
ਵਿਦੇਸ਼ ਮੰਤਰਾਲਾ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਹਿੱਤ ਬਠਿੰਡਾ...
ਜਲੰਧਰ: ਵਿਦੇਸ਼ ਮੰਤਰਾਲਾ ਨੇ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਹਿੱਤ ਬਠਿੰਡਾ, ਪਟਿਆਲਾ ਅਤੇ ਫਿਰੋਜ਼ਪੁਰ ਵਿਖੇ ਵਿਸ਼ੇਸ਼ ਪਾਸਪੋਰਟ ਕੈਂਪ ਲਾਉਣ ਦਾ ਫੈਸਲਾ ਕੀਤਾ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵਿਦੇਸ਼ ਮੰਤਰਾਲਾ ਨਾਲ ਇਸ ਸਬੰਧੀ ਬੀਤੇ ਦਿਨੀਂ ਇਕ ਬੈਠਕ ਕੀਤੀ ਸੀ। ਇਸ 'ਚ ਉਨ੍ਹਾਂ ਉਕਤ ਮੁੱਦਾ ਉਠਾਇਆ ਸੀ ਅਤੇ ਕਿਹਾ ਸੀ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਵਿਸ਼ੇਸ਼ ਕੈਂਪ ਲੱਗਣੇ ਚਾਹੀਦੇ ਹਨ।
Kartarpur Sahib
ਇਸ ਬਾਰੇ ਜਲੰਧਰ ਦੇ ਖੇਤਰੀ ਪਾਸਪੋਰਟ ਅਧਿਕਾਰੀ ਹਰਮਨਬੀਰ ਸਿੰਘ ਗਿੱਲ ਨੇ ਕਿਹਾ ਕਿ ਵਿਦੇਸ਼ ਮੰਤਰਾਲਾ ਦਾ ਇਹ ਮੰਨਣਾ ਹੈ ਕਿ ਪਾਕਿਸਤਾਨ ਜਾਣ ਦੇ ਇੱਛੁਕ ਸ਼ਰਧਾਲੂਆਂ ਕੋਲ ਪਾਸਪੋਰਟ ਜ਼ਰੂਰ ਹੋਣੇ ਚਾਹੀਦੇ ਹਨ। ਸ਼ਰਧਾਲੂਆਂ ਨੂੰ ਸਬੰਧਿਤ ਜ਼ਿਲਿਆਂ 'ਚ ਵਿਸ਼ੇਸ਼ ਪਾਸਪੋਰਟ ਕੈਂਪ ਲਾ ਕੇ ਪਾਸਪੋਰਟ ਬਣਵਾਉਣ ਲਈ ਪ੍ਰੇਰਿਤ ਕੀਤਾ ਜਾਵੇਗਾ। ਗਿੱਲ ਨੇ ਕਿਹਾ ਕਿ ਖੇਤਰੀ ਪਾਸਪੋਰਟ ਦਫਤਰ ਜਲੰਧਰ ਵਲੋਂ ਡਾਕਘਰ ਸੇਵਾ ਕੇਂਦਰ ਵਿਖੇ 3 ਨਵੰਬਰ ਨੂੰ ਪਾਸਪੋਰਟ ਮੇਲੇ ਦਾ ਆਯੋਜਨ ਕੀਤਾ ਜਾਵੇਗਾ।
Passport
ਪਾਸਪੋਰਟ ਮੇਲੇ 'ਚ ਲੋਕਾਂ ਨੂੰ ਪਾਸਪੋਰਟ ਲਈ ਅਰਜ਼ੀ ਦੇਣ ਅਤੇ ਜਲਦੀ ਪਾਸਪੋਰਟ ਮੁਹੱਈਆ ਕਰਵਾਉਣ ਸਬੰਧੀ ਸਹਿਯੋਗ ਦਿੱਤਾ ਜਾਵੇਗਾ। ਗਿੱਲ ਨੇ ਦੱਸਿਆ ਕਿ ਡੇਰਾ ਬਾਬਾ ਨਾਨਕ ਵਿਖੇ ਡਾਕਘਰ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾਵੇਗਾ। ਇਥੋਂ ਸ੍ਰੀ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਨੂੰ ਮਦਦ ਮੁਹੱਈਆ ਕਰਵਾਈ ਜਾਵੇਗੀ, ਨਾਲ ਹੀ ਇਸ ਸੇਵਾ ਕੇਂਦਰ 'ਚ ਸ਼ਰਧਾਲੂ ਆਪਣੇ ਪਾਸਪੋਰਟ ਬਣਵਾਉਣ ਲਈ ਅਰਜ਼ੀ ਦੇ ਸਕਣਗੇ।
Captain Amrinder Singh
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸੁਝਾਅ 'ਤੇ ਉਕਤ ਪਾਸਪੋਰਟ ਸੇਵਾ ਕੇਂਦਰ ਖੋਲ੍ਹਿਆ ਜਾ ਰਿਹਾ ਹੈ। ਇਸ ਲਈ ਡਾਕ ਵਿਭਾਗ ਦਾ ਵੀ ਸਹਿਯੋਗ ਲਿਆ ਜਾ ਰਿਹਾ ਹੈ। ਇਸ ਨਾਲ ਸਰਹੱਦੀ ਖੇਤਰ ਦੇ ਲੋਕਾਂ ਨੂੰ ਰਾਹਤ ਮਿਲੇਗੀ।