੀਆਂ ਅਤੇ ਸੇਵਾਮੁਕਤ ਅਧਿਕਾਰੀਆਂ ਨੂੰ ਵੀ ਇਸ ਪੜਤਾਲ ਦੇ ਘੇਰੇ ਵਿਚ ਲਿਆਂਦਾ ਜਾਵੇ।
ਇਸ ਜਾਂਚ ਦੇ ਘੇਰੇ ਵਿਚ ਸ਼੍ਰੋਮਣੀ ਕਮੇਟੀ ਦੇ ਕਈ ਅਧਿਕਾਰੀਆਂ ਦੇ ਆਉਣ ਦੀ ਸੰਭਾਵਨਾ ਹੈ। ਹੁਣ ਦੇਖਣਾ ਹੈ ਕਿ ਜਾਂਚਕਰਤਾ ਤੇ ਜਾਂਚ ਕਰਵਾਉਣ ਵਾਲੀ ਧਿਰ ਦੀ ਤੇਜ਼ ਨਜ਼ਰ ਤੋਂ ਦੋਸ਼ੀ ਕਦ ਤਕ ਬਚਦੇ ਹਨ। ਇਸ ਮਾਮਲੇ ਦੀ ਮੁੱਖ ਧਿਰ ਵਜੋਂ ਜਾਣੇ ਜਾਂਦੇ ਕੰਵਲਜੀਤ ਸਿੰਘ ਨਾਲ ਵੀ ਸੰਪਰਕ ਕਰ ਰਹੇ ਹਨ। ਦਸਿਆ ਜਾ ਰਿਹਾ ਹੈ ਕਿ ਉਹ ਜਲਦ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ 267 ਲਾਪਤਾ ਹੋਏ ਸਰੂਪਾਂ ਲਈ ਜ਼ਿੰਮੇਵਾਰ ਦਸੇ ਜਾਂਦੇ ਹਰ ਵਿਅਕਤੀ ਨਾਲ ਸੰਪਰਕ ਕਰ ਕੇ ਇਸ ਦੀ ਰੀਪੋਰਟ ਤਿਆਰ ਕਰਨਗੇ