
ਮੁੱਖ ਮੰਤਰੀ ਨੇ ਕਿਹਾ ਕਿ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਇਕ ਬਹਾਦਰ ਯੋਧਾ ਅਤੇ ਉਤਸ਼ਾਹੀ ਫ਼ੌਜੀ ਅਧਿਕਾਰੀ ਸਨ
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 1 ਸਿੱਖ ਲਾਈਟ ਇਨਫੈਂਟਰੀ ਯੂਨਿਟ ਦੇ ਸ਼ਹੀਦ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਰਿਵਾਰ ਨੂੰ 50 ਲੱਖ ਰੁਪਏ ਐਕਸ ਗ੍ਰੇਸ਼ੀਆ ਅਤੇ ਇਕ ਪਰਿਵਾਰਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਜੰਮੂ-ਕਸ਼ਮੀਰ ਦੇ ਜ਼ਿਲਾ ਰਾਜੌਰੀ ਦੇ ਨੌਸ਼ਹਿਰਾ ਸੈਕਟਰ ਵਿੱਚ ਪਾਕਿਸਤਾਨੀ ਫੌਜ ਵੱਲੋਂ ਕੀਤੀ ਗਈ ਅੰਨੇਵਾਹ ਗੋਲੀਬਾਰੀ ਦੌਰਾਨ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਸ਼ਹੀਦ ਹੋ ਗਏ ਸਨ।
Naib Subedar Rajwinder Singh
ਸ਼ਹੀਦ ਜਵਾਨ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਅਤੇ ਦੁਖੀ ਪਰਿਵਾਰ ਨਾਲ ਹਮਦਰਦੀ ਜ਼ਾਹਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਇਕ ਬਹਾਦਰ ਯੋਧਾ ਅਤੇ ਉਤਸ਼ਾਹੀ ਫ਼ੌਜੀ ਅਧਿਕਾਰੀ ਸਨ। ਉਨਾਂ ਦੀ ਮਹਾਨ ਕੁਰਬਾਨੀ ਅਤੇ ਆਪਣੇ ਫ਼ਰਜ਼ ਪ੍ਰਤੀ ਸਮਰਪਣ ਭਾਵਨਾ ਦਾ ਦੇਸ਼ ਸਦਾ ਰਿਣੀ ਰਹੇਗਾ।
Naib Subedar Rajwinder Singh
ਜ਼ਿਲਾ ਤਰਨ ਤਾਰਨ ਦੀ ਤਹਿਸੀਲ ਖਡੂਰ ਸਾਹਿਬ ਦੇ ਪਿੰਡ ਗੋਇੰਦਵਾਲ ਦੇ ਵਾਸੀ ਨਾਇਬ ਸੂਬੇਦਾਰ ਰਾਜਵਿੰਦਰ ਸਿੰਘ ਦੇ ਪਿਤਾ ਸਵਰਗੀ ਹੌਲਦਾਰ ਜਗੀਰ ਸਿੰਘ ਨੇ ਵੀ ਫੌਜ ਵਿੱਚ ਸੇਵਾ ਨਿਭਾਈ। ਸ਼ਹੀਦ ਰਾਜਵਿੰਦਰ ਸਿੰਘ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਮਨਪ੍ਰੀਤ ਕੌਰ, ਪੁੱਤਰ ਜੋਬਨਜੀਤ ਸਿੰਘ (16 ਸਾਲ) ਅਤੇ ਬੇਟੀ ਪਵਨਪ੍ਰੀਤ (15 ਸਾਲ) ਛੱਡ ਗਏ ਹਨ।