
ਤੇਜ਼ ਬੁਖਾਰ, ਸਰੀਰ ਦਰਦ,ਖਾਂਸੀ, ਉਲਟੀਆਂ ਅਤੇ ਦਸਤ ਆਦਿ ਦੀ ਸੂਰਤ ਵਿਚ ਨੇੜੇ ਦੇ ਹਸਪਤਾਲ ਵਿਚ ਕਰਵਾਈ ਜਾਵੇ ਜਾਂਚ
ਮੁਹਾਲੀ: ਸਵਾਈਨ ਫਲੂ ਨਾਂਅ ਦੀ ਬਿਮਾਰੀ ਨੇ ਲੋਕਾਂ ਨੂੰ ਖੌਫ਼ ਦੇ ਦਲਦਲ ‘ਚ ਧੱਕਿਆ ਹੈ, ਪਿਛਲੇ ਕਈ ਸਾਲਾਂ ਤੋਂ ਇਸ ਬਿਮਾਰੀ ਨੇ ਸੰਸਾਰ ਵਿਚ ਲੋਕਾਂ ਨੂੰ ਆਪਣੀ ਜਕੜ ‘ਚ ਲੈ ਕੇ ਮੌਤ ਦੀ ਨੀਂਦ ਸੌਣ ਲਈ ਮਜਬੂਰ ਕੀਤਾ ਹੈ। ਜਨਤਕ ਥਾਵਾਂ ‘ਤੇ ਜਦੋਂ ਕੋਈ ਖੰਘਦਾ ਜਾਂ ਛਿੱਕਦਾ ਹੈ ਤਾਂ ਸਾਰੇ ਲੋਕ ਚੁਕੰਨੇ ਹੋ ਜਾਂਦੇ ਹਨ ਤੇ ਰੁਮਾਲ ਨਾਲ ਆਪਣਾ ਨੱਕ-ਮੂੰਹ ਢੱਕ ਲੈਂਦੇ ਹਨ ਜਾਂ ਫਿਰ ਜਲਦੀ-ਜਲਦੀ ਢੱਕਣ ਦੀ ਕੋਸ਼ਿਸ਼ ਕਰਦੇ ਹਨ।
ਸਵਾਈਨ ਫਲੂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਜਾਗਰੂਕਤਾ ਗਤੀਵਿਧੀਆਂ ਕਰਵਾਉਣ ਦੀ ਹਦਾਇਤ ਕੀਤੀ ਗਈ ਹੈ।
ਮੁਹਾਲੀ ADC ਅਮਨਿੰਦਰ ਕੌਰ ਬਰਾੜ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਐਸ.ਏ.ਐਸ.ਨਗਰ ਵਿਖੇ ਸਵਾਈਨ ਫਲੂ ਸਬੰਧੀ ਮੀਟਿੰਗ ਕੀਤੀ ਗਈ। ਇਸ ਮੌਕੇ ਉਨ੍ਹਾਂ ਆਏ ਹੋਏ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਵਾਈਨ ਫਲੂ ਸੀਜ਼ਨ ਨੂੰ ਮੁੱਖ ਰੱਖਦਿਆਂ ਜਾਗਰੂਕਤਾ ਗਤੀਵਿਧੀਆਂ ਵਿਚ ਤੇਜ਼ੀ ਲਿਆਂਦੀ ਜਾਵੇ।
ਉਨ੍ਹਾਂ ਨੇ ਕਿਹਾ ਕਿ ਸਿਹਤ ਵਿਭਾਗ ਵੱਲੋਂ ਸਮੇਂ-ਸਮੇਂ ’ਤੇ ਵਧੀਆ ਸਿਹਤ ਸਹੂਲਤਾਂ ਪ੍ਰਦਾਨ ਕਰਨ ਦੇ ਉਪਰਾਲੇ ਕੀਤੇ ਜਾਂਦੇ ਹਨ, ਇਨ੍ਹਾਂ ਉਪਰਾਲਿਆਂ ਦੀ ਲੜੀ ਨੂੰ ਅੱਗੇ ਤੋਰਦਿਆਂ ਸਵਾਈਨ ਫਲੂ ਵਰਗੀ ਬਿਮਾਰੀ ਨਾਲ ਨਜਿੱਠਣ ਲਈ ਸਿਹਤ ਵਿਭਾਗ ਵੱਲੋਂ ਪੁਖਤਾ ਪ੍ਰਬੰਧ ਕੀਤੇ ਜਾ ਚੁੱਕੇ ਹਨ ।
ਉਨ੍ਹਾਂ ਨੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਲੋਕਾਂ ਨੂੰ ਸਵਾਈਨ ਫਲੂ ਦੀ ਬਿਮਾਰੀ ਪ੍ਰਤੀ ਜਾਗਰੂਕ ਕੀਤਾ ਜਾਵੇ ਅਤੇ ਇਸਦੇ ਲੱਛਣ ਜਿਵੇਂ ਕਿ ਤੇਜ਼ ਬੁਖਾਰ, ਸਰੀਰ ਦਰਦ,ਖਾਂਸੀ, ਉਲਟੀਆਂ ਅਤੇ ਦਸਤ ਆਦਿ ਦੀ ਸੂਰਤ ਵਿਚ ਨੇੜੇ ਦੇ ਹਸਪਤਾਲ ਵਿਚ ਜਾਂਚ ਕਰਵਾਈ ਜਾਵੇ।
ਉਨ੍ਹਾਂ ਨੇ ਇਹ ਵੀ ਕਿਹਾ ਕਿ ਸਵਾਈਨ ਫਲੂ ਦੇ ਲੱਛਣਾ ਅਤੇ ਉਸਦੀ ਰੋਕਥਾਮ ਲਈ ਜਾਗਰੂਕ ਕਰਨ ਵਾਲੇ ਪੋਸਟਰ ਜਨਤਕ ਥਾਂਵਾ ’ਤੇ ਲਗਾਏ ਜਾਣ ਤਾਂ ਜੋ ਲੋਕਾਂ ਵਿਚ ਇਸ ਬਿਮਾਰੀ ਦੀ ਰੋਕਥਾਮ ਅਤੇ ਬਚਾਅ ਪ੍ਰਤੀ ਵੱਧ ਤੋਂ ਵੱਧ ਜਾਗਰੂਕਤਾ ਪੈਦਾ ਕੀਤੀ ਜਾ ਸਕੇ।