
ਜਗਤਾਰ ਸਿੰਘ ਹਵਾਰਾ ਦਾ ਕੋਈ ਸਬੰਧ ਨਹੀਂ : ਤਾਰਾ
ਚੰਡੀਗੜ੍ਹ, 19 ਫ਼ਰਵਰੀ (ਨੀਲ ਭਲਿੰਦਰ ਸਿੰਘ): ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕੇਸ ਦੇ ਸਹਿ ਦੋਸ਼ੀ ਜਗਤਾਰ ਸਿੰਘ ਤਾਰਾ ਨੇ ਦਾਅਵਾ ਕੀਤਾ ਹੈ ਕਿ ਇਸ ਕੇਸ ਦਾ ਮਾਸਟਰ ਮਾਈਂਡ ਮਨੁੱਖੀ ਬੰਬ ਬਣਿਆ ਦਿਲਾਵਰ ਸਿੰਘ ਸੀ ਅਤੇ ਉਸ ਨੇ (ਤਾਰਾ ਨੇ) ਭਾਈ ਦਿਲਾਵਰ ਸਿੰਘ ਦੇ ਆਖੇ ਅਨੁਸਾਰ ਅਪਣਾ ਰੋਲ ਅਦਾ ਕੀਤਾ। ਭਾਈ ਜਗਤਾਰ ਸਿੰਘ ਹਵਾਰਾ ਦਾ ਇਸ ਸਾਜ਼ਿਸ਼ ਨਾਲ ਕੋਈ ਸਬੰਧ ਨਹੀਂ ਸੀ। ਇਹ ਪ੍ਰਗਟਾਵਾ ਉਨ੍ਹਾਂ ਅੱਜ ਮਾਡਲ ਜੇਲ ਬੁੜੈਲ (ਯੂਟੀ-ਚੰਡੀਗੜ੍ਹ) ਵਿਚ ਲੱਗੀ ਵਧੀਕ ਸੈਸ਼ਨ ਜੱਜ ਜੇ.ਐਸ. ਸਿੱਧੂ ਦੀ ਵਿਸ਼ੇਸ਼ ਅਦਾਲਤ ਵਿਚ ਸੁਣਵਾਈ ਦੌਰਾਨ ਕੀਤਾ ਹੈ। ਤਾਰਾ ਦੇ ਨਿੱਜੀ ਕਾਨੂੰਨੀ ਸਲਾਹਕਾਰ ਐਡਵੋਕੇਟ ਸਿਮਰਨਜੀਤ ਸਿੰਘ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਇਹ ਜਾਣਕਾਰੀ ਸਾਂਝੀ ਕਰਦੇ ਹੋਏ ਦਸਿਆ ਕਿ ਸੀ.ਬੀ.ਆਈ. ਦੇ ਵਕੀਲ ਵਲੋਂ ਤਾਰਾ ਨੂੰ ਸਵਾਲ (ਨੰਬਰ 156-157) ਪੁਛੇ ਗਏ, 'ਕੀ ਪਟਿਆਲਾ ਤੋਂ ਨਸੀਬ ਸਿੰਘ ਦੇ ਘਰੋਂ ਤੂੜੀ ਵਾਲੇ ਕੋਠੇ 'ਚੋਂ ਆਰ.ਡੀ.ਐਕਸ ਜਗਤਾਰ ਸਿੰਘ ਤਾਰਾ ਅਤੇ ਜਗਤਾਰ ਸਿੰਘ ਹਵਾਰਾ ਲੈ ਕੇ ਆਏ?, 'ਕੀ ਇਸ ਸਾਜ਼ਿਸ਼ ਦਾ ਮਾਸਟਰ ਮਾਈਂਡ ਜਗਤਾਰ ਸਿੰਘ ਹਵਾਰਾ ਸੀ। ਇਨ੍ਹਾਂ ਸਵਾਲਾਂ ਦੇ ਜਵਾਬ 'ਚ ਜਗਤਾਰ ਸਿੰਘ ਤਾਰਾ ਨੇ ਅੱਜ ਅਦਾਲਤ ਵਿਚ ਕਿਹਾ ਕਿ ਆਰਡੀਐਕਸ ਲਿਆਂਦਾ ਜ਼ਰੂਰ ਗਿਆ ਪਰ ਨਸੀਬ ਸਿੰਘ ਦੇ ਘਰੋਂ ਨਹੀਂ। ਜਵਾਬ ਜਾਰੀ ਰਖਦੇ ਹੋਏ ਤਾਰਾ ਨੇ ਕਿਹਾ, 'ਭਾਈ ਦਿਲਾਵਰ ਸਿੰਘ ਹੀ ਇਸ ਦਾ ਮਾਸਟਰ ਮਾਈਂਡ ਸੀ, ਮੈਂ (ਤਾਰਾ) ਤੇ ਬਲਵੰਤ ਸਿੰਘ ਰਾਜੋਆਣਾ ਇਸ ਦਾ ਹਿੱਸਾ ਸੀ, ਜਗਤਾਰ ਸਿੰਘ ਹਵਾਰਾ ਅਤੇ ਹੋਰਨਾਂ ਦਾ ਇਸ ਨਾਲ ਕੋਈ ਸਬੰਧ ਨਹੀਂ ਸੀ। ਅੱਜ ਦੀ ਸੁਣਵਾਈ ਸ਼ੁਰੂ ਹੋਣ ਮੌਕੇ ਸੀਬੀਆਈ ਵਕੀਲ ਵਲੋਂ ਧਾਰਾ 313 ਸੀ.ਆਰ.ਪੀ.ਸੀ. ਤਹਿਤ 162 ਸਵਾਲ ਪੁਛ ਕੇ ਅਦਾਲਤ ਨੂੰ ਕੇਸ ਨੂੰ ਬਹਿਸ ਲਈ ਰੱਖਣ ਲਈ ਕਿਹਾ।
ਜਿਸ ਉਪਰੰਤ ਜੱਜ ਵਲੋਂ ਤਾਰਾ ਨੂੰ ਧਾਰਾ 313 ਸੀ.ਆਰ.ਪੀ.ਸੀ. ਤਹਿਤ ਸਫ਼ਾਈ ਤੇ ਬਚਾਅ ਲਈ ਗਵਾਹੀਆਂ ਤੇ ਬਿਆਨ ਦੇਣ ਲਈ ਕਿਹਾ ਪਰ ਤਾਰਾ ਵਲੋਂ ਅਪਣੇ ਬਚਾਅ ਵਿਚ ਕੁੱਝ ਵੀ ਕਹਿਣ ਤੋਂ ਨਾਂਹ ਕਰ ਦਿਤੀ ਅਤੇ ਇਸ ਕੇਸ ਵਿਚ ਅਪਣੀ ਸ਼ਮੂਲੀਅਤ ਨੂੰ ਮੰਨ ਕੇ ਉਨ੍ਹਾਂ ਵਲੋਂ ਅਦਾਲਤ ਵਿਚ 25 ਜਨਵਰੀ 2018 ਨੂੰ ਦਿਤੇ ਗਏ ਪੱਤਰ (ਇਕਬਾਲੀਆ ਬਿਆਨ ਜਿਸ ਤਹਿਤ ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਦੀ ਹਤਿਆ ਬਾਰੇ ਅਪਣੇ ਕਬੂਲਨਾਮੇ 'ਤੇ ਬਰਕਾਰ ਰਹਿੰਦੇ ਹੋਏ ਤਾਰਾ ਵਲੋਂ ਕਿਹਾ ਗਿਆ ਕਿ ਉਨ੍ਹਾਂ ਨੇ ਦੋਖੀਆਂ ਨੂੰ ਸੋਧਣ ਵਾਲੀ ਸਿੱਖ ਪ੍ਰੰਪਰਾ ਤੋਂ ਪ੍ਰੇਰਿਤ ਹੋ ਕੇ ਇਸ ਹਤਿਆ ਕਾਂਡ ਨੂੰ ਅੰਜਾਮ ਦਿਤਾ ਸੀ, ਨੂੰ ਹੀ ਉਸ ਦਾ ਆਖ਼ਰੀ ਬਿਆਨ ਮੰਨਣ ਲਈ ਕਿਹਾ। ਦਸਣਯੋਗ ਹੈ ਕਿ ਤਾਰਾ ਨੇ ਸੀਬੀਆਈ ਵਕੀਲ ਦੁਆਰਾ ਪਹਿਲਾਂ ਪੁਛੇ ਸਵਾਲ ਦੇ ਜਵਾਬ ਚ ਅਦਾਲਤ ਨੂੰ ਦਸਿਆ ਹੈ ਕਿ 30 ਅਗੱਸਤ 1995 ਵਾਲੇ ਦਿਨ ਉਹ (ਤਾਰਾ) ਮਨੁੱਖੀ ਬੰਬ ਬਣੇ ਦਿਲਾਵਰ ਸਿੰਘ ਅਤੇ ਬਲਵੰਤ ਸਿਂੰਘ ਰਾਜੋਆਣਾ ਸਣੇ ਅੰਬੈਸਡਰ ਕਾਰ ਨੰਬਰ 9598 'ਚ ਸਵਾਰ ਹੋ ਕੇ ਪੰਜਾਬ ਸਕੱਤਰੇਤ ਪਹੁੰਚੇ ਸਨ। ਉਨ੍ਹਾਂ ਨਾਲ ਕਾਰ ਵਿਚ ਉਸ ਮੌਕੇ ਜਗਤਾਰ ਸਿੰਘ ਹਵਾਰਾ ਬਿਲਕੁਲ ਨਹੀਂ ਸੀ। ਅੱਜ ਅਦਾਲਤ ਵਲੋਂ ਧਾਰਾ 313 ਸੀ.ਆਰ.ਪੀ.ਸੀ. ਦੇ ਬਿਆਨ ਬੰਦ ਕਰ ਕੇ, ਇਸ ਕੇਸ ਵਿਚ ਬਹਿਸ ਲਈ 9 ਮਾਰਚ 2018 ਮਿਤੀ ਤਹਿ ਕੀਤੀ ਹੈ। ਸੀ.ਬੀ.ਆਈ ਵਲੋਂ ਐਸ.ਕੇ. ਸਕਸੇਨਾ ਅਤੇ ਭਾਈ ਜਗਤਾਰ ਸਿੰਘ ਤਾਰਾ ਵਲੋਂ ਸਿਮਰਨਜੀਤ ਸਿੰਘ ਵਕੀਲ ਪੇਸ਼ ਹੋਏ। ਇੰਜ ਹੋਈ ਦਿਲਾਵਰ ਸਿੰਘ ਦੀ ਤਸਦੀਕ ਜੇਲ ਅੰਦਰ ਲਗਦੀ ਆ ਰਹੀ ਇਸ ਅਦਾਲਤ 'ਚ ਦਿਲਾਵਰ ਸਿੰਘ ਦਾ ਡੀਐਨਏ (ਡਿਆਕਸੀਰਾਇਬੋ ਨਿਊਕਲਿਕ ਐਸਿਡ) ਮੈਚ ਕਰਨ ਵਾਲੇ ਡਾਕਟਰ ਦੀ ਗਵਾਹੀ ਵੀ ਹੋ ਚੁਕੀ ਹੈ। ਕੇਸ ਦੇ ਆਖ਼ਰੀ ਗਵਾਹ ਵਜੋਂ ਹੈਦਰਾਬਾਦ ਤੋਂ ਆਏ ਡੀਐਨਏ ਮਾਹਿਰ ਡਾਕਟਰ ਲਾਲਜੀਤ ਨੇ ਅਪਣੀ ਗਵਾਹੀ ਦਰਜ ਕਰਵਾਈ। ਉਹਨਾਂ ਅਦਾਲਤ ਨੂੰ ਦਸਿਆ ਕਿ ਦਿਲਾਵਰ ਸਿੰਘ ਦੀਆਂ ਦੋ ਲੱਤਾਂ ਅਤੇ ਖੋਪੜੀ ਡੀਐਨਏ ਮੈਚ ਕਰਨ ਹਿਤ ਉਨ੍ਹਾਂ ਕੋਲ ਭੇਜੀਆਂ ਗਈਆਂ ਸਨ ਜਿਨ੍ਹਾਂ ਨੂੰ ਦਿਲਾਵਰ ਸਿੰਘ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਸੁਖਜੀਤ ਕੌਰ ਦੇ ਨਮੂਨਿਆਂ ਨਾਲ ਮੈਚ ਕਰ ਕੇ ਵੇਖਿਆ ਗਿਆ। ਜਿਸ ਮਗਰੋਂ ਹੀ ਪੁਸ਼ਟੀ ਹੋ ਸਕੀ ਕਿ ਮਨੁੱਖੀ ਬੰਬ ਵਜੋਂ ਮਰਨ ਵਾਲਾ ਵਿਆਕਤੀ ਦਿਲਾਵਰ ਸਿੰਘ ਹੀ ਸੀ।