
ਚੰਡੀਗੜ੍ਹ, 13 ਮਾਰਚ (ਨੀਲ ਭਲਿੰਦਰ ਸਿੰਘ): ਸਾਬਕਾ ਮੁੱਖ ਮੰਤਰੀ ਬੇਅੰਤ ਸਿੰਘ ਹਤਿਆ ਕਾਂਡ ਵਿਚ ਬੁੜੈਲ ਜੇਲ ਚੰਡੀਗੜ੍ਹ ਵਿਚ ਨਜ਼ਰਬੰਦ ਭਾਈ ਪਰਮਜੀਤ ਸਿੰਘ ਭਿਉਰਾ ਵਲੋਂ ਅਪਣੀ ਬੀਮਾਰ ਮਾਂ ਨੂੰ ਮਿਲਣ ਲਈ ਦਾਇਰ ਕੀਤੀ ਗਈ ਪਟੀਸ਼ਨ ਨੂੰ ਅੱਜ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਦੋਹਰੇ ਬੈਂਚ ਵਲੋਂ ਰੱਦ ਕਰ ਦਿਤਾ ਗਿਆ ਹੈ।ਭਾਈ ਭਿਉਰਾ ਵਲੋਂ ਪਹਿਲਾਂ ਵੀ ਅਪਣੀ ਬੀਮਾਰ ਮਾਂ ਨੂੰ ਮਿਲਣ ਲਈ ਹਾਈ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਗਈ ਸੀ ਜਿਸ ਵਿਚ ਅਦਾਲਤ ਵਲੋਂ ਯੂ.ਟੀ. ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦਿਤੇ ਸਨ ਕਿ ਉਹ ਇਕ ਐਂਬੂਲੈਂਸ ਡਾਕਟਰ ਸਮੇਤ ਉਨ੍ਹਾਂ ਦੇ ਪਿੰਡ ਭਟਹੇਰੀ (ਨੇੜੇ ਰਾਜਪੁਰਾ) ਭੇਜੇ ਜੋ ਮਾਤਾ ਜੀ ਨੂੰ ਬੁੜੈਲ ਜੇਲ ਵਿਖੇ ਲਿਜਾ ਕੇ ਭਾਈ ਭਿਉਰਾ ਨਾਲ ਮੁਲਾਕਾਤ ਕਰਵਾਏਗੀ। ਪਰ ਮਾਤਾ ਜੀ ਦੀ ਸਿਹਤ ਖ਼ਰਾਬ ਹੋਣ ਕਰ ਕੇ ਡਾਕਟਰ ਅਤੇ ਪਿੰਡ ਦੀ ਪੰਚਾਇਤ ਵਲੋਂ ਅਜਿਹਾ ਨਾ ਕਰਨ ਦੀ ਸਲਾਹ ਤੇ ਉਪਰੋਕਤ ਮੀਟਿੰਗ ਨਹੀਂ ਹੋ ਸਕੀ ਜਿਸ ਕਰ ਕੇ ਭਾਈ ਭਿਉਰਾ ਵਲੋਂ ਦੁਬਾਰਾ ਦੂਸਰੀ ਪਟੀਸ਼ਨ ਹਾਈ ਕੋਰਟ ਵਿਚ ਦਾਇਰ ਕੀਤੀ ਗਈ ਸੀ ਜਿਸ ਵਿਚ ਅਦਾਲਤ ਵਲੋਂ ਯੂ.ਟੀ. ਪ੍ਰਸ਼ਾਸਨ ਨੂੰ ਦਿਸ਼ਾ ਨਿਰਦੇਸ਼ ਦਿਤੇ ਗਏ ਸਨ ਕਿ ਉਹ ਇਕ ਡਾਕਟਰਾਂ ਦੀ ਟੀਮ ਉਨ੍ਹਾਂ ਦੇ ਪਿੰਡ ਭੇਜ ਕੇ ਪਤਾ ਕਰੇ ਕਿ ਮਾਤਾ ਜੀ ਮੈਡੀਕਲ ਤੌਰ 'ਤੇ ਸਫ਼ਰ ਕਰਨ ਲਈ ਤੰਦਰੁਸਤ ਹਨ ਜਾਂ ਨਹੀਂ। ਉਪਰੋਕਤ ਹੁਕਮਾਂ ਦੀ ਪਾਲਣਾ ਕਰਦਿਆਂ ਹੋਇਆਂ ਡਾਕਟਰਾਂ ਦੀ ਇਕ ਟੀਮ ਨੇ ਅਦਾਲਤ ਨੂੰ ਦਸਿਆ ਸੀ ਕਿ ਭਾਈ ਭਿਉਰਾ ਦੀ ਮਾਤਾ ਜੀ ਦੀ ਹਾਲਤ ਖ਼ਰਾਬ ਹੈ ਜਿਸ ਕਰ ਕੇ ਉਹ ਸਫ਼ਰ ਨਹੀਂ ਕਰ ਸਕਦੇ।
ਉਪਰੋਕਤ ਪੱਖਾਂ 'ਤੇ ਬਹਿਸ ਕਰਦੇ ਹੋਏ ਭਾਈ ਭਿਉਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਅਦਾਲਤ ਨੂੰ ਦਸਿਆ ਕਿ ਮੈਡੀਕਲ ਰੀਪੋਰਟ ਅਨੁਸਾਰ ਭਾਈ ਭਿਉਰਾ ਦੀ ਮਾਤਾ ਸਫ਼ਰ ਕਰਨ ਦੇ ਯੋਗ ਨਹੀਂ ਹੈ ਜਿਸ ਕਰ ਕੇ ਭਾਈ ਭਿਉਰਾ ਨੂੰ ਦੋ ਘੰਟੇ ਲਈ ਕਸਟਡੀ ਪੈਰੋਲ 'ਤੇ ਭੇਜ ਕੇ ਉਨ੍ਹਾਂ ਦੀ ਮਾਤਾ ਦੀ ਆਖ਼ਰੀ ਇੱਛਾ ਪੂਰੀ ਕੀਤੀ ਜਾਵੇ। ਉਨ੍ਹਾਂ ਨੇ ਅਦਾਲਤ ਨੂੰ ਇਹ ਵੀ ਦਸਿਆ ਕਿ ਰਾਜੀਵ ਗਾਂਧੀ ਕਤਲ ਕਾਂਡ ਵਿਚ ਉਮਰ ਕੈਦ ਦੀ ਸਜ਼ਾ ਭੁਗਤ ਰਹੇ ਰਵੀ ਚੰਦਰਨ ਨੂੰ ਵੀ ਮਦਰਾਸ ਹਾਈ ਕੋਰਟ ਵਲੋਂ ਅਪਣੇ ਸਿਵਲ ਕੇਸ ਦੀ ਪੈਰਵਾਈ ਲਈ 15 ਦਿਨਾਂ ਦੀ ਪੈਰੋਲ ਦਿਤੀ ਗਈ ਸੀ ਅਤੇ ਗੁਜਰਾਤ ਵਿਚ ਆਰ.ਐਸ.ਐਸ ਦੀ ਇਕ ਵਜ਼ੀਰ ਜਿਸ ਨੂੰ ਕਿ ਅਦਾਲਤ ਨੇ ਗੁਜਰਾਤ ਦੰਗਿਆਂ ਵਿਚ ਸਜ਼ਾ ਕੀਤੀ ਸੀ, ਨੂੰ ਵੀ ਇਕ ਮਹੀਨੇ ਦੀ ਪੈਰੋਲ ਦਿਤੀ ਸੀ। ਭਾਈ ਭਿਉਰਾ ਦੀ ਮਾਤਾ ਦੀ ਅੰਤਮ ਇੱਛਾ ਕਸਟਡੀ ਪੈਰੋਲ ਰਾਹੀਂ ਪੂਰੀ ਕੀਤੀ ਜਾ ਸਕਦੀ ਹੈ, ਜੋ ਉਸ ਦਾ ਕਾਨੂੰਨੀ ਹੱਕ ਹੈ ਪਰ ਹਾਈ ਕੋਰਟ ਦੇ ਜਸਟਿਸ ਏ.ਬੀ. ਚੌਧਰੀ ਅਤੇ ਜਸਟਿਸ ਇੰਦਰਜੀਤ ਸਿੰਘ ਵਲੋਂ ਉਪਰੋਕਤ ਪਟੀਸ਼ਨ ਰੱਦ ਕਰ ਦਿਤੀ ਗਈ ਹੈ। ਭਾਈ ਭਿਉਰਾ ਦੇ ਵਕੀਲ ਸਿਮਰਨਜੀਤ ਸਿੰਘ ਨੇ ਦਸਿਆ ਕਿ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਫ਼ੈਸਲੇ ਨੂੰ ਜਲਦੀ ਹੀ ਸੁਪਰੀਮ ਕੋਰਟ ਵਿਚ ਚੈਲੰਜ ਕੀਤਾ ਜਾਵੇਗਾ।