
ਚੰਡੀਗੜ੍ਹ, 19 ਫ਼ਰਵਰੀ (ਜੀ.ਸੀ. ਭਾਰਦਵਾਜ) : ਪਿਛਲੇ ਮੰਗਲਵਾਰ ਮੋਗਾ ਜ਼ਿਲ੍ਹੇ ਦੇ ਬਾਘਾ ਪੁਰਾਣਾ ਵਿਚ ਅਕਾਲੀ ਦਲ ਦੀ ਰੈਲੀ ਵਿਚ ਉਥੋਂ ਦੇ ਕਾਂਗਰਸੀ ਵਿਧਾਇਕ ਨੂੰ 'ਗੈਂਗਸਟਰ' ਕਹਿਣ ਅਤੇ ਉਸ ਨੂੰ ਸਰਗਨਾ ਗਰਦਾਨਣ 'ਤੇ ਭੜਕੇ ਸਾਬਕਾ ਮੰਤਰੀ ਅਤੇ ਚਾਰ ਵਾਰ ਕਾਂਗਰਸੀ ਵਿਧਾਇਕ ਰਹੇ ਸ. ਦਰਸ਼ਨ ਸਿੰਘ ਬਰਾੜ ਨੇ ਅੱਜ ਇਥੇ ਪ੍ਰੈੱਸ ਕਾਨਫ਼ਰੰਸ ਵਿਚ ਸੁਖਬੀਰ ਬਾਦਲ ਤੇ ਬਿਕਰਮ ਸਿੰਘ ਮਜੀਠੀਆ ਵਿਰੁਧ ਭੜਾਸ ਕੱਢੀ। ਮੀਡੀਆ ਸਾਹਮਣੇ ਅਕਾਲੀ ਨੇਤਾਵਾਂ ਵਿਸ਼ੇਸ਼ ਕਰ ਕੇ ਸੁਖਬੀਰ ਬਾਦਲ, ਬਿਕਰਮ ਮਜੀਠੀਆ ਤੇ ਹੋਰਾਂ ਵਿਰੁਧ ਨਸ਼ਾ ਤਸਕਰੀ ਕਰਨ, ਗੁੰਡਾਗਰਦੀ ਮਚਾਉਣ, ਬਹਿਬਲ ਕਲਾਂ ਤੇਬਰਗਾੜ੍ਹੀ ਵਿਚ ਪੁਲਿਸ ਵਧੀਕੀਆਂ ਅਤੇ ਹੋਰ ਗ਼ੈਰ ਕਾਨੂੰਨੀ ਕਾਰਵਾਈਆਂ ਤੇ ਧੱਕੇਸ਼ਾਹੀ ਦੀਆਂ ਮਿਸਾਲਾਂ ਦਿੰਦੇ ਹੋਏ ਬਰਾੜ ਨੇ ਕਿਹਾ ਕਿ ਇਨ੍ਹਾਂ ਅਕਾਲੀ ਨੇਤਾਵਾਂ ਦੀਆਂ ਵਧੀਕੀਆਂ ਦੇ ਸਬੂਤ ਇਕੱਠੇ ਕੀਤੇ ਜਾ ਰਹੇ ਹਨ ਅਤੇ ਛੇਤੀ ਹੀ ਹਾਈ ਕੋਰਟ ਵਿਚ ਕੇਸ ਦਾਖ਼ਲ ਕੀਤਾ ਜਾਵੇਗਾ। ਬਰਾੜ ਨਾਲ ਬੈਠੇ ਉਨ੍ਹਾਂ ਦੇ ਪੁੱਤਰ ਸ. ਕੰਵਲਜੀਤ ਸਿੰਘ ਬਰਾੜ ਜੋ ਪ੍ਰਦੇਸ਼ ਕਾਂਗਰਸ ਕਮੇਟੀ ਦੇ ਬੁਲਾਰੇ ਵੀ ਹਨ, ਨੇ ਅਕਾਲੀ ਲੀਡਰਾਂ ਨੂੰ ਵੰਗਾਰਦਿਆਂ ਕਿਹਾ ਕਿ ਮੌੜਵਾਂ ਜਵਾਬ ਦਿਤਾ ਜਾਵੇਗਾ। ਜ਼ਿਕਰਯੋਗ ਹੈ ਕਿ ਚਾਰ ਮਹੀਨੇ ਪਹਿਲਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰੀ ਰਿਹਾਇਸ਼ 'ਤੇ ਕਾਂਗਰਸੀ ਵਿਧਾਇਕਾਂ ਦੇ ਇਕ ਵੱਡੇ ਗਰੁਪ ਨੇ ਦੋਸ਼ੀ ਅਕਾਲੀ ਨੇਤਾਵਾਂ ਖ਼ਾਸ ਕਰ ਕੇ ਬਿਕਰਮ ਮਜੀਠੀਆ ਨੂੰ ਜੇਲ ਭੇਜਣ ਲਈ ਕਿਹਾ ਸੀ, ਦਰਸ਼ਨ ਸਿੰਘ ਬਰਾੜ ਵੀ ਉਸ ਗਰੁਪ 'ਚ ਸ਼ਾਮਲ ਸੀ।
ਇਸ ਸੀਨੀਅਰ ਵਿਧਾਇਕ ਨੇ ਸਪੱਸ਼ਟ ਕੀਤਾ ਕਿ ਉਹ ਦੁਬਾਰਾ ਵੀ ਮੁੱਖ ਮੰਤਰੀ ਨੂੰ ਮਿਲੇ ਸਨ ਅਤੇ ਬਾਘਾ ਪੁਰਾਣਾ ਦੀ ਰੈਲੀ ਵਿਚ ਸੁਖਬੀਰ ਬਾਦਲ ਵਲੋਂ ਉਸ 'ਤੇ ਲਗਾਏ ਦੋਸ਼ਾਂ ਤੇ ਵਰਤੀ ਗੰਦੀ ਭਾਸ਼ਾ ਦਾ ਜ਼ਿਕਰ ਮੁੱਖ ਮੰਤਰੀ ਕੋਲ ਕੀਤਾ ਸੀ। ਮਜੀਠੀਆ ਤੇ ਸੁਖਬੀਰ ਵਿਰੁਧ ਐਕਸ਼ਨ ਲੈਣ ਦੀ ਵੀ ਗੱਲ ਕੀਤੀ ਸੀ। ਦਰਸ਼ਨ ਸਿੰਘ ਬਰਾੜ ਅਤੇ ਕੰਵਲਜੀਤ ਸਿੰਘ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ 'ਤੇ ਇਹ ਵੀ ਦੋਸ਼ ਲਾਇਆ ਕਿ ਉਹ ਤੇ ਉਨ੍ਹਾਂ ਦਾ ਪਰਵਾਰ ਸ਼੍ਰੋਮਣੀ ਕਮੇਟੀ ਤੇ ਗੁਰਦਵਾਰਿਆਂ ਦੀ ਗੋਲਕ 'ਤੇ ਚੜ੍ਹਾਵੇ ਦੀ ਵੱਡੀ ਰਕਮ ਦੀ ਗ਼ਲਤ ਵਰਤੋਂ ਕਰਦੇ ਹਨ। ਇਨ੍ਹਾਂ ਕਾਂਗਰਸੀ ਨੇਤਾਵਾਂ ਨੇ ਵੱਡੇ ਬਾਦਲ ਅਤੇ ਸੁਖਬੀਰ ਬਾਦਲ ਨੂੰ ਤਾਹਨਾ ਮਾਰਦੇ ਹੋਏ ਕਿਹਾ ਕਿ ਉਹ ਪ੍ਰਧਾਨ ਮੰਤਰੀ ਤੇ ਵਿੱਤ ਮੰਤਰੀ ਅਰੁਣ ਜੇਤਲੀ ਕੋਲ ਪਹੁੰਚ ਕਰ ਕੇ ਦਰਬਾਰ ਸਾਹਿਬ ਤੇ ਹੋਰ ਗੁਰਦਵਾਰਿਆਂ 'ਚ ਵਰਤੀ ਜਾਂਦੀ ਲੰਗਰ ਰਸਦ 'ਤੇ ਲਾਇਆ ਜਾਂਦਾ ਜੀਐਸਟੀ ਮਾਫ਼ ਕਰਵਾ ਕੇ ਭਲੇ ਦਾ ਕੰਮ ਕਰਵਾ ਲੈਣ। ਉਨ੍ਹਾਂ ਇਹ ਵੀ ਇਸ਼ਾਰਾ ਕੀਤਾ ਕਿ ਬਾਘਾ ਪੁਰਾਣਾ ਵਿਚ ਛੇਤੀ ਹੀ ਇਕ ਕਾਂਗਰਸ ਰੈਲੀ ਕੀਤੀ ਜਾਵੇਗੀ ਜਿਸ ਵਿਚ ਮੁੱਖ ਮੰਤਰੀ ਤੇ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਕਾਲੀ ਦੋਸ਼ਾਂ ਦਾ ਮੁੰਹ-ਤੋੜ ਜਵਾਬ ਦੇਣਗੇ।