
ਮੋਹਾਲੀ, 8 ਮਾਰਚ (ਸੁਖਵਿੰਦਰ ਭਾਰਜ) : ਗਿਆਨ ਜੋਤੀ ਇੰਸਟੀਚਿਊਟ ਆਫ਼ ਮੈਨੇਜਮੈਂਟ ਅਤੇ ਟੈਕਨੌਲੋਜੀ ਫ਼ੇਜ਼-2 ਵਲੋਂ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਸਮਾਜ ਦੀ ਬਿਹਤਰੀ ਵਿਚ ਅਹਿਮ ਯੋਗਦਾਨ ਪਾਉਣ ਵਾਲੀਆਂ 8 ਔਰਤਾਂ ਦਾ ਸਨਮਾਨ ਕੀਤਾ ਗਿਆ।ਸਨਮਾਨ ਹਾਸਲ ਕਰਨ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ ਵਿਚ ਪਹਿਲੇ ਸਨਮਾਨਯੋਗ ਗੁਰਸ਼ਬਨਮ ਕੌਰ, ਜੋ ਕਿ ਪੀ.ਜੀ.ਆਈ. ਵਿਚ ਜ਼ਰੂਰਤਮੰਦਾਂ ਨੂੰ ਮੁਫ਼ਤ ਦਵਾਈਆਂ ਦਿੰਦੇ ਹਨ। ਦੂਸਰੇ ਵੰਦਨਾ ਹਨ, ਜੋ ਕਿ ਦਸਵੀਂ ਤਕ ਗ਼ਰੀਬ ਵਿਦਿਆਰਥੀਆਂ ਨੂੰ ਦਸਵੀਂ ਤਕ ਮੁਫ਼ਤ ਸਿਖਿਆ ਪ੍ਰਦਾਨ ਕਰਾਉਂਦੇ ਹਨ। ਤੀਸਰੀ ਹਸਤੀ ਅਮਿਤਾ ਮਰਵਾਹਾ ਹਨ ਜੋ ਕਿ ਗ਼ਰੀਬ ਬੱਚਿਆਂ ਨੂੰ ਮੁਫ਼ਤ ਤਾਈਕਵਾਡੋ ਦੀ ਸਿਖਿਆ ਦਿੰਦੇ ਹਨ। ਉਨ੍ਹਾਂ ਦੇ ਸਿਖਾਏ ਗ਼ਰੀਬ ਬੱਚੇ ਅੱਜ ਰਾਸ਼ਟਰੀ ਪੱਧਰ 'ਤੇ ਅਪਣਾ ਅਹਿਮ ਯੋਗਦਾਨ ਪਾ ਰਹੇ ਹਨ। ਚੌਥੀ ਹਸਤੀ ਰੋਟੀ ਬੈਂਕ ਦੇ ਸੰਸਥਾਪਕ ਸੁਨੀਤਾ ਸ਼ਰਮਾ ਹਨ। ਪੰਜਵੀਂ ਹਸਤੀ ਤਮੰਨਾ ਐਨ ਜੀ À ਦੇ ਸੰਸਥਾਪਕ ਈਸ਼ਾ ਕੇਕਰੀਆ ਸਨ। ਛੇਵੀਂ ਹਸਤੀ ਅਮਰਜੀਤ ਕੌਰ ਸਨ, ਜੋ ਕਿ ਅਣਪਛਾਤੀਆਂ ਮ੍ਰਿਤਕ ਦੇਹਾਂ ਦਾ ਸਸਕਾਰ ਕਰਦੇ ਹਨ। ਸਤਵੀਂ ਹਸਤੀ ਬੱਚਿਆਂ ਦੇ ਟ੍ਰੈਫ਼ਿਕ ਪਾਰਕ ਦੇ ਇੰਚਾਰਜ ਇੰਸਪੈਕਟਰ ਸੀਤਾ ਦੇਵੀ ਸਨ। ਜਦ ਕਿ ਅਠਵੀਂ ਹਸਤੀ ਮਰਹੂਮ ਨੀਰਜਾ ਭਨੋਟ ਸਨ, ਜਿਨ੍ਹਾਂ ਦਾ ਐਵਾਰਡ ਉਨ੍ਹਾਂ ਦੀ ਭਤੀਜੀ ਨੇ ਹਾਸਿਲ ਕੀਤਾ। ਇਸ ਮੌਕੇ ਪੰਜਾਬ ਦੇ ਜੰਗਲਾਤ ਵਿਭਾਗ ਦੇ ਕੰਜ਼ਰਵੇਟਰ ਧਰਮਿੰਦਰ ਸ਼ਰਮਾ ਅਤੇ ਗਿਆਨ ਜੋਤੀ ਗਰੁੱਪ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਇਨ੍ਹਾਂ ਸ਼ਖ਼ਸੀਅਤਾਂ ਨੂੰ ਸਨਮਾਨਤ ਕੀਤਾ। ਜਦ ਕਿ ਗਿਆਨ ਜੋਤੀ ਦੇ ਡਾਇਰੈਕਟਰ ਡਾ. ਅਨੀਤ ਬੇਦੀ ਨੇ ਪ੍ਰੋਗਰਾਮ ਦੀ ਪ੍ਰਧਾਨਗੀ ਕੀਤੀ। ਇਸ ਮੌਕੇ 94.3 ਐਫਐਮ ਦੇ ਆਰ.ਜੇ. ਮੀਨਾਕਸ਼ੀ ਨੇ ਸਟੇਜ ਸੰਭਾਲੀ।
ਗਿਆਨ ਜੋਤੀ ਦੇ ਚੇਅਰਮੈਨ ਜੇ.ਐਸ. ਬੇਦੀ ਨੇ ਔਰਤਾਂ ਦੇ ਸ਼ਕਤੀਕਰਨ 'ਤੇ ਜ਼ੋਰ ਦਿੰਦੇ ਹੋਏ ਕਿਹਾ ਕਿ ਕਿਸੇ ਵੀ ਔਰਤ ਦੇ ਸ਼ਕਤੀਕਰਨ ਦੀ ਸ਼ੁਰੂਆਤ ਘਰ ਤੋਂ ਹੁੰਦੀ ਹੈ। ਇਸ ਲਈ ਲਿੰਗ ਭੇਦ ਭਾਵ ਦੀ ਖ਼ਾਤਮਾ ਘਰਾਂ ਤੋਂ ਸ਼ੁਰੂ ਹੋ ਜਾਵੇ ਤਾਂ ਬਾਹਰ ਵੀ ਇਸ ਦਾ ਵੱਡੇ ਪੱਧਰ 'ਤੇ ਸਕਾਰਤਮਕ ਅਸਰ ਪਵੇਗਾ।ਡਾਇਰੈਕਟਰ ਅਨੀਤ ਬੇਦੀ ਅਪਣੇ ਸੰਬੋਧਨ ਵਿਚ ਕਿਹਾ ਕਿ ਅੱਜ ਦੀ ਔਰਤ ਇਕ ਮਾਂ, ਭੈਣ, ਬੇਟੀ, ਪਤਨੀ ਹੋਣ ਦੇ ਫ਼ਰਜ਼ ਪੂਰੇ ਕਰਨ ਦੇ ਨਾਲ ਨਾਲ ਇਕ ਪ੍ਰੋਫੈਸ਼ਨਲ ਜ਼ਿੰਦਗੀ ਵੀ ਜੀ ਰਹੀ ਹੈ ਅਤੇ ਇਸ ਦੋਹਰੀ ਜ਼ਿੰਦਗੀ 'ਚ ਪਹਿਲਾਂ ਘਰ ਦਾ ਖਿਆਲ ਰੱਖਣ ਦੇ ਨਾਲ-ਨਾਲ ਪਰਵਾਰ ਲਈ ਰੁਪਏ ਕਮਾਉਣ ਲਈ ਵੀ ਆਪਣਾ ਯੋਗਦਾਨ ਪਾਉਣਾ ਯਕੀਨਨ ਇਕ ਔਰਤ ਦੀ ਅਪਾਰ ਹਿੰਮਤ ਦਾ ਹੀ ਪਛਾਣ ਹੈ ਪਰ ਰੋਜ਼ਾਨਾ ਵੱਧ ਰਹੇ ਬਲਾਤਕਾਰ ਅਤੇ ਛੇੜਛਾੜ ਦੀਆਂ ਘਟਨਾਵਾਂ ਦੇ ਚਲਦਿਆਂ ਕਈ ਪਰਵਾਰਾਂ ਆਪਣੀਆਂ ਧੀਆਂ ਨੂੰ ਘਰਾਂ ਦੀ ਚਾਰ ਦੀਵਾਰੀ ਤੋਂ ਬਾਹਰ ਕੱਢਣ ਤੋਂ ਡਰਦੇ ਹਨ ਜੋ ਕਿ ਇਕ ਗੰਭੀਰ ਚਿੰਤਾ ਦਾ ਵਿਸ਼ਾ ਹੈ ਅਤੇ ਇਸ ਲਈ ਸਰਕਾਰ ਅਤੇ ਸੁਸਾਇਟੀ ਨੂੰ ਕੋਈ ਹੱਲ ਕੱਢਣ ਲਈ ਇਕਠੇ ਹੋਏ ਅੱਗੇ ਆਉਣਾ ਜ਼ਰੂਰੀ ਹੋ ਚੁੱਕਾ ਹੈ । ਇਸ ਦੇ ਨਾਲ ਹੀ ਉਨ੍ਹਾਂ ਸਾਰੇ ਵਿਦਿਆਰਥੀਆਂ ਨੂੰ ਇਨ੍ਹਾਂ ਕੁਰੀਤੀਆਂ ਵਿਰੁੱਧ ਅੱਗੇ ਆਉਣ ਦੀ ਪ੍ਰੇਰਨਾ ਦਿਤੀ । ਇਸ ਮੌਕੇ ਤੇ ਇਸ ਦਿਹਾੜੇ ਦੀ ਯਾਦ ਵਿਚ ਕੇਕ ਵੀ ਕੱਟਿਆਂ ਗਿਆ।