
ਮੁਲਜ਼ਮ ਗੁਰਦੀਪ ਸਿੰਘ ਉਰਫ਼ ਸੰਨੀ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਵਜੋਂ ਸੀ ਤਾਇਨਾਤ
Chandigarh News : ਪੰਜਾਬ ਵਿਜੀਲੈਂਸ ਬਿਊਰੋ ਨੇ ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਨਗਰ ਨਿਗਮ ਲੁਧਿਆਣਾ ਦੇ ਡਾਟਾ ਐਂਟਰੀ ਆਪਰੇਟਰ ਗੁਰਦੀਪ ਸਿੰਘ ਉਰਫ਼ ਸੰਨੀ ਨੂੰ 10,000 ਰੁਪਏ ਦੀ ਰਿਸ਼ਵਤ ਲੈੰਦਿਆਂ ਰੰਗੇ ਹੱਥੀਂ ਕਾਬੂ ਕੀਤਾ ਹੈ।
ਵਿਜੀਲੈਂਸ ਬਿਊਰੋ ਦੇ ਇੱਕ ਸਰਕਾਰੀ ਬੁਲਾਰੇ ਦੇ ਅਨੁਸਾਰ ਉਕਤ ਮੁਲਜ਼ਮ ਦੀ ਇਹ ਗ੍ਰਿਫਤਾਰੀ ਹਾਲ ਹੀ ਵਿੱਚ ਹੋਈਆਂ ਪੰਚਾਇਤੀ ਚੋਣਾਂ ਵਿੱਚ ਪਿੰਡ ਸ਼ਾਂਤੀ ਵਿਹਾਰ, ਭਾਮੀਆਂ ਕਲਾਂ ਤੋਂ ਸਰਪੰਚ ਦੇ ਅਹੁਦੇ ਲਈ ਖੜ੍ਹੇ ਉਮੀਦਵਾਰ ਅਤੇ ਜੀਟੀਬੀ ਨਗਰ, ਲੁਧਿਆਣਾ ਦੇ ਵਸਨੀਕ ਅਮਨਦੀਪ ਸਿੰਘ ਚੰਡੋਕ ਵੱਲੋਂ ਦਰਜ ਕਰਵਾਈ ਗਈ ਇੱਕ ਸ਼ਿਕਾਇਤ ਤੋਂ ਬਾਅਦ ਕੀਤੀ ਗਈ ਹੈ।
ਉਸਨੇ ਦੱਸਿਆ ਕਿ ਇੱਕ ਜਾਇਦਾਦ ਸਲਾਹਕਾਰ ਅਤੇ ਬਿਲਡਰ ਚੰਡੋਕ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਾਇਆ ਹੈ ਕਿ ਉਕਤ ਗੁਰਦੀਪ ਸਿੰਘ ਇਸ ਚੋਣ ਦੇ ਨਾਮਜ਼ਦ ਅਧਿਕਾਰੀ ਵਜੋਂ ਰਿਸ਼ਵਤ ਦੀ ਮੰਗ ਕੀਤੀ ਸੀ ਅਤੇ ਮੁਲਜ਼ਮ ਨੇ ਰਿਟਰਨਿੰਗ ਅਫਸਰ ਨਾਲ ਕੰਮ ਕਰਨ ਦਾ ਦਾਅਵਾ ਕੀਤਾ ਸੀ। ਗੁਰਦੀਪ ਸਿੰਘ ਨੇ ਕਿਹਾ ਸੀ ਕਿ ਸ਼ਿਕਾਇਤਕਰਤਾ ਦੇ ਨਾਮਜ਼ਦਗੀ ਪੱਤਰਾਂ ਵਿਚ ਕੁਝ ਕਮੀਆਂ ਸਨ ਜਿਨ੍ਹਾਂ ਨੂੰ 10,000 ਰੁਪਏ ਦੀ ਰਿਸ਼ਵਤ ਦੇਣ ਤੇ ਨਜ਼ਰਅੰਦਾਜ਼ ਕੀਤਾ ਜਾ ਸਕਦਾ ਹੈ ਪਰ ਜ਼ੋਰ ਪਾਉਣ ਤੋਂ ਬਾਅਦ ਗੁਰਦੀਪ ਸਿੰਘ 5,000 ਰੁਪਏ ਦੀ ਰਿਸ਼ਵਤ ਲੈਣ ਲਈ ਰਾਜ਼ੀ ਹੋ ਗਿਆ। ਉਸ ਤੋਂ ਬਾਅਦ ਪੰਚਾਇਤ ਮੈਂਬਰਾਂ ਵਜੋਂ ਚੋਣ ਲੜ ਰਹੀ ਉਸਦੀ ਟੀਮ ਦੀਆਂ ਨਾਮਜ਼ਦਗੀ ਫਾਈਲਾਂ ਜਮ੍ਹਾਂ ਕਰਾਉਣ ਬਦਲੇ 10,000 ਰੁਪਏ ਹੋਰ ਦੇਣ ਦੀ ਮੰਗ ਕੀਤੀ।
ਸ਼ਿਕਾਇਤਕਰਤਾ ਨੇ ਅੱਗੇ ਖੁਲਾਸਾ ਕੀਤਾ ਕਿ ਗੁਰਦੀਪ ਸਿੰਘ ਨੇ ਉਸ ਦੀ ਚੋਣ ਜਿੱਤ ਯਕੀਨੀ ਬਣਾਉਣ ਲਈ 50,000 ਰੁਪਏ ਹੋਰ ਦੀ ਰਿਸ਼ਵਤ ਮੰਗੀ ਸੀ। ਹੁਣ ਚੋਣਾਂ ਤੋਂ ਬਾਅਦ ਵੀ ਉਕਤ ਦੋਸ਼ੀ ਆਪਣੇ ਮੋਬਾਈਲ ਫੋਨ ਤੋਂ ਸ਼ਿਕਾਇਤਕਰਤਾ ਨੂੰ ਕਾਲ ਕਰਕੇ ਰਿਸ਼ਵਤ ਦੇ ਪੈਸੇ ਮੰਗ ਰਿਹਾ ਸੀ ਪਰ ਸ਼ਿਕਾਇਤਕਰਤਾ ਨੇ ਕਾਲ ਰਿਕਾਰਡਿੰਗ ਕਰਕੇ ਸਬੂਤ ਵਿਜੀਲੈਂਸ ਬਿਊਰੋ ਨੂੰ ਮੁਹੱਈਆ ਕਰਵਾਏ ਦਿੱਤੇ ਜਿਸ ਨਾਲ ਤੇਜ਼ ਜਾਂਚ ਕਰਕੇ ਜਾਲ ਵਿਛਾਉਣ ਲਈ ਇੱਕ ਟੀਮ ਦਾ ਗਠਨ ਕੀਤਾ ਗਿਆ।
ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਬਿਊਰੋ ਦੀ ਇੱਕ ਟੀਮ ਨੇ ਗੁਰਦੀਪ ਸਿੰਘ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸ਼ਿਕਾਇਤਕਰਤਾ ਤੋਂ 10000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਸਫਲਤਾਪੂਰਵਕ ਕਾਬੂ ਕਰ ਲਿਆ। ਉਕਤ ਮੁਲਜ਼ਮ ਖਿਲਾਫ ਵਿਜੀਲੈਂਸ ਬਿਓਰੋ ਦੇ ਥਾਣਾ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਮੁਕੱਦਮਾ ਦਰਜ ਕਰ ਲਿਆ ਗਿਆ ਹੈ ਅਤੇ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।
(For more news apart from Vigilance caught employee Ludhiana Municipal Corporation red-handed accepting bribe10000 rupees panchayat election candidate News in Punjabi, stay tuned to Rozana Spokesman)