
ਮੱਲਾਂਵਾਲਾ, 28 ਦਸੰਬਰ (ਬਾਬਾ ਹਰਸਾ ਸਿੰਘ, ਸੁਖਵਿੰਦਰ ਸਿੰਘ) : ਥਾਣਾ ਮੱਲਾਂਵਾਲਾ ਦੀ ਪੁਲਿਸ ਨੇ ਬੀਤੇ ਦਿਨ ਗਸ਼ਤ ਦੇ ਦੌਰਾਨ ਪਿੰਡ ਕਾਮਲ ਵਾਲਾ ਕੋਲ ਕਬਾੜੀਏ ਸਮੇਤ ਤਿੰਨ ਚੋਰਾਂ ਨੂੰ ਚੋਰੀ ਦੇ ਪੰਜ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਹੈ ਜਦਕਿ ਇਸ ਚੋਰ ਗਰੋਹ ਦਾ ਮੁਖੀ ਫਰਾਰ ਦਸਿਆ ਜਾ ਰਿਹਾ ਹੈ। ਇਸ ਸਬੰਧੀ ਪੁਲਿਸ ਵਲੋਂ ਉਕਤ ਚਾਰੇ ਚੋਰਾਂ ਦੇ ਵਿਰੁਧ ਆਈਪੀਸੀ ਤਹਿਤ ਮੁਕੱਦਮਾ ਦਰਜ ਕੀਤਾ ਹੈ।ਵਧੇਰੇ ਜਾਣਕਾਰੀ ਦਿੰਦਿੰਆਂ ਥਾਣਾ ਮੱਲਾਂਵਾਲਾ ਦੇ ਏਐਸਆਈ ਅੰਗਰੇਜ ਸਿੰਘ ਨੇ ਦਸਿਆ ਕਿ ਬੀਤੇ ਦਿਨ ਜਦੋਂ ਉਹ ਪੁਲਿਸ ਪਾਰਟੀ ਸਮੇਤ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਨੂੰ ਕਿਸੇ ਖਾਸ ਮੁਖਬਰ ਨੇ ਇਤਲਾਹ ਦਿਤੀ ਕਿ ਪਿੰਡ ਗੁਰਦਿੱਤੀ ਵਾਲਾ ਅਤੇ ਕਸਬਾ ਮੱਲਾਂਵਾਲਾ ਦੇ ਰਹਿਣ ਵਾਲੇ ਤਿੰਨ ਚੋਰ ਇਕ ਕਬਾੜੀਏ ਨਾਲ ਮਿਲ ਕੇ ਮੋਟਰਸਾਈਕਲ ਚੋਰੀ ਕਰਦੇ ਹਨ ਅਤੇ ਪਿੰਡ ਕਾਮਲ ਵਾਲਾ ਕੋਲ ਚੋਰੀ ਦੇ ਮੋਟਰਸਾਈਕਲ ਵੇਚਣ ਦੀ ਤਾਕ ਵਿਚ ਹਨ।
ਸੂਚਨਾ ਮਿਲਦਿਆਂ ਹੀ ਪੁਲਿਸ ਨੇ ਪਿੰਡ ਕਾਮਲ ਵਾਲਾ ਵਿਖੇ ਛਾਪੇਮਾਰੀ ਕੀਤੀ ਤਾਂ ਉਥੋਂ ਤਿੰਨ ਚੋਰਾਂ ਨੂੰ ਪੰਜ ਚੋਰੀ ਦੇ ਮੋਟਰਸਾਈਕਲਾਂ ਸਮੇਤ ਕਾਬੂ ਕੀਤਾ ਗਿਆ ਜਦਕਿ ਚੋਰ ਗਰੋਹ ਦਾ ਮੁਖੀ ਭੱਜਣ ਵਿਚ ਸਫ਼ਲ ਹੋ ਗਿਆ। ਪੁਲਿਸ ਨੇ ਦਸਿਆ ਕਿ ਫੜੇ ਗਏ ਚੋਰਾਂ ਦੀ ਪਛਾਣ ਰਮੇਸ਼ ਉਰਫ਼ ਮੇਸ਼ੀ ਪੁੱਤਰ ਦੇਸ ਰਾਜ ਵਾਸੀ ਗੁਰਦਿੱਤੀ ਵਾਲਾ, ਦੀਪਾ ਕਬਾੜੀਆ ਪੁੱਤਰ ਸਫੀ ਰਾਮ ਵਾਸੀ ਵਾਰਡ ਨੰਬਰ ਅੱਠ ਮੱਲਾਂਵਾਲਾ ਅਤੇ ਜਸਵੰਤ ਸਿੰਘ ਪੁੱਤਰ ਦਰਸ਼ਨ ਸਿੰਘ ਵਾਸੀ ਵਾਰਡ ਨੰਬਰ 10 ਮੱਲਾਂਵਾਲਾ ਵਜੋਂ ਹੋਈ ਹੈ ਜਦਕਿ ਫਰਾਰ ਹੋਏ ਚੋਰ ਗਰੋਹ ਦੇ ਮੁਖੀ ਦੀ ਪਛਾਣ ਬੂਟਾ ਸਿੰਘ ਪੁੱਤਰ ਸ਼ਾਬਾ ਸਿੰਘ ਵਾਸੀ ਗੁਰਦਿੱਤੀ ਵਾਲਾ ਵਜੋਂ ਹੋਈ ਹੈ। ਪੁਲਿਸ ਨੇ ਦਸਿਆ ਕਿ ਉਕਤ ਚੋਰਾਂ ਵਿਰੁਧ ਚੋਰੀ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਕੇ ਅਗਲੇਰੀ ਕਾਰਵਾਈ ਆਰੰਭ ਦਿਤੀ ਹੈ।