
ਬਠਿੰਡਾ, 16
ਸਤੰਬਰ (ਸੁਖਜਿੰਦਰ ਮਾਨ) : ਬਾਦਲ ਪ੍ਰਵਾਰ ਦੀ ਦੂਜੀ ਪੀੜ੍ਹੀ ਦੇ ਸਿਆਸੀ ਸ਼ਰੀਕ ਮੰਨੇ
ਜਾਂਦੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਅੱਜ
ਪਹਿਲੀ ਵਾਰ ਬਠਿੰਡਾ ਸ਼ਹਿਰ 'ਚ ਇਕੋ-ਦਿਨ ਪੁੱਜੇ ਹੋਏ ਸਨ। ਇਕ ਦੂਜੇ ਵਿਰੁਧ ਲੋਕ ਸਭਾ ਦੀ
ਚੋਣ ਲੜ ਚੁੱਕੇ ਬਾਦਲ ਪ੍ਰਵਾਰ ਦੀ ਦੂਜੀ ਪੀੜ੍ਹੀ ਦੇ ਨੌਜਵਾਨਾਂ ਨੇ ਸ਼ਹਿਰ ਦੇ ਕੋਨਿਆਂ
ਤੋਂ ਇਕ-ਦੂਜੇ ਨੂੰ ਖ਼ੂਬ ਸਿਆਸੀ ਰਗੜੇ ਲਗਾਏ। ਦਸਣਾ ਬਣਦਾ ਹੈ ਕਿ ਬੀਬੀ ਬਾਦਲ ਕਈ ਦਿਨਾਂ
ਬਾਅਦ ਅਚਾਨਕ ਹੀ ਬੀਤੀ ਦੇਰ ਸ਼ਾਮ ਬਠਿੰਡਾ ਪੁੱਜੇ ਸਨ, ਜਿਥੇ ਅੱਜ ਉਨ੍ਹਾਂ ਸ਼ਹਿਰ ਦੇ ਕਈ
ਹਿੱਸਿਆ ਦਾ ਦੌਰਾ ਕੀਤਾ। ਇਸ ਦੌਰਾਨ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੀ ਅਪਣੇ
ਹਫ਼ਤਾਵਾਰੀ ਦੌਰੇ 'ਤੇ ਬਠਿੰਡਾ ਆਏ ਹੋਏ ਸਨ। ਇਸ ਦੌਰਾਨ ਦੋਵਾਂ ਮੰਤਰੀਆਂ ਨੇ ਅਪਣੇ
ਭਾਸ਼ਣਾਂ ਵਿਚ ਵੀ ਇਕ-ਦੂਜੇ ਨੂੰ ਖ਼ੂਬ ਨਿੰਦਿਆਂ ਕੀਤੀ। ਕੇਂਦਰੀ ਮੰਤਰੀ ਹਰਸਿਮਰਤ ਕੌਰ
ਬਾਦਲ ਸ਼ਹਿਰ 'ਚ ਗੁਜਰਦੀ ਬੀਕਾਨੇਰ ਰੇਲਵੇ ਲਾਈਨ ਹੇਠੋਂ ਬਣਨ ਵਾਲੇ ਜਮੀਨਦੋਜ਼ ਲਾਂਘੇ ਦਾ
ਜਾਇਜ਼ਾ ਲੈਣ ਪੁੱਜੇ ਹੋਏ ਸਨ।
ਬੀਬੀ ਬਾਦਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ
ਮਨਪ੍ਰੀਤ ਬਾਦਲ 'ਤੇ ਹਮਲੇ ਕਰਦਿਆਂ ਕਿਹਾ ਕਿ ''ਪਿਛਲੇ ਦਸ ਸਾਲਾਂ 'ਚ ਅਕਾਲੀ-ਭਾਜਪਾ
ਸਰਕਾਰ ਨੇ ਬਠਿੰਡਾ ਦੀ ਨੁਹਾਰ ਬਦਲ ਦਿਤੀ ਸੀ ਪਰ ਹੁਣ ਵਿਤ ਮੰਤਰੀ ਮਨਪ੍ਰੀਤ ਦੱਸਣ ਕਿ
ਪਿਛਲੇ 6 ਮਹੀਨਿਆਂ 'ਚ ਉਨ੍ਹਾਂ ਦੀ ਕੀ ਪ੍ਰਾਪਤੀ ਹੈ ਅਤੇ ਉਨ੍ਹਾਂ ਬਠਿੰਡਾ ਦੇ ਵਿਕਾਸ
ਵਾਸਤੇ ਕਿਹੜਾ ਕੰਮ ਕਰਵਾਇਆ ਹੈ। ਬੀਬੀ ਬਾਦਲ ਨੇ ਮਨਪ੍ਰੀਤ ਤੇ ਨਵਜੋਤ ਸਿੱਧੂ ਨੂੰ ਬੰਟੀ
ਤੇ ਬਬਲੀ ਦੀ ਜੋੜੀ ਕਰਾਰ ਦਿੰਦਿਆਂ ਦਾਅਵਾ ਕੀਤਾ ਕਿ ''ਇਨ੍ਹਾਂ ਦੋਵਾਂ ਦੀ ਮੁੱਖ ਮੰਤਰੀ
ਦੀ ਕੁਰਸੀ 'ਤੇ ਅੱਖ ਹੈ, ਜਿਸਦੇ ਚਲਦੇ ਇਹ ਕੈਪਟਨ ਨੂੰ ਕਮਜ਼ੋਰ ਕਰਨ 'ਤੇ ਤੁਲੇ ਹੋਏ
ਹਨ।''
ਇਸ ਤੋਂ ਇਲਾਵਾ ਬੀਬੀ ਨੇ ਮਨਪ੍ਰੀਤ ਨੂੰ ਸੱਭ ਤੋਂ ਨਿਕੰਮੇ ਵਿਤ ਮੰਤਰੀ ਦਾ
ਖਿਤਾਬ ਦਿੰਦਿਆਂ ਇਥੋਂ ਤਕ ਆਖ਼ ਦਿਤਾ ਕਿ '' ਅਕਾਲੀ ਸਰਕਾਰ ਦੌਰਾਨ ਵੀ ਸਰਕਾਰ ਨੂੰ ਭੁੰਜੇ
ਲਾਹ ਦਿਤਾ ਸੀ ਤੇ ਇਹੀ ਕੰਮ ਹੁਣ ਕਾਂਗਰਸ ਸਰਕਾਰ ਵਿਚ ਕਰ ਰਹੇ ਹਨ।''
ਇਸ ਮੌਕੇ ਉਨ੍ਹਾਂ ਨਾਲ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ ਸਹਿਤ ਸ਼ਹਿਰ ਦੇ ਪ੍ਰਮੁੱਖ ਆਗੂ ਹਾਜ਼ਰ ਸਨ।
ਉਧਰ
ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਬੀਬੀ ਬਾਦਲ ਦੇ ਲਗਾਏ ਦੋਸ਼ਾਂ ਦਾ ਜਵਾਬ ਦਿੰਦਿਆਂ
ਦਾਅਵਾ ਕੀਤਾ ਕਿ '' ਉਨ੍ਹਾਂ ਨੂੰ ਮਹਿਸੂਸ ਹੁੰਦਾ ਹੈ ਕਿ ਬੀਬੀ ਦੇ ਪਾਲਣ-ਪੋਸ਼ਣ ਜਾਂ ਫਿਰ
ਵਿਕਾਸ ਵਿਚ ਕੋਈ ਕਮੀ ਰਹਿ ਗਈ ਲਗਦੀ ਹੈ, ਜਿਸਦੇ ਚਲਦੇ ਉਨ੍ਹਾਂ ਵਿਚ ਤਮੀਜ਼ ਦੀ ਘਾਟ
ਮਹਿਸੂਸ ਹੁੰਦੀ ਹੈ।'' ਮਨਪ੍ਰੀਤ ਨੇ ਦਾਅਵਾ ਕੀਤਾ ਕਿ '' ਪਿਛਲੀ ਅਕਾਲੀ ਸਰਕਾਰ ਦੌਰਾਨ
ਇੰਨ੍ਹਾਂ ਨੂੰ ਉਸ ਦੇ ਨਾਲ ਇਸ ਕਰ ਕੇ ਰੰਜ ਸੀ ਕਿਉਂਕਿ ਉਹ ਨਾ ਆਪ ਖਾਂਦਾ ਸੀ ਤੇ ਨਾ ਹੀ
ਇਨ੍ਹਾਂ ਨੂੰ ਖਾਣ ਦਿੰਦਾ ਸੀ।''
ਵਿਤ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਵਿਕਾਸ ਲਈ
ਰੋਡਮੇਪ ਤਿਆਰ ਹੋ ਚੂੱਕਿਆ ਹੈ ਤੇ ਜਲਦੀ ਹੀ ਕੰਮ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਸਾਨਾਂ
ਦੀ ਕਰਜ਼ਾ ਮੁਆਫ਼ੀ ਦੇ ਮੁੱਦੇ 'ਤੇ ਮੁੜ ਅਪਣਾ ਵਾਅਦਾ ਦੁਹਰਾਉਂਦਿਆਂ ਕਿਹਾ ਕਿ '' ਬੀਤੇ ਕਲ
ਕੈਬਨਿਟ ਸਬ ਕਮੇਟੀ ਦੀ ਕਿਸਾਨ ਆਗੂਆਂ ਨਾਲ ਗੱਲਬਾਤ ਹੋਈ ਹੈ ਤੇ ਉਹ ਭਰੋਸਾ ਦਿਵਾਉਂਦੇ
ਹਨ ਕਿ ਕਣਕ ਦੀ ਬੀਜਾਈ ਤੋਂ ਪਹਿਲਾਂ-ਪਹਿਲਾਂ ਕਿਸਾਨਾਂ ਦਾ ਕਰਜ਼ ਮੁਆਫ਼ ਹੋ ਜਾਵੇਗਾ। ਸ਼ਹਿਰ
ਦੇ ਵਿਕਾਸ ਸਬੰਧੀ ਉਨ੍ਹਾਂ ਕਿਹਾ ਕਿ ਇਸ ਵਿੱਤੀ ਸਾਲ ਦੇ ਅੰਦਰ-ਅੰਦਰ ਲੋਕਾਂ ਨੂੰ ਖ਼ੁਦ
ਫ਼ਰਕ ਮਹਿਸੂਸ ਹੋਣਾ ਸ਼ੁਰੂ ਹੋ ਜਾਵੇਗਾ। ਮਨਪ੍ਰੀਤ ਨੇ ਸ਼ਹਿਰ ਵਿਚੋਂ ਜਲਦੀ ਹੀ ਬਰਸਾਤੀ
ਪਾਣੀ ਦੀ ਨਿਕਾਸੀ ਦਾ ਵੀ ਜਲਦੀ ਪ੍ਰਬੰਧ ਕਰਨ ਦਾ ਭਰੋਸਾ ਦਿਤਾ।
ਵਿਤ ਮੰਤਰੀ ਨੇ ਇਸ
ਤੋਂ ਪਹਿਲਾਂ ਸ਼ਹਿਰ ਦੇ ਕਈ ਖੇਤਰਾਂ ਦਾ ਦੌਰਾ ਕੀਤਾ। ਸਭ ਤੋਂ ਪਹਿਲਾਂ ਉਨ੍ਹਾਂ ਸਥਾਨਕ
ਬਰਨਾਲਾ ਬਾਈਪਾਸ 'ਤੇ ਸਥਿਤ ਵਿਸਕਰਮਾ ਮਾਰਕੀਟ ਗਏ ਤੇ ਉਸਤੋਂ ਬਾਅਦ ਉਹ ਪਰਸਰਾਮ ਨਗਰ,
ਸਿਵ ਕਲੌਨੀ, ਮਾਡਲ ਟਾਊਨ, ਗਣੈਸ਼ਾ ਬਸਤੀ ਅਤੇ ਬੰਗੀ ਨਗਰ ਆਦਿ ਵਿਚ ਗਏ। ਇਸ ਮੌਕੇ ਉਨ੍ਹਾਂ
ਨਾਲ ਅਰੁਣ ਵਧਾਵਨ, ਰਾਜਨ ਗਰਗ, ਬਲਰਾਜ ਪੱਕਾ, ਬਲਜਿੰਦਰ ਸਿੰਘ ਠੇਕੇਦਾਰ, ਮੋਹਨ ਝੂੰਬਾ,
ਹਰਪਾਲ ਬਾਜਵਾ ਆਦਿ ਆਗੂ ਹਾਜ਼ਰ ਸਨ।