
ਫ਼ਤਿਹਗੜ੍ਹ ਸਾਹਿਬ, 14 ਦਸੰਬਰ: (ਸੁਰਜੀਤ ਸਿੰਘ ਸਾਹੀ): ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਅਤੇ ਸੀਨੀਅਰ ਅਕਾਲੀ ਆਗੂ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਪਣੇ ਮੁਢਲੇ ਸਰੋਕਾਰਾਂ ਨਾਲ ਜੁੜਿਆ ਰਹਿ ਕੇ ਹੀ ਸਿਆਸੀ ਟੀਚੇ ਹਾਸਲ ਕਰ ਸਕਦਾ ਹੈ। ਉਨ੍ਹਾਂ ਕਿਹਾ ਕਿ ਇਸ ਪਾਰਟੀ ਦੀ ਸਥਾਪਨਾ 'ਗੁਰਮਤਿ ਦਾ ਪ੍ਰਚਾਰ' ਅਤੇ 'ਮਨਮਤਿ ਦਾ ਪ੍ਰਹਾਰ' ਅਤੇ ਖਾਲਸਾ ਪੰਥ ਦੇ ਧਾਰਮਿਕ, ਸਮਾਜਿਕ ਅਤੇ ਰਾਜਨੀਤਕ ਹਿੱਤਾਂ ਦੀ ਰਾਖੀ ਕਰਨ ਲਈ ਕੀਤੀ ਗਈ ਸੀ। ਜਥੇਦਾਰ ਪੰਜੋਲੀ ਨੇ ਸ਼੍ਰੋਮਣੀ ਅਕਾਲੀ ਦਲ ਦੇ ੯੭ਵੇਂ ਸਥਾਪਨਾ ਦਿਵਸ ਸਬੰਧੀ ਕਿਹਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਅੱਜ ਕੱਲ ਘੋਰ ਸੰਕਟ ਦੇ ਦੌਰ ਵਿਚੋਂ ਗੁਜ਼ਰ ਰਿਹਾ ਹੈ ਅਤੇ ਇਹ ਸਮੁੱਚੇ ਵਿਸ਼ਵ ਦੇ ਸਿੱਖਾਂ ਦੀ ਨੁਮਾਇੰਦਾ ਪਾਰਟੀ ਤੋਂ ਸੁੰਘੜ ਕੇ ਇੱਕ ਖੇਤਰੀ ਪਾਰਟੀ ਬਣ ਕੇ ਰਹਿ ਗਿਆ ਹੈ। ਉਨ੍ਹਾਂ ਕਿਹਾ ਕਿ ਇੱਕ ਖੇਤਰੀ ਸਿਆਸੀ ਪਾਰਟੀ ਵਜੋਂ ਵੀ ਪਿਛਲੀਆਂ ਵਿਧਾਨ ਸਭਾ ਦੀਆਂ ਚੋਣਾਂ ਵਿਚ ਇਸ ਦੀ ਕਾਰਗੁਜ਼ਾਰੀ ਬਹੁਤ ਹੀ ਨਿਰਾਸ਼ਾਜਨਕ ਰਹੀ ਹੈ ਜਦੋਂ ਇਹ ਸੂਬਾਈ ਵਿਧਾਨ ਸਭਾ ਵਿਚ ਮੁੱਖ ਵਿਰੋਧੀ ਧਿਰ ਵੀ ਨਹੀ ਬਣ ਸਕਿਆ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਇਹ ਮੰਦੀ ਹਾਲਤ ਇਸ ਕਰ ਕੇ ਹੋਈ ਹੈ ਕਿਉਂਕਿ ਇਸ ਨੇ ਆਪਣੀ ਮੂਲ ਸ਼ਕਤੀ ਦੇ ਸੋਮੇ 'ਸਿੱਖ ਪੰਥ' ਦੀ ਨੁਮਾਇੰਦਗੀ ਖੁਦ ਹੀ ਛੱਡ ਕੇ ਖਾਲਸਾ ਪੰਥ ਦੇ ਹਿੱਤਾਂ ਨਾਲ ਟਕਰਾਉਣ ਵਾਲੀਆਂ ਸ਼ਕਤੀਆਂ ਨਾਲ ਸਾਂਝਪਿਆਲੀ ਪਾ ਲਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੀ ਹਾਲਤ ਆਪਣੀਆਂ ਜੜ੍ਹਾਂ ਨਾਲੋਂ ਟੁੱਟੇ ਹੋਏ ਖੜਸੁੱਕ ਰੁੱਖ ਵਰਗੀ ਹੋ ਗਈ ਹੈ ਅਤੇ ਜੇ ਇਸ ਨੇ ਮੁੜ ਕੇ ਹਰਾ ਭਰਾ ਦਰਖਤ ਬਣਨਾ ਹੈ ਤਾਂ ਇਸ ਨੂੰ ਮੁੜ ਆਪਣੇ ਮੂਲ਼ ਸੋਮੇ ਨਾਲ ਜੁੜਣਾ ਪਵੇਗਾ। ਜਥੇਦਾਰ ਪੰਜੋਲੀ ਨੇ ਕਿਹਾ ਬਿਨਾਂ ਸ਼ੱਕ ਸ਼੍ਰੋਮਣੀ ਅਕਾਲੀ ਦਲ ਨੂੰ ਸਮੁੱਚੇ ਪੰਜਾਬ ਦੇ ਹਿੱਤਾਂ ਦਾ ਵੀ ਪਹਿਰੇਦਾਰ ਹੈ ਪਰ ਪੰਜਾਬੀਆਂ ਦੇ ਹਿੱਤਾਂ ਦੀ ਪਹਿਰੇਦਾਰੀ ਕਰਨ ਲਈ ਇਸ ਨੂੰ ਪੰਥਕ ਹਿੱਤਾਂ ਦੀ ਰਾਖੀ ਕਰਨਾ ਛੱਡਣ ਦੀ ਲੋੜ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਖਾਲਸਾ ਪੰਥ ਦੀ ਜਨਮ ਭੂਮੀ ਹੈ ਅਤੇ ਇਥੇ ਵਸਣ ਵਾਲੇ ਸਮੁੱਚੇ ਲੋਕਾਂ ਦੀ ਭਲਾਈ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਕਰਨਾ ਸ਼੍ਰੋਮਣੀ ਅਕਾਲੀ ਦਲ ਸਮੇਤ ਸਾਰੀਆਂ ਪੰਥਕ ਜਥੇਬੰਦੀਆਂ ਦਾ ਮੁੱਢਲਾ ਫਰਜ਼ ਹੈ, ਪਰ ਇਸ ਦਾ ਇਹ ਮਤਲਬ ਕਦਾਚਿੱਤ ਨਹੀਂ ਹੈ ਕਿ ਇਸ ਆੜ ਹੇਠ ਪੰਥਕ ਹਿੱਤਾਂ ਦੀ ਹੀ ਅਣਦੇਖੀ ਕਰ ਦਿੱਤੀ ਜਾਵੇ। ਜਥੇਦਾਰ ਪੰਜੋਲੀ ਨੇ ਕਿਹਾ ਹੈ ਕਿ ਜੇ ਅਕਾਲੀ ਦਲ ਨੇ ਆਪਣੇ ਸਮਾਜਿਕ, ਧਾਰਮਿਕ ਅਤੇ ਸਿਆਸੀ ਟੀਚੇ ਹਾਸਲ ਕਰਨੇ ਹਨ ਤਾਂ ਇਸ ਨੂੰ ਪੰਥ ਵਿਰੋਧੀ ਸ਼ਕਤੀਆਂ ਨਾਲੋਂ ਸਾਂਝ ਤੋੜ ਕੇ ਮੁੜ ਸਿੱਖਾਂ ਦੀ ਨੁਮਾਇੰਦਾ ਸਿਆਸੀ ਜਥੇਬੰਦੀ ਬਣਨਾ ਪਵੇਗਾ। ਉਹਨਾਂ ਅਜੋਕੀ ਅਕਾਲੀ ਲੀਡਰਸ਼ਿਪ ਨੂੰ ਸਲਾਹ ਦਿੱਤੀ ਕਿ ਖੇਰੂੰ-ਖੇਰੂੰ ਹੋਈ ਪਈ ਪੰਥਕ ਸ਼ਕਤੀ ਨੂੰ ਇੱਕ ਪਲੇਟਫਾਰਮ ਉੱਤੇ ਇਕੱਠਾ ਕਰਨ ਲਈ ਪੰਥਕ ਪ੍ਰੰਪਰਾਵਾਂ, ਸੰਸਥਾਵਾਂ ਅਤੇ ਜਥੇਬੰਦੀਆਂ ਨੂੰ ਮਜ਼ਬੂਤ ਕੀਤਾ ਜਾਵੇ। ਸ੍ਰੀ ਅਕਾਲ ਤਖਤ ਸਾਹਿਬ ਅਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਰਗੀਆਂ ਸਿਰਮੌਰ ਜਥੇਬੰਦੀਆਂ ਨੂੰ ਖੁਦਮੁਖਤਿਆਰ ਸੰਸਥਾਵਾਂ ਵਜੋਂ ਕੰਮ ਕਰਨ ਦਿੱਤਾ ਜਾਵੇ ਤਾਂ ਕਿ ਇਹਨਾਂ ਦੀ ਖੁੱਸੀ ਹੋਈ ਸਾਖ ਬਹਾਲ ਹੋ ਸਕੇ।