
ਫ਼ੂਡ ਤੇ ਡਰੱਗ ਅਥਾਰਟੀ ਵਲੋਂ ਬਠਿੰਡਾ ਦੇ ਬਲੱਡ ਬੈਂਕ ਦਾ ਲਾਇਸੰਸ ਮੁਅੱਤਲ
ਬਠਿੰਡਾ, 30 ਦਸੰਬਰ (ਸੁਖਜਿੰਦਰ ਮਾਨ): ਪਿਛਲੇ ਦੋ ਮਹੀਨਿਆਂ ਤੋਂ ਥੈਲੇਸੀਮੀਆ ਪੀੜਤ ਬੱਚਿਆਂ ਨੂੰ ਏਡਜ਼ ਰੋਗੀਆਂ ਦਾ ਖ਼ੂਨ ਚੜਾਉਣ ਦੇ ਮਾਮਲੇ ਵਿਚ ਚਰਚਾ ਦਾ ਕੇਂਦਰ ਬਿੰਦੂ ਬਣੇ ਸਥਾਨਕ ਸਿਵਲ ਹਸਪਤਾਲ ’ਚ ਸਥਿਤ ਬਲੱਡ ਬੈਂਕ ਦਾ ਹੁਣ ਐਫ਼ਡੀਏ (ਫ਼ੂਡ ਤੇ ਡਰੱਗ ਐਡਮਸਿਟਰੇਸ਼ਨ) ਵਲੋਂ ਲਾਇਸੰਸ ਮੁਅੱਤਲ ਕਰ ਦਿਤਾ ਗਿਆ ਹੈ। ਇਸ ਇਸ ਬਲੱਡ ਬੈਂਕ ਵਿਚ ਦੋ ਹਫ਼ਤਿਆਂ ਲਈ ਖ਼ੂਨ ਇਕੱਤਰ ਨਹੀਂ ਕੀਤਾ ਜਾ ਸਕੇਗਾ, ਹਾਲਾਂਕਿ ਬੈਂਕ ਕੋਲ ਮੌਜੂਦ ਖ਼ੂਨ ਨੂੰ ਜ਼ਰੂਰਤ ਵਾਲਿਆਂ ਨੂੰ ਦਿਤਾ ਜਾ ਸਕਦਾ ਹੈ। ਇਹ ਪਹਿਲੀ ਵਾਰ ਹੈ ਕਿ ਪੂਰੇ ਦੇਸ਼ ’ਚ ਖ਼ੂਨਦਾਨੀਆਂ ਦੇ ਸ਼ਹਿਰ ਵਜੋਂ ਮਸ਼ਹੂਰ ਬਠਿੰਡਾ ਦੇ ਬਲੱਡ ਬੈਂਕ ਦਾ ਲਾਇਸੰਸ ਮੁਅੱਤਲ ਕੀਤਾ ਗਿਆ ਹੋਵੇ।
ਸਿਵਲ ਹਸਪਤਾਲ ਦੇ ਐਸ.ਐਮ.ਓ ਡਾ ਮਨਿੰਦਰ ਸਿੰਘ ਨੇ ਇਸ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਮਾਮਲੇ ’ਚ ਉਚ ਅਧਿਕਾਰੀਆਂ ਦੇ ਦਿਸ਼ਾ-ਨਿਰਦੇਸ਼ਾਂ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ। ਦਸਣਾ ਬਣਦਾ ਹੈ ਕਿ ਲੰਘੀ 3 ਦਸੰਬਰ ਨੂੰ ਐਫ਼ਡੀਏ ਵਲੋਂ ਹਸਪਤਾਲ ਦੇ ਐਸ.ਐਮ.ਓ ਅਤੇ ਬਲੱਡ ਬੈਂਕ ਦੇ ਇੰਚਾਰਜ ਨੂੰ ਨੋਟਿਸ ਜਾਰੀ ਕਰ ਕੇ ਜਵਾਬਤਲਬੀ ਕੀਤੀ ਸੀ। ਦਸਣਾ ਬਣਦਾ ਹੈ ਕਿ ਬਲੱਡ ਬੈਂਕ ਦੀ ਰਜਿਸਟੇਰਸਨ ਫ਼ੂਡ ਡਰੱਗ ਐਕਟ ਅਧੀਨ ਹੁੰਦੀ ਹੈ। ਗੌਰਤਲਬ ਹੈ ਕਿ ਥੈਲੇਸੀਅਮ ਪੀੜਤ ਬੱਚਿਆਂ ਨੂੰ ਦੂਸਿਤ ਖ਼ੂਨ ਚੜਾਉਣ ਦੇ ਮਾਮਲੇ ਵਿਚ ਕਾਨੂੰਨੀ ਸੇਵਾਵਾਂ ਅਥਾਰਟੀ ਵਲੋਂ ਹਾਈ ਕੋਰਟ ’ਚ ਜਨਹਿਤ ਪਿਟੀਸ਼ਨ ਦਾਈਰ ਕਰਨ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਵੀ ਮਾਮਲੇ ਦੀ ਜਾਂਚ ਵਿਜੀਲੈਂਸ ਹਵਾਲੇ ਕੀਤੀ ਜਾ ਚੁੱਕੀ ਹੈ।
ਉਂਜ ਇਸਤੋਂ ਪਹਿਲਾਂ ਹੀ ਬਾਲ ਭਲਾਈ ਕਮਿਸ਼ਨ ਤੋਂ ਇਲਾਵਾ ਪੰਜਾਬ ਸਰਕਾਰ ਵਲੋਂ ਸਿਹਤ ਵਿਭਾਗ ਦੀ ਅੰਦਰੂਨੀ ਪੜਤਾਲ ਦੌਰਾਨ ਬਲੱਡ ਬੈਂਕ ਦੀ ਤਤਕਾਲੀ ਇੰਚਾਰਜ਼ ਡਾ. ਕ੍ਰਿਸ਼ਮਾ ਗੋਇਲ ਸਹਿਤ ਚਾਰ ਲੈਬ ਟੈਕਨੀਸੀਅਨਾਂ ਨੂੰ ਨੌਕਰੀਓ ਬਰਖ਼ਾਸਤ ਕੀਤਾ ਜਾ ਚੁੱਕਾ ਹੈ, ਜਦੋਂਕਿ ਇੱਕ ਹੋਰ ਸੀਨੀਅਰ ਮੈਡੀਕਲ ਲੈਬ ਟੈਕਨੀਸੀਅਨ ਅਤੇ ਲੈਬ ਟੈਕਸੀਨੀਅਨ ਰਿਚਾ ਗੋਇਲ ਵਿਰੁਧ ਫ਼ੌਜਦਾਰੀ ਪਰਚਾ ਵੀ ਦਰਜ ਕੀਤਾ ਗਿਆ ਹੈ। ਡਰੱਗਜ਼ ਇੰਸਪੈਕਟਰ ਗੁਣਦੀਪ ਬਾਂਸਲ ਨੇ ਦਸਿਆ ਕਿ ‘‘ਮੁਅੱਤਲੀ ਸਮੇਂ ਦੌਰਾਨ ਬਲੱਡ ਬੈਂਕ ਵਲੋਂ ਖ਼ੂਨ ਲਿਆ ਨਹੀਂ ਜਾ ਸਕੇਗਾ, ਸਿਰਫ਼ ਬੈਂਕ ਕੋਲ ਮੌਜੂਦ ਖ਼ੂਨ ਦੇ ਸਟਾਕ ਨੂੰ ਖ਼ਰਾਬ ਹੋਣ ਤੋਂ ਬਚਾਉਣ ਲਈ ਜ਼ਰੂਰਤਮੰਦਾਂ ਨੂੰ ਦੇਣ ਦੀ ਇਜਾਜ਼ਤ ਦਿਤੀ ਗਈ ਹੈ।’’ ਉਨ੍ਹਾਂ ਦਸਿਆ ਕਿ ਮੁਅੱਤਲੀ ਸਮੇਂ ਦੇ ਦੌਰਾਨ ਬੈਂਕ ਅਥਾਰਟੀ ਨੂੰ ਅਪਣੀਆਂ ਕਮੀਆਂ ਨੂੰ ਦੂਰ ਕਰਨਾ ਹੋਵੇਗਾ।