
ਕੋਰੋਨਾ ਖ਼ਤਮ ਹੋਇਆ ਤਾਂ ਹੁਣ ਪੰਜਾਬ ਵਿਚ ਡੇਂਗੂ ਦਾ ਕਹਿਰ
ਹੁਣ ਤਕ ਕੁੱਝ ਹੀ ਦਿਨਾਂ 'ਚ 5300 ਕੇਸ ਆਏ, ਅੱਧੀ ਦਰਜਨ ਮੌਤਾਂ, ਸਿਹਤ ਵਿਭਾਗ ਨੇ ਲਏ ਹੁਣ ਤਕ 40 ਹਜ਼ਾਰ ਦੇ ਕਰੀਬ ਸੈਂਪਲ
ਚੰਡੀਗੜ੍ਹ, 30 ਅਕਤੂਬਰ (ਗੁਰਉਪਦੇਸ਼ ਭੁੱਲਰ) : ਪੰਜਾਬ ਵਿਚ ਜੇ ਕੋਰੋਨਾ ਖ਼ਤਮ ਹੋਇਆ ਹੈ ਤਾਂ ਹੁਣ ਡੇਂਗੂ ਨੇ ਤੇਜ਼ੀ ਨਾਲ ਪੈਰ ਪਸਾਰ ਕੇ ਕਹਿਰ ਵਰਤਾਉਣਾ ਸ਼ੁਰੂ ਕਰ ਦਿਤਾ ਹੈ | ਕੋਰੋਨਾ ਦੇ ਤਾਂ ਹੁਣ ਕੁੱਝ ਕੁ ਜ਼ਿਲਿ੍ਹਆਂ ਵਿਚ ਇਕਾ ਦੁੱਕਾ ਕੇਸ ਹੀ ਆ ਰਹੇ ਹਨ ਪਰ ਡੇਂਗੂ ਦੇ ਇਕ ਦਿਨ ਵਿਚ ਹੀ 100 ਤੋਂ ਵੱਧ ਕੇਸ ਆ ਰਹੇ ਹਨ | ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਅਨੁਸਾਰ 5300 ਦੇ ਕਰੀਬ ਮਾਮਲੇ ਆ ਚੁੱਕੇ ਹਨ | ਅੱਧੀ ਦਰਜਨ ਮੌਤਾਂ ਵੀ ਹੋ ਚੁੱਕੀਆਂ ਹਨ |
ਸਿਹਤ ਵਿਭਾਗ ਵਲੋਂ ਹੁਣ ਤਕ 40 ਹਜ਼ਾਰ ਦੇ ਕਰੀਬ ਸੈਂਪਲ ਲਏ ਗਏ ਹਨ | ਕਈ ਜ਼ਿਲਿ੍ਹਆਂ ਵਿਚ ਡੇਂਗੂ ਦਾ ਕਹਿਰ ਜ਼ਿਆਦਾ ਹੀ ਹੈ | ਇਨ੍ਹਾਂ ਵਿਚ ਜ਼ਿਲ੍ਹਾ ਐਸ.ਏ.ਐਸ. ਨਗਰ ਮੋਹਾਲੀ, ਨਾਲ ਲਗਦੇ ਫ਼ਤਿਹਗੜ੍ਹ ਸਾਹਿਬ ਤੋਂ ਇਲਾਵਾ ਲੁਧਿਆਣਾ, ਪਠਾਨਕੋਟ, ਪਟਿਆਲਾ ਅਤੇ ਸੰਗਰੂਰ ਜ਼ਿਲਿ੍ਹਆਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ | ਸੱਭ ਤੋਂ ਵੱਧ ਕੇਸ ਐਸ.ਏ.ਐਸ. ਨਗਰ ਵਿਚ ਹੁਣ ਤਕ ਆਏ ਹਨ | ਅੰਕੜੇ ਦੇਖੀਏ ਤਾਂ ਸੂਬੇ ਵਿਚ ਆਏ ਕੁਲ ਕੇਸ ਵਿਚੋਂ 20 ਫ਼ੀ ਸਦੀ ਇਕੱਲੇ ਇਸ ਜ਼ਿਲ੍ਹੇ ਵਿਚ ਆਏ ਹਨ | ਸਨਿਚਰਵਾਰ ਸ਼ਾਮ ਤਕ ਦੇ ਅੰਕੜਿਆਂ ਮੁਤਾਬਕ ਐਸ.ਏ.ਐਸ. ਨਗਰ ਵਿਚ 1080, ਰੋਪੜ ਵਿਚ 600, ਪਠਾਨਕੋਟ ਵਿਚ 580, ਫ਼ਤਿਹਗੜ੍ਹ ਸਾਹਿਬ ਵਿਚ 409 ਅਤੇ ਲੁਧਿਆਣਾ ਜ਼ਿਲ੍ਹੇ ਵਿਚ 350 ਡੇਂਗੂ ਦੇ ਕੇਸ ਆ ਚੁੱਕੇ ਹਨ |