
ਮੋਬਾਈਲ ਚੋਰੀ ਦੇ ਦੋਸ਼ ਤੇ ਧਮਕੀਆਂ ਕਾਰਨ ਮੁੰਡੇ ਨੇ ਕੀਤੀ ਖ਼ੁਦਕੁਸ਼ੀ
ਸੰਗਰੂਰ/ਲਹਿਰਾਗਾਗਾ, 30 ਦਸੰਬਰ (ਭੁੱਲਰ) : ਨੇੜਲੇ ਪਿੰਡ ਡਸਕਾ ਦੇ 14 ਸਾਲਾ ਬੱਚੇ ਵੱਲੋਂ ਗਲ ਫਾਹਾ ਲੈ ਕੇ ਖ਼ੁਦਕੁਸ਼ੀ ਕਰਨ ਦੀ ਖ਼ਬਰ ਮਿਲੀ ਹੈ | ਥਾਣਾ ਲਹਿਰਾ ਮੁਖੀ ਇੰਸਪੈਕਟਰ ਵਿਜੈਪਾਲ ਮੁਤਾਬਕ ਬਲਜੀਤ ਸਿੰਘ ਵਾਸੀ ਡਸਕਾ ਥਾਣਾ ਲਹਿਰਾ ਨੇ ਬਿਆਨ ਦਰਜ ਕਰਵਾਏ ਹਨ ਕਿ ਪਿੰਡ ਵਾਸੀ ਸਿਕੰਦਰ ਸਿੰਘ ਉਸ ਦੇ ਘਰ ਆਇਆ ਤੇ ਦੋਸ਼ ਲਾਏ ਸਨ ਕਿ ਉਸ ਦੇ ਪੁੱਤਰ ਗੁਰਵੀਰ ਸਿੰਘ ਨੇ ਉਹਦਾ ਮੋਬਾਈਲ ਫ਼ੋਨ ਚੋਰੀ ਕੀਤਾ ਹੈ | ਇਸ ਲਈ ਉਹ ਥਾਣੇ ਵਿਚ ਸ਼ਿਕਾਇਤ ਦੇਣ ਜਾ ਸਕਦਾ ਹੈ | ਬਲਜੀਤ ਸਿੰਘ ਮੁਤਾਬਕ ਜਦੋਂ ਉਸ ਨੇ ਪੁੱਤਰ ਗੁਰਵੀਰ ਨੂੁੰ ਪੁੱਛਿਆ ਤਾਂ ਮੁੰਡੇ ਨੇ ਕਿਹਾ ਸੀ ਕਿ ਇਹ ਫ਼ੋਨ ਕਿਸੇ ਹੋਰ ਤੋਂ ਲਿਆ ਹੈ | ਇਸ ਦੇ ਬਾਵਜੂਦ ਉਸ ਨੇ ਪੁੱਤਰ ਗੁਰਵੀਰ ਤੋਂ ਫ਼ੋਨ ਲੈ ਕੇ ਸਿਕੰਦਰ ਸਿੰਘ ਨੂੰ ਦੇ ਦਿਤਾ ਸੀ |
ਸ਼ਿਕਾਇਤਕਰਤਾ ਮੁਤਾਬਕ ਕੁਝ ਸਮੇਂ ਬਾਅਦ ਪੁੱਤਰ ਗੁਰਵੀਰ ਘਰੋਂ ਚਲਾ ਗਿਆ ਤੇ ਜਦੋਂ ਵਾਪਸ ਆਇਆ ਤਾਂ ਕਹਿਣ ਲਗਿਆ ਕਿ ਸਿਕੰਦਰ ਸਿੰਘ ਧਮਕੀਆਂ ਦੇ ਰਿਹਾ ਹੈ | ਪਰੇਸ਼ਾਨ ਹਾਲਤ ਵਿਚ ਗੁਰਵੀਰ ਸਿੰਘ ਬਾਹਰ ਚਲਾ ਗਿਆ ਤੇ ਵਾਪਸ ਨਹੀਂ ਆਇਆ ਸੀ ਤੇ ਨਾ ਕਿਤੇ ਲੱਭਿਆ ਸੀ | ਫੇਰ ਉਨ੍ਹਾਂ ਨੂੰ ਪਤਾ ਲਗਿਆ ਸੀ ਕਿ ਟੈਲੀਫ਼ੋਨ ਟਾਵਰ ਲਾਗਿਉਂ ਬਦਬੂ ਆ ਰਹੀ ਹੈ, ਜਦੋਂ ਉਥੇ ਗਏ ਤਾਂ ਵੇਖਿਆ ਕਿ ਪੁੱਤਰ ਗੁਰਵੀਰ ਨੇ ਗਲ ਵਿਚ ਰੱਸੀ ਪਾ ਕੇ ਟਾਵਰ ਵਾਲੇ ਕਮਰੇ ਵਿਚ ਜੀਵਨ ਲੀਲ੍ਹਾ ਖ਼ਤਮ ਕਰ ਲਈ ਹੋਈ ਸੀ | ਇਸ ਕੇਸ ਸਬੰਧੀ ਲਹਿਰਾ ਪੁਲਿਸ ਨੇ ਸਿਕੰਦਰ ਸਿੰਘ ਵਿਰੁਧ 306 ਧਾਰਾ ਤਹਿਤ ਪਰਚਾ ਦਰਜ ਕੀਤਾ ਹੈ, ਮੁਲਜ਼ਮ ਸਿਕੰਦਰ ਦੀ ਗਿ੍ਫਤਾਰੀ ਹੋਣੀ ਬਾਕੀ ਹੈ | ਦੂਜੇ ਪਾਸੇ ਦੇਹ ਦਾ ਪੋਸਟਮਾਰਟਮ ਕਰਵਾਉਣ ਪਿਛੋਂ ਵਾਰਸਾਂ ਨੂੰ ਸੌਾਪ ਦਿਤੀ ਗਈ ਹੈ |