
ਪਟਿਆਲਾ, 18 ਸਤੰਬਰ
(ਪਰਮਿੰਦਰ ਸਿੰਘ ਰਾਏਪੁਰ) : ਪੰਜਾਬ ਦੀਆਂ 7 ਕਿਸਾਨ ਜਥੇਬੰਦੀਆਂ ਵਲੋਂ ਪਟਿਆਲਾ ਵਿਖੇ
ਦਿਤੇ ਜਾਣ ਵਾਲੇ ਪੰਜ ਰੋਜ਼ਾ ਧਰਨੇ ਦੇ ਮੱਦੇਨਜ਼ਰ ਪਟਿਆਲਾ ਵਿਚ ਪੁਲਿਸ ਅਤੇ ਸਿਵਲ ਪ੍ਰਸ਼ਾਸਨ
ਵਲੋਂ ਪੂਰੀ ਸਖ਼ਤਾਈ ਕਰ ਦਿਤੀ ਗਈ ਹੈ। ਇਸੇ ਸਬੰਧ ਵਿਚ ਸਥਿਤੀ ਦਾ ਜਾਇਜ਼ਾ ਲੈਣ ਲਈ ਪੰਜਾਬ
ਦੇ ਡੀ.ਜੀ.ਪੀ. ਸੁਰੇਸ਼ ਕੁਮਾਰ ਅਰੋੜਾ ਨੇ ਪੋਲੋ ਗਰਾਊਂਡ ਦਾ ਦੌਰਾ ਕੀਤਾ ਅਤੇ ਸਿਵਲ
ਲਾਈਨ ਵਿਚ ਪੁਲਿਸ ਦੇ ਉਚ ਅਧਿਕਾਰੀਆਂ ਨਾਲ ਇਕ ਵਿਸ਼ੇਸ਼ ਬੈਠਕ ਕੀਤੀ। ਜਿਥੇ 22 ਤੋਂ 27
ਸਤੰਬਰ ਤਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੋਤੀ ਮਹਿਲ ਅੱਗੇ ਧਰਨਾ ਲਗਾਉਣ ਲਈ
ਬਾਜ਼ਿੱਦ ਹਨ, ਉਥੇ ਹੀ ਜ਼ਿਲ੍ਹੇ ਦੀ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਇਸ ਧਰਨੇ ਨੂੰ ਰੋਕਣ
ਲਈ ਅੱਡੀ ਚੋਟੀ ਦਾ ਜ਼ੋਰ ਲਗਾਇਆ ਜਾ ਰਿਹਾ ਹੈ।
ਇਸੇ ਕੜੀ ਤਹਿਤ ਜ਼ਿਲ੍ਹਾ ਪਟਿਆਲਾ ਦੇ
2 ਦਰਜਨ ਤੋਂ ਵੱਧ ਕਿਸਾਨ ਜਥੇਬੰਦੀਆਂ ਦੇ ਆਗੂਆਂ ਨੂੰ ਅੱਜ ਪੁਲਿਸ ਵਲੋਂ ਹਿਰਾਸਤ ਵਿਚ
ਲੈ ਲਿਆ ਗਿਆ ਹੈ। ਪਟਿਆਲਾ ਪੁਲਿਸ ਵਲੋਂ ਸੁਰੱਖਿਆ ਦੇ ਸਖ਼ਤ ਪ੍ਰਬੰਧਾਂ ਲਈ ਹੋਰਨਾਂ
ਜ਼ਿਲ੍ਹਿਆਂ ਤੋਂ ਵੀ ਹਜ਼ਾਰਾਂ ਦੀ ਤਦਾਦ ਵਿਚ ਪੁਲਿਸ ਮੁਲਾਜ਼ਮ ਮੰਗਵਾਏ ਜਾ ਰਹੇ ਹਨ। ਜ਼ਿਲ੍ਹੇ
ਵਿਚ ਧਾਰਾ 144 ਲਾਗੂ ਕਰ ਦਿਤੀ ਗਈ ਹੈ।
ਹਿਰਾਸਤ ਵਿਚ ਲਏ ਗਏ ਕਿਸਾਨਾਂ ਵਿਚ ਲਚਕਾਣੀ
ਬਲਾਕ ਪਟਿਆਲਾ 2 ਤੋਂ ਸੁਰਜੀਤ ਸਿੰਘ, ਹਰਪਾਲ ਸਿੰਘ, ਗੁਰਮੀਤ ਸਿੰਘ, ਬੰਤ ਸਿੰਘ ਸੂਬੇਦਾਰ
ਕਾਠਮੱਠੀ, ਅਮਰਜੀਤ ਸਿੰਘ ਰੋੜੇਵਾਲ, ਜਰਨੈਲ ਸਿੰਘ ਮੰਡੋੜ, ਸਮਸ਼ੇਰ ਸਿੰਘ ਆਲੋਵਾਲ ਨਾਭਾ
ਬਲਾਕ ਤੋਂ ਲਖਮੀਰ ਸਿੰਘ, ਦਰਸ਼ਨ ਸਿੰਘ ਘਮਰੋਦਾ, ਨਛੱਤਰ ਸਿੰਘ ਕੁਲਵਿੰਦਰ ਸਿੰਘ ਕੈਦੂਪੁਰ,
ਸੁਖਦੇਵ ਸਿੰਘ, ਗੁਰਦੀਪ ਸਿੰਘ ਭੱਟੀਆਂ, ਸੁਖਦੇਵ ਸਿੰਘ ਇਛੇਵਾਲ, ਭਾਗ ਸਿੰਘ ਇਛੇਵਾਲ,
ਭੁਨਰਹੇੜੀ ਤੋਂ ਸਤੀਸ਼ ਕੁਮਾਰ ਬਹਾਲ, ਪਾਤੜਾਂ ਬਲਾਕ ਤੋਂ ਮੰਗਤ ਸਿੰਘ, ਗੁਰਨਾਮ ਸਿੰਘ
ਦੁਤਾਲ, ਜਗਤਾਰ ਸਿੰਘ ਧੂੜ, ਨਛੱਤਰ ਸਿੰਘ ਦੇਦਨਾ, ਸਮਾਣਾ ਬਲਾਕ ਤੋਂ ਰਜਿੰਦਰ ਸਿੰਘ
ਮਰਦਹੇੜੀ, ਸਤਨਾਮ ਸਿੰਘ, ਹਰਜੀਤ ਸਿੰਘ ਗੁਰਦਿਆਲ ਪੁਰਾ, ਰਜਿੰਦਰ ਸਿੰਘ ਹਰਚੰਦ ਪੁਰਾ ਆਦਿ
ਕਿਸਾਨਾਂ ਦੇ ਨਾਮ ਸ਼ਾਮਲ ਹਨ।