
ਚੰਡੀਗੜ੍ਹ, 23 ਫ਼ਰਵਰੀ (ਨੀਲ ਭਲਿੰਦਰ ਸਿੰਘ): ਐਸ.ਸੀ. ਅਤੇ ਐਸ.ਟੀ. ਵਰਗ ਦੇ ਮਾਮਲਿਆਂ ਨਾਲ ਸਬੰਧਤ ਪੰਜਾਬ ਸਰਕਾਰ ਦੀ ਉੱਚ-ਪੱਧਰੀ ਪੜਚੋਲੀਆ ਅਤੇ ਵਿਜੀਲੈਂਸ ਕਮੇਟੀ ਦੀ ਮੀਟਿੰਗ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਨਾ ਪੁੱਜਣ 'ਤੇ ਕਮੇਟੀ ਦੇ ਕਈ ਮੈਂਬਰ ਨਾਰਾਜ਼ ਹੋ ਗਏ ਅਤੇ ਉਨ੍ਹਾਂ ਬੈਠਕ 'ਚੋਂ ਵਾਕਆਊਟ ਕੀਤਾ। ਅੱਜ ਹੋਣ ਵਾਲੀ ਇਸ ਬੈਠਕ ਦੀ ਪ੍ਰਧਾਨਗੀ ਕਰਨ ਮੁੱਖ ਮੰਤਰੀ ਨੇ ਕਰਨੀ ਸੀ। ਕਮੇਟੀ ਦੀ ਬੈਠਕ 'ਚ ਨਾ ਪੁੱਜਣ ਕਰ ਕੇ ਮੁੱਖ ਮੰਤਰੀ ਨੂੰ ਨਾ ਸਿਰਫ਼ ਵਿਰੋਧੀ ਅਕਾਲੀ ਦਲ, ਭਾਜਪਾ ਅਤੇ ਆਮ ਆਦਮੀ ਪਾਰਟੀ ਦੇ ਆਗੂਆਂ ਦੀ ਨਾਰਾਜ਼ਗੀ ਦਾ ਸਾਹਮਣਾ ਕਰਨਾ ਪਿਆ ਬਲਕਿ ਅਪਣੀ ਪਾਰਟੀ ਦੇ ਸੀਨੀਅਰ ਆਗੂ ਸ਼ਮਸ਼ੇਰ ਸਿੰਘ ਦੂਲੋਂ ਦੇ ਗੁੱਸੇ ਵੀ ਸਾਹਮਣਾ ਕਰਨਾ ਪਿਆ।ਮੁੱਖ ਮੰਤਰੀ ਦੀ ਕਾਰਗੁਜ਼ਾਰੀ 'ਤੇ ਇਕ ਵਾਰ ਫਿਰ ਸੀਨੀਅਰ ਕਾਂਗਰਸੀ ਆਗੂ ਅਤੇ ਰਾਜ ਸਭਾ ਮੈਂਬਰ ਸਮਸ਼ੇਰ ਸਿੰਘ ਦੂਲੋਂ ਨੇ ਸਵਾਲ ਉਠਾਏ ਹਨ। ਕਾਂਗਰਸੀ ਆਗੂ ਸਮਸ਼ੇਰ ਸਿੰਘ ਦੂਲੋਂ ਨੇ 'ਰੋਜ਼ਾਨਾ ਸਪੋਕਸਮੈਨ' ਨਾਲ ਫ਼ੋਨ ਉਤੇ ਸਪੱਸ਼ਟ ਕੀਤਾ ਹੈ ਕਿ ਪੰਜਾਬ ਸਰਕਾਰ ਵਲੋਂ ਮੌਜੂਦ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਮਾਜ ਭਲਾਈ ਮੰਤਰੀ ਸਾਧੂ ਸਿੰਘ ਧਰਮਸੋਤ ਇਸ ਬੈਠਕ ਦੀ ਅਗਵਾਈ ਕਰਨ ਹਿਤ ਸਮਰੱਥ ਅਥਾਰਟੀ ਹੀ ਨਹੀਂ ਹਨ, ਕਿਉਂਕਿ ਬਤੌਰ ਚੇਅਰਮੈਨ ਸਿਰਫ਼ ਮੁੱਖ ਮੰਤਰੀ ਹੀ ਇਸ ਦੀ ਅਗਵਾਈ ਕਰਨ ਅਤੇ ਫ਼ੈਸਲੇ ਲੈਣ ਦੇ ਸਮਰੱਥ ਹਨ। ਅਜਿਹੇ ਵਿਚ ਉਕਤ ਦੋ ਕੈਬਿਨਟ ਮੰਤਰੀਆਂ ਨਾਲ ਮੁੱਦੇ ਵਿਚਾਰਨ ਦਾ ਕੋਈ ਤੁਕ ਨਹੀਂ ਬਣਦਾ ਅਤੇ ਇਹ ਮਹਿਜ ਇਕ ਖ਼ਾਨਾਪੂਰਤੀ ਹੋਵੇਗੀ।
ਪੰਜਾਬ ਭਵਨ ਵਿਚ ਇਹ ਮੀਟਿੰਗ ਅੱਜ ਬਾਅਦ ਦੁਪਿਹਰ ਸਾਢੇ 3 ਵਜੇ ਰੱਖੀ ਗਈ ਸੀ। ਮੁੱਖ ਮੰਤਰੀ ਦੀ ਮੀਟਿੰਗ ਵਿਚ ਸ਼ਮੂਲੀਅਤ ਨਾ ਹੋਣ ਕਾਰਨ ਅਕਾਲੀ ਦਲ ਦੇ ਵਿਧਾਇਕ ਪਵਨ ਕੁਮਾਰ ਟੀਨੂੰ, ਭਾਜਪਾ ਵਿਧਾਇਕ ਸੋਮ ਪ੍ਰਕਾਸ਼ ਅਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਬੁੱਧ ਰਾਮ ਨੇ ਵੀ ਇਸ ਮੀਟਿੰਗ ਦਾ ਵਾਕਆਊਟ ਕੀਤਾ।ਇਸ ਮਾਮਲੇ ਬਾਰੇ ਵਿਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਉਸ ਨੇ ਸਮਸ਼ੇਰ ਸਿੰਘ ਦੂਲੋਂ ਅਤੇ ਬਾਕੀ ਮੈਂਬਰਾਂ ਨੂੰ ਬਹੁਤ ਕਿਹਾ ਸੀ ਕਿ ਮੀਟਿੰਗ ਦਾ ਵਾਕਆਊਟ ਨਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਜੋ ਵੀ ਦਲਿਤ ਭਾਈਚਾਰੇ ਦੀਆਂ ਮੁਸ਼ਕਲਾਂ ਹਨ, ਉਨ੍ਹਾਂ ਦਾ ਹਰ ਤਰ੍ਹਾਂ ਨਾਲ ਹੱਲ ਕੀਤਾ ਜਾਵੇਗਾ।ਮੀਟਿੰਗ ਵਿਚੋਂ ਵਾਕਆਊਟ ਕਰਨ ਵਾਲੇ ਬਾਕੀ ਵਿਧਾਇਕਾਂ ਨੇ ਕਿਹਾ ਕਿ ਮੁੱਖ ਮੰਤਰੀ ਇਕ ਧਿਰ ਬਣ ਕੇ ਕੰਮ ਕਰ ਰਹੇ ਹਨ। ਉਹ ਨਾ ਤਾਂ ਪੰਜਾਬ ਪ੍ਰਤੀ ਗੰਭੀਰ ਹਨ ਅਤੇ ਨਾ ਹੀ ਉਨ੍ਹਾਂ ਨੂੰ ਦਲਿਤਾਂ ਦੀ ਕੋਈ ਚਿੰਤਾ ਹੈ। ਜਿਹੜੇ ਕਮਿਸ਼ਨਾਂ ਵਿਚ ਪਹਿਲਾਂ ਵਾਲੀ ਸਰਕਾਰ ਦੇ ਮੈਂਬਰ ਅਤੇ ਚੇਅਰਮੈਨ ਕੰਮ ਕਰ ਰਹੇ ਹਨ, ਉਨ੍ਹਾਂ ਦੀ ਕੋਈ ਪੁੱਗਤ ਨਹੀਂ। ਹੁਣ ਤਾਂ ਅਜਿਹਾ ਲੱਗ ਰਿਹਾ ਹੈ ਕਿ ਸਰਕਾਰ ਨਾਂ ਦੀ ਕੋਈ ਚੀਜ਼ ਹੀ ਨਹੀਂ।