
ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵੀ ਪਹਿਲੇ ਜਥੇ ਵਿਚ ਸ਼ਾਮਲ ਹੋਣ ਲਈ ਰਾਜ਼ੀ
ਚੰਡੀਗੜ੍ਹ (ਕੰਵਲਜੀਤ ਸਿੰਘ): ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ 9 ਨਵੰਬਰ ਨੂੰ ਸ਼ਰਧਾਲੂਆਂ ਦਾ ਜਿਹੜਾ ਪਹਿਲਾ ਜਥਾ ਗੁਰਦਵਾਰਾ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਜਾਵੇਗਾ ਉਸ ਦੀ ਅਗਵਾਈ ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਕਰਨਗੇ। ਭਾਰਤੀ ਜਨਤਾ ਪਾਰਟੀ ਦੀ ਸਰਕਾਰ ਇਸ ਮੌਕੇ ਦਾ ਪੂਰਾ ਸਿਆਸੀ ਲਾਹਾ ਲੈਣਾ ਚਾਹੁੰਦੀ ਹੈ। ਕਾਂਗਰਸ ਵਲੋਂ ਜਥੇ ਦੀ ਅਗਵਾਈ ਡਾ. ਮਨਮੋਹਨ ਸਿੰਘ ਨੂੰ ਸੌਂਪਣ ਤੋਂ ਬਾਅਦ ਭਾਜਪਾ ਨੇ ਇਹ ਨਵਾਂ ਪੈਂਤੜਾ ਖੇਡਣ ਦੀ ਚਾਲ ਬਣਾਈ ਹੈ।
Venkaiah Naidu
ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 9 ਨਵੰਬਰ ਨੂੰ ਕਰਤਾਰਪੁਰ ਲਾਂਘੇ ਦਾ ਉਦਘਾਟਨ ਕਰਨਗੇ। ਸੂਤਰਾਂ ਅਨੁਸਾਰ ਇਸ ਸਮਾਗਮ ਵਿਚ ਉਪ ਰਾਸ਼ਟਰਪਤੀ ਵੀ ਸ਼ਾਮਲ ਹੋ ਰਹੇ ਹਨ ਅਤੇ ਇਸ ਤੋਂ ਬਾਅਦ ਉਹ ਜਥੇ ਵਿਚ ਸ਼ਾਮਲ ਹੋ ਜਾਣਗੇ। ਜ਼ਿਕਰਯੋਗ ਹੈ ਕਿ ਉਪ ਰਾਸ਼ਟਰਪਤੀ ਵਲੋਂ ਹੀ ਲਾਂਘੇ ਦਾ ਨੀਂਹ ਪੱਥਰ ਰਖਿਆ ਗਿਆ। ਇਕ ਸੀਨੀਅਰ ਅਕਾਲੀ ਨੇਤਾ ਵੈਂਕਈਆ ਨਾਇਡੂ ਵਲੋਂ ਜਥੇ ਦੀ ਅਗਵਾਈ ਕਰਨ ਦੀ ਪੁਸ਼ਟੀ ਕਰਦਿਆਂ ਕਿਹਾ ਗਿਆ ਹੈ ਕਿ ਭਾਜਪਾ ਹਰ ਹੀਲੇ ਕਿਸੇ ਵੱਡੇ ਬੰਦੇ ਨੂੰ ਜਥੇ ਵਿਚ ਭੇਜਣਾ ਚਾਹੁੰਦੀ ਹੈ।
Manmohan Singh and Captain Amarinder Singh
ਇਸ ਦੌਰਾਨ ਪਤਾ ਲੱਗਾ ਹੈ ਕਿ ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਦੀ ਅਗਵਾਈ ਵਿਚ ਕਾਂਗਰਸ ਦਾ ਇਕ ਵਫ਼ਦ 9 ਨਵੰਬਰ ਨੂੰ ਕਰਤਾਰਪੁਰ ਸਾਹਿਬ ਜਾਵੇਗਾ। ਕੌਮੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਵਫ਼ਦ ਦੇ ਮੈਂਬਰਾਂ ਦੀ ਚੋਣ ਕੀਤੀ ਗਈ ਹੈ ਜਿਸ ਵਿਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿਦਰ ਸਿੰਘ, ਸੀਨੀਅਰ ਨੇਤਾ ਜਯੋਤੀ ਸਿੰਧੀਆ, ਆਰ.ਪੀ.ਐਨ ਸਿੰਘ, ਰਣਦੀਪ ਸੂਰਜੇਵਾਲਾ, ਦਪਿੰਦਰ ਸਿੰਘ ਹੁੱਡਾ ਅਤੇ ਜਤਿਨ ਪ੍ਰਸਾਦਿ ਸ਼ਾਮਲ ਹਨ। ਉਚ ਸੂਤਰਾਂ ਅਨੁਸਾਰ ਡਾ. ਮਨਮੋਹਨ ਸਿੰਘ ਨੂੰ ਪਾਕਿ ਸਰਕਾਰ ਵਲੋਂ ਸੱਦਾ ਭੇਜਿਆ ਗਿਆ ਸੀ ਜਿਸ ਨੂੰ ਉਨ੍ਹਾਂ ਨੇ ਨਾਮੰਜ਼ੂਰ ਕਰ ਲਿਆ ਸੀ। ਕਰਤਾਰਪੁਰ ਲਾਂਘਾ ਭਾਰਤ ਪਾਕਿ ਰਹੱਦ ਤੋਂ 4.7 ਕਿਲੋਮੀਟਰ ਦੂਰ ਹੈ। ਲਾਂਘੇ ਦਾ ਨੀਂਹ ਪੱਥਰ ਨਵੰਬਰ 2018 ਵਿਚ ਰਖਿਆ ਗਿਆ ਸੀ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।