
ਸ੍ਰੀ ਮੁਕਤਸਰ ਸਾਹਿਬ : ਪੰਜਾਬ ਸਰਕਾਰ ਨੇ ਲਾਭਪਾਤਰੀਆਂ ਨੂੰ ਲਾਭ ਮੁਹੱਈਆ ਕਰਵਾਉਣ ਲਈ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਦੀ ਪਾਲਿਸੀ 31 ਮਾਰਚ 2018 ਤੱਕ ਵਧਾ ਦਿੱਤੀ ਹੈ। ਇਸ ਮੌਕੇ ਡਾ: ਸੁਮੀਤ ਜਾਰੰਗਲ ਆਈ. ਏ. ਐਸ. ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਇਸ ਯੋਜਨਾ ਅਧੀਨ ਲਾਭਪਾਤਰੀਆਂ ਨੂੰ 50,000 ਰੁਪਏ ਤੱਕ ਦੀ ਨਗਦੀ ਰਹਿਤ ਸਿਹਤ ਬੀਮਾ ਸੁਰੱਖਿਆ, 5 ਲੱਖ ਰੁਪਏ ਤੱਕ ਦਾ ਦੁਰਘਟਨਾ 'ਚ ਮੌਤ, ਅਪੰਗਤਾ ਕਾਰਨ ਬੀਮਾ ਸੁਰੱਖਿਆ ਅਤੇ ਅੱਗ ਕਾਰਨ ਹੋਏ ਨੁਕਸਾਨ ਹੋਣ ਦੇ ਲਾਭ ਦਿੱਤੇ ਜਾਂਦੇ ਹਨ।
ਉਨ੍ਹਾਂ ਕਿਹਾ ਕਿ ਪਿਛਲੇ ਦਿਨਾਂ ਦੌਰਾਨ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ 'ਚ 397 ਮਰੀਜ਼ਾਂ ਨੇ 31 ਲੱਖ 75 ਹਜ਼ਾਰ 720 ਰੁਪਏ ਦਾ ਇਲਾਜ ਕਰਵਾਇਆ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸਰਕਾਰ ਵੱਲੋਂ ਭਗਤ ਪੂਰਨ ਸਿੰਘ ਸਿਹਤ ਬੀਮਾ ਯੋਜਨਾ ਤਹਿਤ ਮਿਲਣ ਵਾਲੇ ਲਾਭਾਂ ਦੀ ਵੈਧਤਾ ਹੁਣ 31 ਮਾਰਚ 2018 ਕਰ ਦਿੱਤੀ ਹੈ।
ਇਸ ਕਾਰਡ ਨਾਲ ਲਾਭਪਾਤਰੀ ਸਰਕਾਰ ਵੱਲੋਂ ਅਧਿਸੂਚਿਤ ਹਸਪਤਾਲਾਂ ਤੋਂ ਸਲਾਨਾ 50 ਹਜ਼ਾਰ ਰੁਪਏ ਤੱਕ ਦਾ ਨਗਦੀ ਰਹਿਤ ਇਲਾਜ ਕਰਵਾ ਸਕੇਗਾ। ਡਿਪਟੀ ਕਮਿਸ਼ਨਰ ਨੇ ਸਬੰਧਤ ਵਿਭਾਗ ਦੇ ਅਧਿਕਾਰੀਆਂ ਨੂੰ ਇਸ ਯੋਜਨਾ ਦੀ ਪਾਲਿਸੀ 'ਚ ਕੀਤੇ ਵਾਧੇ ਬਾਰੇ ਕਾਰਡ ਹੋਲਡਰਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਦੀ ਹਦਾਇਤ ਕੀਤੀ ਹੈ।