
ਫੀਸ ਦੇ ਜੁਰਮਾਨੇ ਕਾਰਨ ਚੁੱਕਿਆ ਖੌਫ਼ਨਾਕ ਕਦਮ’
ਅਮਲੋਹ - ਸਥਾਨਕ ਦੇਸ਼ ਭਗਤ ਯੂਨੀਵਰਸਿਟੀ ਵਿਚ ਪੜ੍ਹਾਈ ਕਰ ਰਹੇ ਇਕ ਵਿਦਿਆਰਥੀ ਵੱਲੋਂ ਖੁਦਕਸ਼ੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਵਿਦਿਆਰਥੀ ਦੀ ਪਹਿਚਾਣ ਜੀਸਨ ਅਹਿਮਦ ਜੰਮੂ ਕਸ਼ਮੀਰ ਦੇ ਰਹਿਣ ਵਾਲੇ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਇਹ ਵਿਦਿਆਰਥੀ ਫੀਸ ਨੂੰ ਲੈ ਕੇ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਜਿਸ ਤੋਂ ਵਿਦਿਆਰਥੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਉਥੇ ਹੀ ਮੌਕੇ 'ਤੇ ਪਹੁੰਚੇ ਪੁਲਿਸ ਅਧਿਕਾਰੀ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ।
ਇਸ ਮੌਕੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਉਹਨਾਂ ਦੇ ਬੇਟੇ ਦੀ ਥੋੜੀ ਫੀਸ ਲੇਟ ਹੋ ਗਈ ਸੀ ਜਿਸ ਕਰਕੇ ਉਹਨਾਂ ਉੱਤੇ ਕਾਫ਼ੀ ਵੱਡੀ ਰਕਮ ਦਾ ਜੁਰਮਾਨਾ ਲਗਾ ਦਿੱਤਾ ਗਿਆ। ਜਿਸ ਕਾਰਨ ਉਹਨਾਂ ਦਾ ਬੇਟਾ ਪ੍ਰੇਸ਼ਾਨ ਰਹਿਣ ਲੱਗ ਪਿਆ, ਜਿਸ ਬਾਰੇ ਉਸਨੇ ਉਹਨਾਂ ਨੂੰ ਵੀ ਕਿਹਾ ਸੀ। ਜਿਸ ਕਰ ਕੇ ਉਸ ਨੇ ਪ੍ਰੇਸ਼ਾਨ ਹੋ ਕੇ ਇਹ ਕਦਮ ਚੁੱਕਿਆ। ਉਹਨਾਂ ਨੇ ਕਿਹਾ ਕਿ ਯੂਨੀਵਰਸਿਟੀ ਵਾਲੇ ਸਾਡੇ ਨਾਲ ਫੋਨ ਤੇ ਕੋਈ ਗੱਲ ਵੀ ਨਹੀਂ ਕਰਦੇ ਸੀ। ਪਰਿਵਾਰ ਨੇ ਮੰਗ ਕੀਤੀ ਕਿ ਕਤਲ ਕੇਸ ਦਰਜ ਕੀਤਾ ਜਾਵੇ ਤੇ ਉਹਨਾਂ ਨੂੰ ਇਨਸਾਫ਼ ਦਿੱਤਾ ਜਾਵੇ।