
ਚੰਡੀਗੜ੍ਹ, 5 ਮਾਰਚ (ਨੀਲ ਭਲਿੰਦਰ ਸਿੰਘ): ਆਮ ਆਦਮੀ ਪਾਰਟੀ (ਆਪ) ਨੇ ਅੱਜ ਦੋਸ਼ ਲਾਇਆ ਕਿ ਬਾਦਲ ਪ੍ਰਵਾਰ ਦੀਆਂ ਕੰਪਨੀਆਂ ਵਲੋਂ ਵੱਡੀ ਗਿਣਤੀ ਵਿਚ ਬਸਾਂ ਸਮੇਤ ਰੂਟ ਪਰਮਿਟ ਖ਼ਰੀਦੇ ਜਾਣ ਦਾ ਰੁਝਾਨ ਨਿਜੀ ਬੱਸ ਮਾਲਕਾਂ, ਡਰਾਈਵਰਾਂ-ਕੰਡਕਟਰਾਂ, ਟਰਾਂਸਪੋਰਟ ਦੇ ਖੇਤਰ ਵਿਚ ਅਪਣਾ ਭਵਿੱਖ ਤਲਾਸ਼ ਰਹੇ ਹਜ਼ਾਰਾਂ ਬੇਰੁਜ਼ਗਾਰਾਂ ਅਤੇ ਆਮ ਲੋਕਾਂ ਨੂੰ ਬੇਹੱਦ ਚਿੰਤਤ ਅਤੇ ਨਿਰਾਸ਼ ਕਰਨ ਵਾਲਾ ਰੁਝਾਨ ਹੈ।ਇਕ ਸਾਂਝੇ ਬਿਆਨ 'ਚ 'ਆਪ' ਆਗੂਆਂ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਕੋਲੋਂ ਇਸ ਮਾਮਲੇ 'ਚ ਤੁਰਤ ਨੋਟਿਸ ਲੈਣ ਦੀ ਮੰਗ ਕਰਦੇ ਹੋਏ ਜਿਥੇ ਬੱਸ ਰੂਟਾਂ ਸਬੰਧੀ ਅਦਾਲਤ ਦੇ ਪਿਛਲੇ ਹੁਕਮਾਂ ਨੂੰ ਲਾਗੂ ਕਰਨ ਲਈ ਕੈਪਟਨ ਸਰਕਾਰ 'ਤੇ ਕਾਨੂੰਨੀ ਦਬਾਅ ਵਧਾਉਣ ਦੀ ਮੰਗ ਕੀਤੀ, ਉਥੇ ਬਾਦਲ ਸਰਕਾਰ ਦੇ 10 ਸਾਲਾਂ ਸਮੇਤ ਹੁਣ ਤਕ ਜਾਰੀ ਹੋਏ ਨਵੇਂ ਬੱਸ ਪਰਮਿਟਾਂ ਅਤੇ ਰੂਟ ਵਧਾਉਣ ਲਈ ਨਿਯਮ-ਕਾਨੂੰਨ ਦੀ ਸਮੁੱਚੀ ਉਲੰਘਣਾ ਦੀ ਜਾਂਚ ਸੀਬੀਆਈ ਤੋਂ ਕਰਾਉਣ ਦੀ ਮੰਗ ਕੀਤੀ।
'ਆਪ' ਵਲੋਂ ਜ-ਰੀ ਸਾਂਝੇ ਪ੍ਰੈੱਸ ਬਿਆਨ ਰਾਹੀਂ ਪਾਰਟੀ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ, ਵਿਰੋਧੀ ਧਿਰ ਦੇ ਨੇਤਾ ਸੁਖਪਾਲ ਸਿੰਘ ਖਹਿਰਾ, ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਸੂਬਾ ਸਹਿ ਪ੍ਰਧਾਨ ਅਤੇ ਵਿਧਾਇਕ ਅਮਨ ਅਰੋੜਾ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਪ੍ਰਵਾਰ ਵਲੋਂ ਚਲਾਏ ਜਾ ਰਹੇ ਟਰਾਂਸਪੋਰਟ ਕਾਰੋਬਾਰ ਨੂੰ ਸੂਬੇ ਦੇ ਸਰਕਾਰੀ ਅਤੇ ਨਿਜੀ ਬੱਸ ਆਪਰੇਟਰਾਂ ਲਈ 'ਸ਼ਾਰਕ ਮੱਛੀ' ਦਸਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਘੇਰਿਆ।ਉਨ੍ਹਾਂ ਕਿਹਾ ਕਿ 'ਸ਼ਾਰਕ ਮੱਛੀ' ਦਾ ਰੂਪ ਧਾਰਨ ਕਰ ਚੁਕੀਆਂ ਬਾਦਲ ਪ੍ਰਵਾਰ ਦੀਆਂ ਟਰਾਂਸਪੋਰਟ ਕੰਪਨੀਆਂ ਵਲੋਂ ਅਕਾਲੀ-ਭਾਜਪਾ ਸਰਕਾਰ ਮੌਕੇ ਮਚਾਈ ਗਈ ਅੱਤ ਸਮਝ ਆਉਂਦੀ ਹੈ ਪਰ ਕੈਪਟਨ ਅਮਰਿੰਦਰ ਸਿੰਘ ਦੀ ਕਾਂਗਰਸ ਸਰਕਾਰ ਦੌਰਾਨ ਵੀ ਬਾਦਲ ਪਰਵਾਰ ਦਾ ਟਰਾਂਸਪੋਰਟ ਕਾਰੋਬਾਰ ਉਸੇ 'ਸਟਾਈਲ ਅਤੇ ਸਪੀਡ' ਨਾਲ ਕਿਵੇਂ ਵਧੀ ਜਾ ਰਿਹਾ ਹੈ?