
ਚੰਡੀਗੜ੍ਹ,
15 ਸਤੰਬਰ (ਜੀ.ਸੀ.ਭਾਰਦਵਾਜ): ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ
ਨੂੰ 6 ਮਹੀਨੇ ਹੋਣ 'ਤੇ ਵਿਰੋਧੀ ਧਿਰਾਂ ਅਕਾਲੀ, ਬੀਜੇਪੀ, 'ਆਪ', ਲੋਕ ਇਨਸਾਫ਼ ਪਾਰਟੀ
ਦੀ ਤਰਫ਼ੋਂ ਆਲੋਚਨਾ, ਭੰਡੀ ਪ੍ਰਚਾਰ ਅਤੇ ਮਾੜੀ ਕਾਰਗੁਜ਼ਾਰੀ ਦਾ ਰੌਲਾ ਲਗਾਤਾਰ ਪਾਇਆ ਜਾ
ਰਿਹਾ ਹੈ।
ਇਸੇ ਕੜੀ ਵਿਚ ਅੱਜ ਸੀਨੀਅਰ ਬੀਜੇਪੀ ਨੇਤਾ ਅਤੇ ਸਾਬਕਾ ਪ੍ਰਧਾਨ ਤੇ
ਸਾਬਕਾ ਮੰਤਰੀ ਮਨੋਰੰਜਨ ਕਾਲੀਆ ਨੇ ਕਾਂਗਰਸ ਵਲੋਂ ਚੋਣਾਂ ਸਮੇਂ ਕੀਤੇ ਵਾਅਦਿਆਂ ਦੀ
ਪੁਣਛਾਣ ਕਰਦੇ ਹੋਏ ਕਿਹਾ ਕਿ ਕੈਪਟਨ ਸਰਕਾਰ ਅਪਣੇ 6 ਮਹੀਨੇ ਦੇ ਕਾਰਜਕਾਲ ਵਿਚ ਹਰ ਫ਼ਰੰਟ
'ਤੇ ਫ਼ੇਲ੍ਹ ਹੋਈ ਹੈ ਅਤੇ ਇਕ ਵੀ ਇਕਰਾਰ 'ਤੇ ਖਰਾ ਨਹੀਂ ਉਤਰੀ। ਕਿਸਾਨੀ ਕਰਜ਼ੇ, ਵਿੱਤੀ
ਸੰਕਟ, ਬਜਟ ਪ੍ਰਬੰਧ, ਰੁਜ਼ਗਾਰ ਮੁਹਈਆ ਕਰਵਾਉਣੇ ਜਾਂ ਸਮਾਜ ਭਲਾਈ ਸਕੀਮਾਂ ਅਤੇ ਇਥੋਂ ਤਕ
ਕਿ ਸਰਕਾਰੀ ਕਰਮਚਾਰੀਆਂ ਨੂੰ ਮਾਸਿਕ ਤਨਖ਼ਾਹ ਦੇਣ ਵਿਚ ਵੀ ਇਹ ਸਰਕਾਰ ਫ਼ੇਲ੍ਹ ਹੋਈ ਹੈ।
ਮਨੋਰੰਜਨ
ਕਾਲੀਆ ਨੇ ਕਿਹਾ ਕਿ ਕੁਲ 72700 ਕਰੋੜ ਦੇ ਕਿਸਾਨੀ ਕਰਜ਼ੇ ਪੰਜਾਬ ਦੇ ਕਿਸਾਨਾਂ ਸਿਰ
ਚੜ੍ਹੇ ਹੋਏ ਹਨ, ਉਨ੍ਹਾਂ ਵਿਚੋਂ ਪਹਿਲਾਂ 35000 ਕਰੋੜ ਮਾਫ਼ ਕਰਨ ਦਾ ਵਾਅਦਾ ਕੀਤਾ ਫਿਰ
20,000 ਕਰੋੜ ਦੀ ਗੱਲ ਕੀਤੀ, ਵਿਧਾਨ ਸਭਾ ਵਿਚ ਮੁੱਖ ਮੰਤਰੀ ਨੇ ਐਲਾਨ ਕੀਤਾ, ਸਾਰੇ
ਕਿਸਾਨੀ ਕਰਜ਼ੇ ਮਾਫ਼ ਹੋਣਗੇ ਪਰ ਬਜਟ ਵਿਚ ਸਿਰਫ਼ 1500 ਕਰੋੜ ਰੱਖਿਆ ਅਤੇ ਹੁਣ ਤਕ ਧੇਲਾ
ਨਹੀਂ ਮਾਫ਼ ਕੀਤਾ। ਮਨੋਰੰਜਨ ਕਾਲੀਆ ਨੇ ਕਿਹਾ ਕਿ ਦੁਬਿਧਾ ਵਿਚ ਫਸੇ ਕਰਜ਼ੇ ਥੱਲੇ ਦਬੇ 225
ਕਿਸਾਨਾਂ ਨੇ ਪਿਛਲੇ 6 ਮਹੀਨਿਆਂ ਵਿਚ ਖ਼ੁਦਕੁਸ਼ੀ ਕੀਤੀ। ਬੀਜੇਪੀ ਨੇਤਾ ਨੇ ਕਿਹਾ ਕਿ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੂੰ ਬਜਟ ਪ੍ਰਬੰਧ ਕਰਨ ਦੀ ਸੋਝੀ ਨਹੀਂ ਹੈ ਅਤੇ
ਇਤਿਹਾਸ ਵਿਚ ਪਹਿਲੀ ਵਾਰ ਹੋਇਆ ਕਿ ਸਰਕਾਰੀ ਕਰਮਚਾਰੀਆਂ ਨੂੰ 15 ਤਰੀਕ ਤਕ ਪਿਛਲੇ ਮਹੀਨੇ
ਵਾਲੀ ਤਨਖ਼ਾਹ ਨਹੀਂ ਮਿਲੀ।
ਅਗਲਾ ਮਹੀਨਾ ਜਿਸ ਵਿਚ ਤਿਉਹਾਰ ਆਉਣੇ ਹਨ, ਸਿਰ 'ਤੇ ਫਿਰ ਖੜਾ ਹੈ।
ਕਾਲੀਆ
ਨੇ ਕਿਹਾ ਕਿ ਕਾਂਗਰਸ ਸਰਕਾਰ ਸੂਬੇ ਦੀ ਵਿੱਤੀ ਹਾਲਾਤ ਨੂੰ ਸੰਭਾਲਣ ਵਿਚ ਬੁਰੀ ਤਰ੍ਹਾਂ
ਨਾਕਾਮ ਹੋਈ ਹੈ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਦੌਰਾਨ ਸੂਬੇ ਨੂੰ
ਅਜਿਹੀ ਮਾੜੀ ਵਿੱਤੀ ਹਾਲਾਤ ਦਾ ਕਦੇ ਵੀ ਸਾਹਮਣਾ ਨਹੀਂ ਕਰਨਾ ਪਿਆ। ਉਨ੍ਹਾਂ ਕਿਹਾ ਕਿ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੁਣ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ
ਵਿੱਤ ਮੰਤਰੀ ਅਰੁਣ ਜੇਤਲੀ ਦੀਆਂ ਮਿੰਨਤਾਂ ਕਰ ਰਹੇ ਹਨ ਕਿ ਬਜਟ ਮੈਨੇਜਮੈਂਟ ਅਕਾਊਂਟ ਦੀ
ਵਰਤੋਂ ਕਰਨ ਦਿਤੀ ਜਾਵੇ। ਬੀਜੇਪੀ ਨੇਤਾ ਨੇ ਕਿਹਾ ਕਿ 14ਵੀਂ ਵਿਧਾਨ ਸਭਾ ਦੌਰਾਨ ਪੰਜਾਬ
ਕਾਂਗਰਸ ਦੇ ਮੌਜੂਦਾ ਪ੍ਰਧਾਨ ਅਤੇ ਉਸ ਵੇਲੇ ਦੇ ਵਿਰੋਧੀ ਧਿਰ ਨੇਤਾ ਸੁਨੀਲ ਜਾਖੜ ਰੇਤਾ
ਅਤੇ ਬਜਰੀ ਆਦਿ ਦੀਆਂ ਕੀਮਤਾਂ ਨੂੰ ਲੈ ਕੇ ਖੂਬ ਰੌਲਾ ਪਾਉਂਦੇ ਹਨ ਪਰ ਅੱਜ ਉਹ ਕਿਉਂ
ਚੁੱਪ ਨੇ ਜਦੋਂ ਰੇਤਾ ਬਜਰੀ ਦੀਆਂ ਕੀਮਤਾਂ ਅਕਾਲੀ ਭਾਜਪਾ ਸਰਕਾਰ ਦੇ ਕਾਰਜਕਾਲ ਤੋਂ
30-40 ਗੁਣਾਂ ਜ਼ਿਆਦਾ ਹੋ ਗਈਆਂ ਹਨ। ਉਨ੍ਹਾਂ ਕਿਹਾ ਕਿ ਕਿੰਨੀ ਸ਼ਰਮ ਦੀ ਗੱਲ ਹੈ ਕਿ
ਕਾਂਗਰਸ ਦੇ 11 ਵਿਧਾਇਕ ਰੇਤਾ ਬਜਰੀ ਦੇ ਧੰਦੇ ਨਾਲ ਜੁੜੇ ਹੋਣ ਦਾ ਸ਼ਰੇਆਮ ਪ੍ਰਗਟਾਵਾ
ਹੋਇਆ ਹੈ ਪਰ ਕਾਂਗਰਸ ਪਾਰਟੀ ਨੂੰ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਹਾ ਕਿ ਕੈਬਨਿਟ
ਮੰਤਰੀ ਨਵਜੋਤ ਸਿੰਘ ਸਿੱਧੂ ਵੀ ਇਸ ਵਿਸ਼ੇ 'ਤੇ ਖਾਮੋਸ਼ ਹਨ, ਜਿਹੜੇ ਅਕਾਲੀ ਭਾਜਪਾ ਸਰਕਾਰ
ਵੇਲੇ ਅਪਣੀ ਪਤਨੀ ਸਮੇਤ ਅਜਿਹੇ ਵਿਸ਼ੇ 'ਤੇ ਵੱਡੀਆਂ ਗੱਲਾਂ ਕਰਦੇ ਸਨ।
ਸਾਬਕਾ ਮੰਤਰੀ
ਨੇ ਕਿਹਾ ਕਿ ਕਾਂਗਰਸ ਨੇ ਸੂਬੇ ਵਿਚ 25 ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦੇਣ ਦੇ ਵਾਅਦੇ
ਤੋਂ ਵੀ ਟਾਲਾ ਵੱਟ ਲਿਆ ਹੈ ਅਤੇ ਨਿਜੀ ਕੰਪਨੀਆਂ ਦੇ ਰੁਜ਼ਗਾਰ ਮੇਲੇ ਲਗਵਾ ਕੇ ਲੋਕਾਂ ਨੂੰ
ਗੁੰਮਰਾਹ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਪਣੀ ਗੱਡੀ ਅਪਣਾ ਰੁਜ਼ਗਾਰ ਯੋਜਨਾ ਵੀ ਇਕ
ਧੋਖਾ ਸਾਬਤ ਹੋਈ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੇ ਯਤਨਾਂ ਸਦਕਾ ਆਈ ਸਕਿਲ
ਡਿਵੈਲਪਮੈਂਟ ਯੋਜਨਾ ਦੀ ਬਦੌਲਤ ਨੌਜਵਾਨਾਂ ਨੂੰ ਬੇਰੁਜ਼ਗਾਰੀ ਭੱਤਾ ਮਿਲਣਾ ਸ਼ੁਰੂ ਹੋਇਆ
ਹੈ, ਪਰ ਕੈਪਟਨ ਸਰਕਾਰ ਉਸ 'ਤੇ ਵੀ ਅਪਣੀ ਪਿੱਠ ਥਪਥਪਾਉਣ ਲੱਗੀ ਹੋਈ ਹੈ।
ਮਨੋਰੰਜਨ
ਕਾਲੀਆ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ
ਸਾਹਿਬ ਲੈ ਕੇ ਸਹੁੰ ਚੁਕੀ ਸੀ ਕਿ ਚਾਰ ਹਫ਼ਤਿਆਂ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰ ਦੇਵਾਂਗਾ
ਪਰ 6 ਮਹੀਨਿਆਂ ਦੌਰਾਨ ਉਸ ਸਹੁੰ ਦਾ ਵੀ ਕੋਈ ਅਸਰ ਸੂਬੇ ਵਿਚ ਦਿਖਾਈ ਨਹੀਂ ਦਿਤਾ।
ਅਤਿਵਾਦ ਨੂੰ ਖ਼ਤਮ ਕਰਨ ਵਾਲੇ ਕਾਂਗਰਸੀ ਮੁੱਖ ਮੰਤਰੀ ਬੇਅੰਤ ਸਿੰਘ ਦੇ ਪੋਤੇ ਨੂੰ 22
ਸਾਲਾਂ ਬਾਅਦ ਡੀ.ਐਸ.ਪੀ. ਦੇ ਅਹੁਦੇ 'ਤੇ ਨਿਵਾਜਣ ਦੀ ਸਿਫ਼ਤ ਕਰਦੇ ਹੋਏ ਮਨੋਰੰਜਨ ਕਾਲੀਆ
ਨੇ ਮੰਗ ਕੀਤੀ ਕਿ ਦਹਿਸ਼ਤਗਰਦੀ ਦੇ ਸਤਾਏ ਪਰਵਾਰਾਂ ਦੇ ਪੀੜਤਾਂ ਨੂੰ ਵੀ ਨੌਕਰੀ ਦਿਤੀ
ਜਾਵੇ।