
ਕੈਪਟਨ ਨੇ ਤੰਦਰੁਸਤ ਹੋਣ ਬਾਅਦ ਬੇਟੇ ਰਣਇੰਦਰ ਸਿੰਘ ਨੰੂ ਨਾਲ ਲੈ ਕੇ ਪ੍ਰਧਾਨ ਮੰਤਰੀ ਨਾਲ ਕੀਤੀ ਮੁਲਾਕਾਤ
ਪੰਜਾਬ ਅਤੇ ਸੁਰੱਖਿਆ ਦੇ ਮਸਲਿਆਂ ਬਾਰੇ ਕੀਤਾ ਵਿਚਾਰ ਵਟਾਂਦਰਾ
ਚੰਡੀਗੜ੍ਹ, 30 ਅਗੱਸਤ (ਭੁੱਲਰ) : ਵਿਦੇਸ਼ ਤੋਂ ਇਲਾਜ ਕਰਵਾ ਕੇ ਵਾਪਸ ਆਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਪੰਜਾਬ ਲੋਕ ਕਾਂਗਰਸ ਦੇ ਮੁਖੀ ਕੈਪਟਨ ਅਮਰਿੰਦਰ ਸਿੰਘ ਨੇ ਤੰਦਰੁਸਤ ਹੋਣ ਬਾਅਦ ਅੱਜ ਨਵੀਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਅਪਣੇ ਬੇਟੇ ਰਣਇੰਦਰ ਸਿੰਘ ਨੂੰ ਨਾਲ ਲੈ ਕੇ ਮੁਲਾਕਾਤ ਕੀਤੀ | ਮਿਲੀ ਜਾਣਕਾਰੀ ਅਨੁਸਾਰ ਉਨ੍ਹਾਂ ਦੇ ਪੰਜਾਬ ਦੀ ਤਾਜ਼ਾ ਰਾਜਨੀਤਕ ਸਥਿਤੀ, ਸੂਬੇ ਦੇ ਭਖਦੇ ਮੁੱਦਿਆਂ ਤੋਂ ਇਲਾਵਾ ਸੁਰੱਖਿਆ ਦੇ ਮੁੱਦੇ ਬਾਰੇ ਵਿਚਾਰ ਵਟਾਂਦਰਾ ਕੀਤਾ |
ਇਸ ਬਾਰੇ ਮੁਲਾਕਾਤ ਤੋਂ ਬਾਅਦ ਕੈਪਟਨ ਵਲੋਂ ਖ਼ੁਦ ਮੀਡੀਆ ਨੂੰ ਜਾਣਕਾਰੀ ਵੀ ਦਿਤੀ ਗਈ ਹੈ | ਇਹ ਵੀ ਪਤਾ ਲੱਗਾ ਹੈ ਕਿ ਭਵਿੱਖ ਵਿਚ ਭਾਜਪਾ ਦੀ ਪੰਜਾਬ ਵਿਚ ਮਜ਼ਬੂਤੀ ਲਈ ਪੰਜਾਬ ਲੋਕ ਕਾਂਗਰਸ ਦੇ ਪਾਰਟੀ ਵਿਚ ਰਲੇਵੇ ਬਾਰੇ ਵੀ ਗੱਲਬਾਤ ਹੋਈ ਹੈ | ਇਸ ਬਾਰੇ ਆਉਣ ਵਾਲੇ ਦਿਨਾਂ ਵਿਚ ਕੋਈ ਅੰਤਮ ਫ਼ੈਸਲਾ ਲਿਆ ਜਾ ਸਕਦਾ ਹੈ | ਕੈਪਟਨ ਨੇ ਪੰਜਾਬ ਵਿਚ ਭਗਵੰਤ ਮਾਨ ਸਰਕਾਰ ਪ੍ਰਤੀ ਲੋਕਾਂ ਵਿਚ ਪੈਦਾ ਹੋ ਰਹੀ ਨਿਰਾਸ਼ਾ ਬਾਰੇ ਗੱਲਬਾਤ ਕਰਦਿਆਂ ਕਿਹਾ ਕਿ ਹੁਣ ਸਾਨੂੰ ਅੱਗੇ ਆਉਣਾ ਚਾਹੀਦਾ ਹੈ | ਉਨ੍ਹਾਂ ਸੁਰੱਖਿਆ ਦੇ ਮਾਮਲੇ ਬਾਰੇ ਪੰਜਾਬ ਵਿਚ ਸਰਹੱਦ ਤੋਂ ਪੈਦਾ ਕੀਤੇ ਜਾ ਰਹੇ ਖ਼ਤਰਿਆਂ 'ਤੇ ਚਿੰਤਾ ਪ੍ਰਗਟ ਕਰਦੇ ਹੋਏ ਕਿਹਾ ਕਿ ਪੰਜਾਬ ਤੇ ਕੇਂਦਰ ਨੂੰ ਰਲ ਕੇ ਕੰਮ ਕਰਨ ਦੇ ਯਤਨ ਹੋਣੇ ਚਾਹੀਦੇ ਹਨ |