
ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ 300 ਨਵ-ਨਿਯੁਕਤ ਐਮ. ਪੀ.
ਚੰਡੀਗੜ੍ਹ (ਪੀਟੀਆਈ) : ਸਿਹਤ ਤੇ ਪਰਿਵਾਰ ਭਲਾਈ ਮੰਤਰੀ ਬ੍ਰਹਮ ਮਹਿੰਦਰਾ ਵੱਲੋਂ 300 ਨਵ-ਨਿਯੁਕਤ ਐਮ. ਪੀ. ਐਚ.ਡਬਲਯੂ (ਮਲਟੀ ਪਰਪਜ਼ ਹੈਲਥ ਵਰਕਰਜ਼-ਪੁਰਸ਼) ਨੂੰ ਨਿਯੁਕਤੀ ਪੱਤਰ ਸੌਂਪੇ ਗਏ। ਉਹਨਾਂ ਨੇ ਦੱਸਿਆ ਕਿ ਸਿਹਤ ਵਿਭਾਗ ਪੰਜਾਬ ਵੱਲੋਂ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਜ਼, ਫ਼ਰੀਦਕੋਟ ਵੱਲੋਂ ਸ਼ੁਰੂ ਕੀਤੀ ਭਰਤੀ ਪ੍ਰਕਿਰਿਆ ਤਹਿਤ ਕੁੱਲ 1183 ਮਲਟੀਪਰਪਜ਼ ਹੈਲਥ ਵਰਕਰਜ਼ ਦੀ ਨਿਯੁਕਤੀ ਕੀਤੀ ਗਈ ਹੈ । ਅੱਜ ਸਿਹਤ ਵਿਭਾਗ ਵੱਲੋਂ ਇਨਾਂ ਨਵ-ਨਿਯੁਕਤਾਂ ਲਈ ਇਕ ਕਾਊਸਲਿੰਗ ਤੇ ਆਨਲਾਈਨ ਸਟੇਸ਼ਨ ਵੰਡ ਪ੍ਰਕਿਰਿਆ ਲਈ ਸ਼ੈਸ਼ਨ ਆਯੋਜਿਤ ਕੀਤਾ ਗਿਆ।
Multi Purpose Health Workers
ਨਵ-ਨਿਯੁਕਤ ਕੀਤੇ ਮਲਟੀਪਰਪਜ਼ ਹੈਲਥ ਵਰਕਰਜ਼ ਨੂੰ ਸੰਬੋਧਨ ਕਰਦਿਆਂ ਬ੍ਰਹਮ ਮਹਿੰਦਰਾ ਨੇ ਸਿਹਤ ਵਿਭਾਗ 'ਚ ਆਉਣ ਲਈ ਵਰਕਰਾਂ ਨੂੰ ਮੁਬਾਰਕਬਾਦ ਦਿੱਤੀ ਅਤੇ ਸੂਬੇ ਦੇ ਲੋਕਾਂ ਨੂੰ ਬਿਹਤਰ ਸੇਵਾਵਾਂ ਮੁਹੱਈਆ ਕਰਵਾਉਣ ਲਈ, ਤਨਦੇਹੀ ਅਤੇ ਨਿਰਸਵਾਰਥ ਹੋ ਕੇ ਕੰਮ ਕਰਨ ਲਈ ਪ੍ਰੇਰਿਤ ਕੀਤਾ। ਇਸ ਮੌਕੇ ਸਿਹਤ ਮੰਤਰੀ ਨੇ ਕਿਹਾ ਕਿ ਵੱਡੇ ਪੱਧਰ 'ਤੇ ਮਲਟੀਪਰਪਜ਼ ਹੈਲਥ ਵਰਕਰਜ਼ ਦੀ ਹੋਈ ਭਰਤੀ ਸਿਹਤ ਵਿਭਾਗ ਲਈ ਮੀਲ ਪੱਥਰ ਸਾਬਿਤ ਹੋਵੇਗੀ ਅਤੇ ਇਹ ਕਰਮਚਾਰੀ ਸਿਹਤ ਸੇਵਾਵਾਂ ਦੇ ਨਾਲ ਨਾਲ ਵਿਭਾਗੀ ਪ੍ਰੋਗਰਾਮਾਂ ਤੇ ਸਕੀਮਾਂ ਪ੍ਰਤੀ ਵੀ ਲੋਕਾਂ ਨੂੰ ਜਾਗਰੂਕ ਕਰਨਗੇ।
Brahm Mahindra
ਸਿਹਤ ਮੰਤਰੀ ਨੇ ਕਿਹਾ ਕਿ ਇਹ ਵਰਕਰਜ਼ ਸਬ-ਸੈਂਟਰਾਂ ਵਿੱਚ ਜ਼ਮੀਨੀ ਪੱਧਰ ਤੇ ਆਪਣਾ ਕਾਰਜ ਨਿਭਾਉਣਗੇ, ਜਿਸ ਲਈ ਰਾਸ਼ਟਰੀ ਸਿਹਤ ਪ੍ਰੋਗਰਾਮ ਅਧੀਨ ਮਾਂ ਤੇ ਬੱਚੇ ਦੀ ਸਿਹਤ, ਟੀਕਾਕਰਨ ਤੇ ਵੈਕਟਰ ਹੋਰਨ ਬਿਮਾਰੀਆਂ ਜਿਵੇਂ ਮਲੇਰੀਆ ਤੇ ਡੇਂਗੂ ਦੀ ਰੋਕਥਾਮ ਕਰਨਾ ਮੁੱਖ ਤੌਰ 'ਤੇ ਹੋਵੇਗਾ। ਇਸ ਤੋਂ ਇਲਾਵਾ ਇਹ ਵਰਕਰਜ਼ ਪੇਂਡੂ ਅਤੇ ਹੋਰ ਦੂਰ ਦੁਰਾਡੇ ਦੇ ਇਲਾਕਿਆਂ ਵਿੱਚ ਘਰ-ਘਰ ਜਾ ਕੇ ਲੋਕਾਂ ਨੂੰ ਮਿਆਰੀ ਸਿਹਤ ਸੇਵਾਵਾਂ ਮੁਹੱਈਆ ਕਰਵਾਉਣ ਵਿੱਚ ਮਹਤਵਪੂਰਨ ਭੂਮਿਕਾ ਅਦਾ ਕਰਨਗੇ।
Multi Purpose Health Workers
ਉਨਾਂ ਅੱਗੇ ਦੱਸਿਆ ਕਿ ਇਨਾਂ ਮਲਟੀ ਪਰਪਜ਼ ਹੈਲਥ ਵਰਕਰਜ਼ ਦੀ ਨਿਯੁਕਤੀ ਸਬੰਧੀ ਕਈ ਤਕਨੀਕੀ ਅੜਚਣਾਂ ਹੋਣ ਦੇ ਬਾਵਜੂਦ ਸਿਹਤ ਵਿਭਾਗ ਵੱਲੋਂ ਕੀਤੀਆਂ ਗਈਆਂ ਹਾਂ-ਪੱਖੀ ਕੋਸ਼ਿਸ਼ਾਂ ਸਦਕਾ ਹੀ ਵੱਡੀ ਗਿਣਤੀ ਵਿੱਚ ਇਹ ਭਰਤੀ ਸੰਭਵ ਹੋ ਪਾਈ ਹੈ। ਸਿਹਤ ਮੰਤਰੀ ਨੇ ਅੱਗੇ ਦੱਸਿਆ ਕਿ ਇਸ ਭਰਤੀ ਵਿੱਚ 32 ਦਿਵਿਆਂਗ ਵਿਅਕਤੀਆਂ ਨੂੰ ਵੀ ਨਿਯੁਕਤੀ ਪੱਤਰ ਦਿਤੇ ਗਏ ਹਨ ਜਿਨ੍ਹਾਂ ਨੂੰ ਵਿਸ਼ੇਸ਼ ਤਵਜੋਂ ਦੇ ਕੇ ਸਟੇਸ਼ਨਾਂ ਤੇ ਤੈਨਾਤੀ ਕੀਤੀ ਗਈ ਹੈ ਤਾਂ ਜੋ ਇਹ ਨਵ-ਨਿਯੁਕਤ ਵਰਕਰ ਆਪਣੇ ਰਿਹਾਇਸ਼ੀ ਇਲਾਕੇ ਵਿੱਚ ਰਹਿ ਕੇ ਲੋਕਾਂ ਨੂੰ ਸਿਹਤ ਵਿਭਾਗ ਦੀਆਂ ਵੱਖ-ਵੱਖ ਸੇਵਾਵਾਂ ਮੁਹੱਈਆ ਕਰਵਾ ਸਕਣ।
Multi Purpose Health Workers
ਉਨਾਂ ਕਿਹਾ ਕਿ ਸਾਰੇ ਉਮੀਦਵਾਰਾਂ ਨੂੰ ਸਟੇਸ਼ਨਾਂ ਵੰਡਣ ਦੀ ਪ੍ਰਕਿਰਿਆ ਵਿੱਚ ਪੂਰਨ ਤੌਰ ਤੇ ਪਾਰਦਰਸ਼ਤਾ ਰੱਖੀ ਗਈ ਹੈ ਜਿਸ ਅਧੀਨ ਉਮੀਦਵਾਰਾਂ ਦੇ ਸਾਹਮਣੇ ਖਾਲੀ ਪਏ ਸਟੇਸ਼ਨਾਂ ਦੀ ਜਾਣਕਾਰੀ ਦੇ ਕੇ ਮੈਰਿਟ ਦੇ ਆਧਾਰ ਤੇ ਸਟੇਸ਼ਨ ਜਾਰੀ ਕੀਤੇ ਗਏ ਹਨ।