
ਲੁਧਿਆਣਾ : ਪੰਜਾਬ 'ਚ ਨਸ਼ਾਖੋਰੀ ਦੀ ਲਤ ਸਕੂਲੀ ਵਿਦਿਆਰਥੀਆਂ ਨੂੰ ਵੀ ਆਪਣੇ ਜਾਲ 'ਚ ਫਸਾਉਂਦੀ ਨਜ਼ਰ ਆ ਰਹੀ ਹੈ, ਜਿਸ ਦੀ ਗ੍ਰਿਫਤ 'ਚ ਫਸੇ ਦਸਵੀਂ ਕਲਾਸ ਦੇ ਵਿਦਿਆਰਥੀ ਨੇ ਸੋਮਵਾਰ ਸਵੇਰੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਥਾਣਾ ਫੋਕਲ ਪੁਆਇੰਟ ਦੇ ਅਧੀਨ ਆਉਂਦੇ ਦੀਪ ਸਿੰਘ ਨਗਰ ਵਿਚ ਆਪਣੇ ਪਰਿਵਾਰ ਨਾਲ ਰਹਿਣ ਵਾਲੇ ਰਾਮੂ ਦਾ 16 ਸਾਲਾ ਪੁੱਤਰ ਸੁਨੀਲ ਕੁਮਾਰ ਜੋ ਕਿ 10ਵੀਂ ਕਲਾਸ ਦਾ ਵਿਦਿਆਰਥੀ ਸੀ, ਨੂੰ ਨਸ਼ੇ ਦੀ ਲਤ ਲੱਗ ਗਈ ਅਤੇ ਉਹ ਇਸ ਦਾ ਆਦੀ ਹੋ ਗਿਆ।
ਉਸ ਦੇ ਪਰਿਵਾਰ ਨੂੰ ਵੀ ਨਹੀਂ ਪਤਾ ਲੱਗਿਆ। ਜਦ ਤੱਕ ਪਰਿਵਾਰ ਨੂੰ ਪਤਾ ਲੱਗਿਆ ਤਦ ਤਕ ਉਹ ਨਸ਼ੇਡ਼ੀ ਬਣ ਚੁੱਕਿਆ ਸੀ। ਛੋਟੀ ਉਮਰ 'ਚ ਪੁੱਤਰ ਦੀ ਇਸ ਲਤ ਦਾ ਪਤਾ ਲੱਗਣ 'ਤੇ ਪਰਿਵਾਰ ਨੇ ਉਸ ਦਾ ਇਲਾਜ ਕਰਵਾਉਣਾ ਸ਼ੁਰੂ ਕਰ ਦਿੱਤਾ, ਹੁਣ ਉਸ ਦੀ ਦਵਾਈ ਚੱਲ ਰਹੀ ਸੀ ਕਿ ਉਹ ਮਾਨਸਿਕ ਤੌਰ 'ਤੇ ਇੰਨਾ ਕਮਜ਼ੋਰ ਪੈ ਗਿਆ ਕਿ ਅਕਸਰ ਆਪਣੀ ਬਰਬਾਦ ਹੁੰਦੀ ਜ਼ਿੰਦਗੀ ਦੇਖ ਘਰ 'ਚ ਚੁੱਪਚਾਪ ਰਹਿਣ ਲੱਗ ਪਿਆ।
ਪਰਿਵਾਰ ਲੱਖ ਯਤਨਾਂ ਦੇ ਬਾਵਜੂਦ ਨਸ਼ੇ ਦੀ ਲਤ ਤੋਂ ਛੁਟਕਾਰਾ ਪਾਉਣ 'ਚ ਬੇਵੱਸ ਸੁਨੀਲ ਨੇ ਸੋਮਵਾਰ ਨੂੰ ਸਵੇਰੇ ਘਰ ਦੀ ਛੱਤ 'ਤੇ ਜਾ ਕੇ ਗਾਰਡਰ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ, ਜਿਸ ਦਾ ਪਤਾ ਪਰਿਵਾਰ ਨੂੰ ਤਦ ਲੱਗਿਆ ਜਦ ਉਸ ਦੇ ਚਾਚਾ ਨੇ ਛੱਤ 'ਤੇ ਜਾ ਕੇ ਦੇਖਿਆ ਤਾਂ ਉਸ ਦੀ ਲਾਸ਼ ਲਟਕ ਰਹੀ ਸੀ।
ਘਟਨਾ ਦੀ ਜਾਣਕਾਰੀ ਮਿਲਣ 'ਤੇ ਮੌਕੇ 'ਤੇ ਪਹੁੰਚੀ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ। ਖੁਦਕੁਸ਼ੀ ਦੀ ਖ਼ਬਰ ਨਾਲ ਪੂਰੇ ਇਲਾਕੇ 'ਚ ਸਨਸਨੀ ਛਾ ਗਈ। ਏ. ਸੀ. ਪੀ. ਅਮਨ ਬਰਾਡ਼ ਨੇ ਦੱਸਿਆ ਕਿ ਲਾਸ਼ ਨੂੰ ਪਰਿਵਾਰ ਦੇ ਹਵਾਲੇ ਦਿੱਤਾ ਗਿਆ ਹੈ।