
ਅੰਮ੍ਰਿਤਸਰ, 27 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਸਾਬਕਾ ਉਪ ਮੁੱਖ ਮੰਤਰੀ ਵਲੋਂ ਲੋਕ ਸਭਾ ਮੈਂਬਰ ਜਥੇਦਾਰ ਰਣਜੀਤ ਸਿੰਘ ਬ੍ਰਹਮਪੁਰਾ ਦੇ ਅੰਮ੍ਰਿਤਸਰ ਗ੍ਰਹਿ ਵਿਖੇ ਇਕ ਮੀਟਿੰਗ ਕੀਤੀ ਗਈ। ਮੀਟਿੰਗ ਵਿਚ ਕਾਂਗਰਸ ਸਰਕਾਰ ਵਲੋਂ ਰਿਫ਼ਾਇਨਰੀ ਵਲੋਂ ਬਾਹਰ ਨਿਕਲ ਰਹੇ ਹਰ ਟਰੱਕ ਤੇ 20,000 ਗੁੰਡਾ ਟੈਕਸ ਵਜੋਂ ਵਸੂਲ ਕੀਤਾ ਜਾਂਦਾ ਹੈ, ਬਾਰੇ ਜ਼ੋਰਦਾਰ ਸ਼ਬਦਾਂ ਵਿਚ ਪੰਜਾਬ ਕਾਂਗਰਸ ਸਰਕਾਰ ਦੀਆਂ ਨਾਕਾਮਯਾਬੀਆਂ ਬਾਰੇ ਨਿਖੇਧੀ ਕੀਤੀ ਅਤੇ ਇਸ ਗੁੰਡਾ ਟੈਕਸ ਨੂੰ ਖ਼ਤਮ ਕਰਨ ਦੀ ਵੀ ਗੱਲ ਕੀਤੀ। ਉਨ੍ਹਾਂ ਵਲੋਂ ਸਾਂਝੇ ਤੌਰ 'ਤੇ ਦੱਸਿਆ ਕਿ ਲੁਧਿਆਣਾ ਨਿਗਮ ਚੋਣਾਂ ਵਿਚ ਐਮ.ਪੀ. ਰਵਨੀਤ ਸਿੰਘ ਬਿੱਟੂ ਅਤੇ ਵਿਧਾਇਕ ਭਰਤ ਭੂਸ਼ਣ ਆਸ਼ੂ ਵਲੋਂ ਅਪਣੇ ਗੁੰਡਾ ਬ੍ਰਿਗੇਡ ਨਾਲ ਮਿਲ ਕੇ ਪੁਲਿਸ ਦੀ ਛੱਤਰ ਛਾਇਆ ਹੇਠ ਕਾਂਗਰਸ ਸਰਕਾਰ ਵਲੋਂ ਧੋਖੇ ਨਾਲ ਬੂਥ ਕੈਪਚਰਿੰਗ ਕੀਤੀ ਅਤੇ ਜਾਅਲੀ ਵੋਟਾ ਪਵਾਈਆਂ ਜੋ ਲੋਕਤੰਤਰ ਤੇ ਇਕ ਗੰਦਾ ਧੱਬਾ ਹੈ। ਚੋਣ ਕਮਿਸ਼ਨ ਨੂੰ ਦੋਸ਼ੀਆਂ ਵਿਰੁਧ ਕੇਸ ਦਰਜ ਕਰ ਕੇ ਸਖ਼ਤ ਕਾਰਵਾਈ ਕਰਨੀ ਚਾਹੀਦੀ ਹੈ।
ਸ੍ਰ ਬਾਦਲ ਨੇ ਕਿਹਾ ਕਿ ਕੈਪਟਨ ਦੇ ਜਵਾਈ ਗੁਰਪਾਲ ਸਿੰਘ ਜੋ ਯੂ.ਪੀ. ਵਿਚ ਇਕ ਨਿਜੀ ਖੰਡ ਮਿਲ ਦਾ ਐਮ.ਡੀ. ਹੈ ਅਤੇ ਅਪਣੇ ਨਾਲ ਦੂਸਰੇ ਅਹੁਦੇਦਾਰਾਂ ਨੂੰ ਮਿਲਾ ਕੇ ਕਿਸਾਨਾਂ ਦੀ ਅਦਾਇਗੀ ਲਈ ਬੈਂਕ ਤੋਂ ਕਰਜ਼ਾ ਲੈ ਕੇ 109-110 ਕਰੋੜ ਦੀ ਮੋਟੀ ਠੱਗੀ ਮਾਰ ਕੇ ਧੋਖਾਧੜੀ ਕੀਤੀ ਹੈ, ਮੰਦਭਾਗੀ ਗੱਲ ਹੈ। ਬਾਦਲ ਨੇ ਇਹ ਜ਼ਿਲ੍ਹਾ ਪੱਧਰ 'ਤੇ ਮਾਝੇ ਵਿਚ ਕਾਂਗਰਸ ਸਰਕਾਰ ਵਿਰੁਧ ਪੋਲ ਖੋਲ ਰੈਲੀਆਂ ਦਾ ਪ੍ਰਬੰਧ ਵੀ ਜਲਦੀ ਕੀਤਾ ਜਾਵੇਗਾ ਤਾਂ ਜੋ ਜਨਤਾ ਵਿਚ ਕਾਂਗਰਸ ਸਰਕਾਰ ਦੇ ਘਿਨੋਣੇ ਕੰਮਾਂ ਨੂੰ ਨੰਗਿਆ ਕੀਤਾ ਜਾ ਸਕੇ। ਸ. ਬਾਦਲ ਮੁਤਾਬਕ ਸ਼੍ਰੋਮਣੀ ਅਕਾਲੀ ਦਲ ਤਰਨ-ਤਾਰਨ ਦੀਆਂ ਜਥੇਬੰਦੀਆਂ ਨੂੰ ਨਵੇਂ ਸਿਰੇ ਤੋ ਤਿਆਰ ਕੀਤਾ ਜਾਵੇਗਾ। ਇਸ ਮੌਂਕੇ ਰਵਿੰਦਰ ਸਿੰਘ ਬ੍ਰਹਮਪੁਰਾ, ਵਿਰਸਾ ਸਿੰਘ ਵਲਟੋਹਾ ਸਾਬਕਾ ਮੰਤਰੀ, ਹਰਮੀਤ ਸਿੰਘ ਸੰਧੂ ਸਾਬਕਾ ਵਿਧਾਇਕ, ਗੁਰਪ੍ਰਤਾਪ ਸਿੰਘ ਟਿੱਕਾ ਸ਼ਹਿਰੀ ਜਿਲ੍ਹਾ ਪ੍ਰਧਾਨ ਆਦਿ ਹਾਜ਼ਰ ਸਨ।