
ਪੰਪ ’ਤੇ ਮੌਜੂਦ ਗਾਰਡ ਨੇ ਚਲਾਈਆਂ ਗੋਲੀਆਂ
ਜੰਡਿਆਲਾ ਗੁਰੂ: ਪੰਜਾਬ ਵਿਚ ਲੁੱਟ ਖੋਹ ਦੀਆਂ ਵਾਰਦਾਤਾਂ ਵੱਧਦੀਆਂ ਜਾ ਰਹੀਆਂ ਹਨ। ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ’ਚ ਦੇਰ ਰਾਤ ਪੈਟਰੋਲ ਪੰਪ ਲੁੱਟਣ ਆਏ ਲੁਟੇਰੇ ’ਤੇ ਗਾਰਡ ਨੇ ਗੋਲ਼ੀਆਂ ਚਲਾ ਦਿੱਤੀਆਂ। ਇਸ ਦੌਰਾਨ ਛਾਤੀ ’ਚ ਗੋਲ਼ੀ ਲੱਗਣ ਕਾਰਣ ਇਕ ਲੁਟੇਰੇ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਇਕ ਮੋਟਰਸਾਈਕਲ ਸਵਾਰ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ। ਇਸ ਵਾਰਦਾਤ ਦੀ ਸੀ. ਸੀ. ਟੀ. ਵੀ. ਫੁਟੇਜ ਵੀ ਸਾਹਮਣੇ ਆਈ ਹੈ।
ਮਿਲੀ ਜਾਣਕਾਰੀ ਮੁਤਾਬਕ ਮੌਤ ਤੋਂ ਪਹਿਲਾਂ ਲੁਟੇਰੇ ਨੇ ਪੈਟਰੋਲ ਪੰਪ ਦੇ ਮੁਲਾਜ਼ਮ ਨੂੰ ਲੁੱਟ ਲਿਆ ਸੀ ਅਤੇ ਦੂਜੇ ਨੂੰ ਪਿਸਤੌਲ ਦਿਖਾ ਕੇ ਲੁੱਟਣ ਦੀ ਕੋਸ਼ਿਸ਼ ਕਰ ਰਿਹਾ ਸੀ। ਇਸ ਦੌਰਾਨ ਪੈਟਰੋਲ ਪੰਪ ’ਤੇ ਮੌਜੂਦ ਗਾਰਡ ਤੇਜ਼ੀ ਨਾਲ ਅੱਗੇ ਆਇਆ ਅਤੇ ਲੁਟੇਰੇ ’ਤੇ ਗੋਲ਼ੀਆਂ ਚਲਾ ਦਿੱਤੀਆਂ, ਇਸ ਦੌਰਾਨ ਇਕ ਗੋਲ਼ੀ ਲੁਟੇਰੇ ਦੀ ਛਾਤੀ ਵਿਚ ਜਾ ਲੱਗੀ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਘਟਨਾ ਤੋਂ ਬਾਅਦ ਪੁਲਿਸ ਵੀ ਮੌਕੇ ’ਤੇ ਪਹੁੰਚ ਗਈ ਅਤੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਖਡੂਰ ਸਾਹਿਬ ਥਾਣੇ ਅਧੀਨ ਪੈਂਦੇ ਪਿੰਡ ਦਾਰਾ ਪੁਰ ਦੇ ਰਹਿਣ ਵਾਲੇ ਅਮਰਜੀਤ ਸਿੰਘ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਘਟਨਾ ਤੋਂ ਬਾਅਦ ਦੂਜਾ ਲੁਟੇਰਾ ਮੌਕੇ ਤੋਂ ਫਰਾਰ ਹੋ ਗਿਆ। ਪੁਲਿਸ ਨੇ ਮ੍ਰਿਤਕ ਦੇ ਕਬਜ਼ੇ ’ਚੋਂ ਇਕ ਪਿਸਤੌਲ ਵੀ ਬਰਾਮਦ ਕੀਤਾ ਹੈ। ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਇਥੇ ਇਹ ਵੀ ਖਾਸ ਤੌਰ ’ਤੇ ਦੱਸਣਯੋਗ ਹੈ ਕਿ ਜੰਡਿਆਲਾ ਗੁਰੂ ਦੇ ਇਸ ਪੈਟਰੋਲ ਪੰਪ ’ਤੇ ਪਹਿਲਾਂ ਵੀ ਲੁਟੇਰੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਸਨ, ਜਿਸ ਵਿਚ ਲੁਟੇਰੇ ਇਥੋਂ 90 ਹਜ਼ਾਰ ਰੁਪਏ ਦੀ ਰਕਮ ਲੁੱਟ ਕੇ ਲੈ ਗਏ ਸਨ।