
ਚੰਡੀਗੜ੍ਹ, 23 ਅਕਤੂਬਰ (ਨੀਲ ਭਲਿੰਦਰ ਸਿੰਘ): ਪੰਚਕੂਲਾ ਹਿੰਸਾ ਦੇ ਮਾਮਲੇ ਵਿਚ ਮੁੱਖ ਦੋਸ਼ੀਆਂ ਸ਼ੁਮਾਰ ਸੌਦਾ ਸਾਧ ਦੀ ਕਰੀਬੀ ਹਨੀਪ੍ਰੀਤ ਇੰਸਾਂ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾ ਦਿਤੀ ਗਈ ਹੈ । ਪੰਚਕੂਲਾ ਦੀ ਅਦਾਲਤ ਨੇ ਹਨੀਪ੍ਰੀਤ ਅਤੇ ਸੁਖਦੀਪ ਕੌਰ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਵਧਾਉਂਦੇ ਹੋਏ ਮਾਮਲੇ ਦੀ ਅਗਲੀ ਸੁਣਵਾਈ 6 ਨਵੰਬਰ ਨੂੰ ਨੀਯਤ ਕੀਤੀ ਹੈ ।
ਦਸਣਯੋਗ ਹੈ ਕਿ ਸੌਦਾ ਸਾਧ ਨੂੰ ਅਦਾਲਤ ਵਿਚ ਦੋਸ਼ੀ ਠਹਰਾਏ ਜਾਣ ਤੋਂ ਬਾਅਦ ਪੰਚਕੂਲਾ ਅਤੇ ਆਸਪਾਸ ਦੇ ਇਲਾਕਿਆਂ ਵਿਚ ਹਿੰਸਾ ਭੜਕ ਉੱਠੀ ਸੀ। ਇਸ ਹਿੰਸਾ ਵਿਚ 30 ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ ਸੀ ਅਤੇ ਜਾਨਮਾਲ ਦਾ ਕਾਫ਼ੀ ਨੁਕਸਾਨ ਹੋਇਆ ਸੀ। ਇਸ ਮਾਮਲੇ ਵਿਚ ਪੁਲਿਸ ਨੇ ਸਿਰਸਾ ਡੇਰੇ ਦੇ ਪ੍ਰਮੁੱਖ ਪ੍ਰਬੰਧਕਾਂ 'ਚ ਸ਼ੁਮਾਰ ਹਨੀਪ੍ਰੀਤ ਨੂੰ ਪੰਜਾਬ ਦੇ ਜ਼ੀਰਕਪੁਰ ਤੋਂ ਗ੍ਰਿਫ਼ਤਾਰ ਕੀਤਾ ਸੀ।