ਮੋਗਾ,
 11 ਸਤੰਬਰ (ਅਮਜਦ ਖ਼ਾਨ/ਜਸਵਿੰਦਰ ਸਿੰਘ ਧੱਲੇਕੇ) : ਜ਼ਿਲ੍ਹਾ ਮੋਗਾ ਦੇ ਪਿੰਡ ਸੱਦਾ ਸਿੰਘ
 ਵਾਲਾ ਵਿਖੇ ਸਥਿਤ ਗੁਰਦੁਆਰਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦੀ ਪ੍ਰਧਾਨਗੀ ਨੂੰ ਲੈ ਕੇ 
ਪੁਲਿਸ ਦੀ ਹਾਜ਼ਰੀ ਵਿਚ ਪਿੰਡ ਵਾਸੀਆਂ ਦੀਆਂ ਦੋ ਧਿਰਾਂ ਵਿਚ ਖ਼ੂਬ ਲੜਾਈ ਹੋਈ, ਜਿਸ ਵਿਚ 
ਦੋਵੇਂ ਧਿਰਾਂ ਖੂਬ ਗੁੱਥਮ ਗੁੱਥਾ ਹੋਈਆਂ, ਇਕ ਦੂਜੇ ਦੀਆਂ ਪੱਗਾਂ ਲਾਹੀਆਂ ਅਤੇ ਕੇਸਾਂ 
ਦੀ ਬੇਅਦਬੀ ਕੀਤੀ। 
ਪੁਲਿਸ ਵਲੋਂ ਹਾਲਾਤ 'ਤੇ ਕਾਬੂ ਪਾਉਣ ਲਈ ਕਾਫੀ ਮੁਸ਼ੱਕਤ ਕਰਨੀ 
ਪਈ ਅਤੇ ਅੰਤ ਹੋਰ ਫੋਰਸ ਨੂੰ ਬੁਲਾਉਣਾ ਪਿਆ। ਦੋਨੋਂ ਧਿਰਾਂ ਵਿਚੋਂ ਇਕ ਦਾ ਸਬੰਧ ਅਕਾਲੀ 
ਦਲ ਪਾਰਟੀ ਨਾਲ ਹੈ ਤੇ ਦੂਜੀ ਪਾਰਟੀ ਦਾ ਕਾਂਗਰਸ ਪਾਰਟੀ ਨਾਲ ਹੈ। ਪਹਿਲਾਂ ਇਸ ਗੁਰਦੁਆਰਾ
 ਸਾਹਿਬ ਦੀ ਪ੍ਰਧਾਨਗੀ ਅਕਾਲੀ ਦਲ ਨਾਲ ਸਬੰਧਤ ਗੁਰਦੇਵ ਸਿੰਘ ਕੋਲ ਸੀ ਤੇ ਪਿਛਲੇ ਕੁਝ 
ਸਮੇਂ ਤੋਂ ਉਨ੍ਹਾਂ ਨੇ ਪ੍ਰਧਾਨਗੀ ਛੱਡ ਦਿਤੀ ਸੀ ਅਤੇ ਨਵੀਂ ਕਮੇਟੀ ਪਿੰਡ ਵਾਸੀਆਂ ਨੂੰ 
ਬਣਾਉਣ ਲਈ ਕਿਹਾ।  
ਪਿੰਡ ਦੀ ਇਕ ਧਿਰ ਵਲੋਂ ਮਤਾ ਪਾ ਕੇ ਨਵੀਂ ਕਮੇਟੀ ਬਣਾ ਦਿਤੀ ਗਈ
 ਜੋ ਕਿ ਦੂਜੀ ਧਿਰ ਨੂੰ ਮਨਜ਼ੂਰ ਨਹੀਂ ਸੀ। ਦੂਜੀ ਧਿਰ ਨੇ ਅਪਣੀ ਅਲੱਗ ਕਮੇਟੀ ਬਣਾ ਲਈ 
ਜਿਸ ਤੋਂ ਸਾਰਾ ਝਗੜਾ ਸ਼ੁਰੂ ਹੋਇਆ। ਲੜਾਈ ਵਿਚ ਜ਼ਖ਼ਮੀ ਬਲਵੰਤ ਸਿੰਘ ਪੁਤਰ ਬਘੇਲ ਸਿੰਘ ਦੇ 
ਬਿਆਨਾਂ 'ਤੇ 18 ਵਿਅਕਤੀਆਂ ਵਿਰੁਧ ਮਾਮਲਾ ਦਰਜ ਕਰ ਲਿਆ ਹੈ।  
                    
                