
ਫ਼ਿਰੋਜ਼ਪੁਰ, 27 ਜਨਵਰੀ (ਬਲਬੀਰ ਸਿੰਘ ਜੋਸਨ, ਹਰਜੀਤ ਸਿੰਘ ਲਾਹੌਰੀਆ) : ਸੀਆਈਏ ਸਟਾਫ ਫ਼ਿਰੋਜ਼ਪੁਰ ਨੇ ਦੋ ਤਸਕਰਾਂ ਨੂੰ ਛੇ ਕਿਲੋ ਅਫ਼ੀਮ ਸਮੇਤ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਹੈ। ਜ਼ਿਲ੍ਹਾ ਪੁਲਿਸ ਮੁਖੀ ਭੁਪਿੰਦਰ ਸਿੰਘ ਸਿੱਧੂ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦਸਿਆ ਕਿ ਬੀਤੇ ਦਿਨ ਗਣਤੰਤਰ ਦਿਵਸ ਕਰ ਕੇ ਕੀਤੀ ਗਈ ਸੁਰੱਖਿਆ ਦੇ ਮੱਦੇਨਜ਼ਰ ਐਸ.ਪੀ (ਡੀ) ਅਜਮੇਰ ਸਿੰਘ ਬਾਠ ਅਤੇ ਡੀ.ਐਸ.ਪੀ (ਡੀ) ਭੁਪਿੰਦਰ ਸਿੰਘ ਭੁੱਲਰ ਦੀ ਅਗਵਾਈ ਵਿੱਚ ਸੀ.ਆਈ.ਏ ਸਟਾਫ ਫ਼ਿਰੋਜ਼ਪੁਰ ਦੇ ਇੰਚਾਰਜ ਅਵਤਾਰ ਸਿੰਘ ਰਾਜਪਾਲ ਦੀ ਨਿਗਰਾਨੀ ਵਿਚ ਪੁਲਿਸ ਨੇ ਪੁਲ ਜੌੜੀਆਂ ਨਹਿਰਾਂ ਹੈੱਡ ਗੁਰਦਿੱਤੀ ਵਾਲਾ ਦੇ ਕੋਲ ਨਾਕੇਬੰਦੀ ਕੀਤੀ ਹੋਈ ਸੀ। ਇਸ ਦੌਰਾਨ ਪੁਲਿਸ ਨੇ ਦੋ ਵਿਅਕਤੀ ਨੂੰ ਰੋਕਿਆ ਜੋ ਇਕ ਮੋਟਰਸਾਈਕਲ ਹੀਰੋ ਹਾਂਡਾ ਸੀਡੀ ਡੀਲਕਸ 'ਤੇ ਸਵਾਰ ਹੋ ਕੇ ਕਿਤੇ ਜਾ ਰਹੇ ਸਨ। ਉਕਤ ਦੋਵਾਂ ਵਿਅਕਤੀਆਂ ਦੇ ਕਬਜ਼ੇ ਵਿਚੋਂ ਛੇ ਕਿਲੋ ਅਫੀਮ ਬਰਾਮਦ ਹੋਈ। ਤਲਾਸ਼ੀ ਦੌਰਾਨ ਇਹਨਾਂ ਪਾਸੋਂ 12 ਹਜ਼ਾਰ 500 ਰੁਪਏ ਦੀ ਨਕਦੀ ਵੀ ਬਰਾਮਦ ਹੋਈ ਹੈ।
ਅਫ਼ੀਮ ਸਮੇਤ ਫੜੇ ਗਏ ਦੋਵੇਂ ਤਸਕਰਾਂ ਦੀ ਪਛਾਣ ਹਰਬੰਸ ਸਿੰਘ ਪੁੱਤਰ ਬਲਦੇਵ ਸਿੰਘ ਅਤੇ ਬਲਦੇਵ ਸਿੰਘ ਪੁੱਤਰ ਜੀਤ ਸਿੰਘ ਵਾਸੀਅਨ ਨਵਾਂ ਗੁਰਦਿੱਤੀ ਵਾਲਾ ਥਾਣਾ ਮੱਲਾਂਵਾਲਾ ਵਜੋਂ ਹੋਈ ਹੈ ਅਤੇ ਅਤੇ ਇਹ ਦੋਵੇਂ ਪਿਉ-ਪੁੱਤਰ ਹਨ। ਪੁਲਿਸ ਨੇ ਦੱਸਿਆ ਕਿ ਉਕਤ ਦੋਵੇਂ ਤਸਕਰਾਂ ਦੇ ਵਿਰੁਧ ਐਨਡੀਪੀਐਸ ਐਕਟ ਤਹਿਤ ਮਾਮਲਾ ਦਰਜ ਕਰਕੇ ਮਾਣਯੋਗ ਅਦਾਲਤ ਵਿਚ ਪੇਸ਼ ਕਰ ਕੇ ਪੁਲਿਸ ਰੀਮਾਂਡ ਹਾਸਲ ਕਰ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ। ਇਸ ਮੌਕੇ ਪ੍ਰੈਸ ਕਾਨਫਰੰਸ ਵਿਚ ਐਸਪੀਡੀ ਅਜਮੇਰ ਸਿੰਘ, ਭੁਪਿੰਦਰ ਸਿੰਘ ਭੁੱਲਰ ਡੀਐਸਪੀ ਤੋਂ ਇਲਾਵਾ ਏਐਸਆਈ ਸੁਖਦਰਸ਼ਨ ਕੁਮਾਰ ਆਦਿ ਪੁਲਿਸ ਅਧਿਕਾਰੀ
ਹਾਜ਼ਰ ਸਨ।