
ਇਕਤਰਫ਼ਾ ਪਿਆਰ 'ਚ ਕੁੜੀ ਨੂੰ ਜ਼ਿੰਦਾ ਸਾੜਨ ਦੇ ਮਾਮਲੇ ਵਿਚ ਝਾਰਖੰਡ ਹਾਈ ਕੋਰਟ ਨੇ ਡੀਜੀਪੀ ਨੂੰ ਕੀਤਾ ਤਲਬ
ਰਾਂਚੀ, 30 ਅਗੱਸਤ : ਝਾਰਖੰਡ ਹਾਈ ਕੋਰਟ ਨੇ ਦੁਮਕਾ 'ਚ ਸਕੂਲੀ ਵਿਦਿਆਰਥਣ ਦੀ ਮੌਤ ਦੇ ਮਾਮਲੇ ਨੂੰ ਧਿਆਨ 'ਚ ਲੈਂਦੇ ਹੋਏ ਮੰਗਲਵਾਰ ਨੂੰ ਪੁਲਿਸ ਜਨਰਲ ਡਾਇਰੈਕਟਰ (ਡੀਜੀਪੀ) ਨੂੰ ਰਿਪੋਰਟ ਦਾਖ਼ਲ ਕਰਨ ਦਾ ਹੁਕਮ ਦਿਤਾ | ਬੈਂਚ ਦੇ ਸੰਮਨ 'ਤੇ ਡੀ. ਜੀ.ਪੀ. ਨੀਰਜ ਸਿਨਹਾ ਅਦਾਲਤ 'ਚ ਹਾਜ਼ਰ ਹੋਏ ਸਨ | ਚੀਫ਼ ਜਸਟਿਸ ਡਾ. ਰਵੀ ਰੰਜਨ ਅਤੇ ਜਸਟਿਸ ਸੁਜੀਤ ਨਾਰਾਇਣ ਦੇ ਬੈਂਚ ਨੇ ਮਾਮਲੇ 'ਚ ਰਿਪੋਰਟ ਜਮਾਂ ਕਰਨ ਨੂੰ ਕਿਹਾ ਹੈ |
ਬੈਂਚ ਨੇ ਡੀ.ਜੀ.ਪੀ. ਤੋਂ ਪੁਛਿਆ ਕਿ ਪੀੜਤਾ ਨੂੰ ਰਾਂਚੀ ਸਥਿਤ ਰਾਜੇਂਦਰ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ (ਰਿਮਸ) ਕਿਉਂ ਭੇਜਿਆ ਗਿਆ ਅਤੇ ਏਮਜ਼ ਦੇਵਘਰ ਕਿਉਂ ਨਹੀਂ ਭੇਜਿਆ, ਜੋ ਕਿ ਦੁਮਕਾ ਤੋਂ ਵਧ ਨੇੜੇ ਹੈ | ਬੈਂਚ ਨੇ ਡੀ.ਜੀ.ਪੀ. ਤੋਂ ਅਪਣੀ ਰਿਪੋਰਟ 'ਚ ਇਸ ਬਾਰੇ ਜ਼ਿਕਰ ਕਰਨ ਨੂੰ ਕਿਹਾ ਹੈ ਕਿ ਦੇਵਘਰ ਏਮਜ਼ ਸੜਨ ਦੇ ਮਾਮਲਿਆਂ 'ਚ ਇਲਾਜ ਲਈ ਪੂਰੀ ਤਰ੍ਹਾਂ ਸਾਧਨ ਯੁਕਤ ਹੈ ਜਾਂ ਨਹੀਂ |
ਜ਼ਿਕਰਯੋਗ ਹੈ ਕਿ 23 ਅਗੱਸਤ ਨੂੰ ਸ਼ਾਹਰੁਖ ਨੇ ਇਕਤਰਫ਼ਾ ਪਿਆਰ 'ਚ ਅਸਫ਼ਲ ਹੋਣ 'ਤੇ ਗੁਆਂਢ ਦੇ ਕਾਰੋਬਾਰੀ ਸੰਜੀਵ ਸਿੰਘ ਦੀ 19 ਸਾਲਾ ਧੀ ਅੰਕਿਤਾ 'ਤੇ ਦੇਰ ਰਾਤ ਸੁੱਤੇ ਸਮੇਂ ਖਿੜਕੀ 'ਚੋਂ ਪਟਰੌਲ ਸੁੱਟ ਕੇ ਅੱਗ ਲਾ ਦਿਤੀ ਸੀ, ਜਿਸ ਵਿਚ ਉਹ 90 ਫ਼ੀ ਸਦੀ ਸੜ ਗਈ ਸੀ | ਘਟਨਾ ਨਾਲ ਇਲਾਕੇ 'ਚ ਫਿਰਕੂ ਤਣਾਅ ਪੈਦਾ ਹੋ ਗਿਆ ਹੈ | ਪੁਲਿਸ ਨੇ ਮੁਲਜ਼ਮ ਸ਼ਾਹਰੁਖ ਨੂੰ ਗਿ੍ਫ਼ਤਾਰ ਕਰ ਕੇ ਮੰਗਲਵਾਰ ਨੂੰ ਹੀ ਨਿਆਇਕ ਹਿਰਾਸਤ 'ਚ ਭੇਜ ਦਿਤਾ | (ਏਜੰਸੀ)