
ਐਡਵੋਕੇਟ ਮਨਪ੍ਰੀਤ ਨਮੋਲ ਨੇ ਭਾਜਪਾ ਨੂੰ ਕਿਹਾ ਅਲਵਿਦਾ
ਸੁਨਾਮ ਊਧਮ ਸਿੰਘ ਵਾਲਾ, 30 ਅਕਤੂਬਰ (ਦਰਸ਼ਨ ਸਿੰਘ ਚੌਹਾਨ) : ਕੇਂਦਰ ਸਰਕਾਰ ਵਲੋਂ ਪਾਸ ਕੀਤੇ ਖੇਤੀ ਕਾਨੂੰਨਾਂ ਦੇ ਰੋਸ ਅਤੇ ਕਿਸਾਨ, ਮਜ਼ਦੂਰ ਆੜ੍ਹਤੀਆਂ ਦੇ ਏਕੇ ਨੂੰ ਮਜ਼ਬੂਤ ਰੱਖਣ ਲਈ ਨੌਜਵਾਨ ਆਗੂ ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਭਾਜਪਾ ਜ਼ਿਲ੍ਹਾ ਸੰਗਰੂਰ-2 ਦੀ ਮੀਤ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿਤਾ ਹੈ। ਐਡਵੋਕੇਟ ਮਨਪ੍ਰੀਤ ਸਿੰਘ ਨਮੋਲ ਨੇ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਸਮੇਤ ਹੋਰ ਪਾਰਟੀ ਅਹੁਦੇਦਾਰਾਂ ਨੂੰ ਸੰਬੋਧਨ ਹੁੰਦਿਆਂ ਲਿਖੇ ਅਸਤੀਫ਼ੇ ਵਿਚ ਕਿਹਾ ਕਿ ਕੇਂਦਰ ਵਿਚਲੀ ਨਰਿੰਦਰ ਮੋਦੀ ਦੀ ਸਰਕਾਰ ਵਲੋਂ ਪੰਜਾਬ ਪ੍ਰਤੀ ਮਾਰੂ ਨੀਤੀਆਂ, ਖੇਤੀਬਾੜੀ ਸੋਧ ਕਾਨੂੰਨ, ਝੋਨੇ ਦੀ ਕਟਾਈ ਸਮੇਂ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਭਾਰੀ ਜੁਰਮਾਨਾ ਅਤੇ ਸਜ਼ਾ ਵਰਗੇ ਆਰਡੀਨੈਂਸ ਲਿਆਂਦੇ ਗਏ ਹਨ ਜੋ ਸਰਾਸਰ ਸੂਬੇ ਦੀ ਕਿਸਾਨੀ ਲਈ ਘਾਤਕ ਸਿੱਧ ਹੋਣਗੇ। ਉਨ੍ਹਾਂ ਪਾਰਟੀ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੂੰ ਸਵਾਲ ਕੀਤਾ ਹੈ ਕਿ ਆਪ ਵਲੋਂ 29 ਅਕਤੂਬਰ ਨੂੰ ਦਿੱਲੀ ਵਿਚ ਉਕਤ ਅਤਿ ਸੰਜੀਦਾ ਮਾਮਲਿਆ ਬਾਰੇ ਮੀਟਿੰਗ ਕਰਨ ਲਈ ਕਿਹਾ ਗਿਆ ਸੀ ਲੇਕਿਨ ਦਿੱਲੀ ਮੀਟਿੰਗ ਵਿਚ ਕਿਸਾਨ ਮਾਰੂ ਬਿਲਾਂ ਬਾਰੇ ਕੋਈ ਫ਼ੈਸਲਾ ਨਹੀਂ ਲਿਆ ਗਿਆ ਸਗੋਂ ਪੰਜਾਬ ਦੇ ਕਿਸਾਨਾਂ ਉਪਰ ਇਕ ਹੋਰ ਸਖ਼ਤ ਕਾਨੂੰਨ ਪਰਾਲੀ ਨੂੰ ਅੱਗ ਲਾਉਣ ਵਾਲੇ ਨੂੰ ਸਖ਼ਤ ਜੁਰਮਾਨੇ ਅਤੇ ਸਜ਼ਾ ਕਰਨ ਬਾਰੇ ਨਾਦਰਸ਼ਾਹੀ ਫ਼ੁਰਮਾਨ ਜਾਰੀ ਕਰ ਦਿਤਾ ਹੈ।
imageimage