
ਚੰਡੀਗੜ੍ਹ, 10 ਅਕਤੂਬਰ (ਨੀਲ ਭਲਿੰਦਰ ਸਿੰਘ) : ਹਨੀਪ੍ਰੀਤ ਇੰਸਾਂ ਉਰਫ਼ ਪ੍ਰਿਅੰਕਾ ਤਨੇਜਾ ਨੂੰ ਅੱਜ ਮੁੜ ਪੰਚਕੂਲਾ ਅਦਾਲਤ ਵਿਚ ਪੇਸ਼ ਕੀਤਾ ਗਿਆ। ਅਦਾਲਤ ਨੇ ਹਨੀਪ੍ਰੀਤ ਦਾ ਰੀਮਾਂਡ ਤਿੰਨ ਦਿਨ ਹੋਰ ਵਧਾ ਦਿਤਾ ਹੈ। ਹਾਲਾਂਕਿ ਪੁਲਿਸ ਪੁੱਛਗਿਛ ਦੌਰਾਨ ਹਨੀਪ੍ਰੀਤ ਦੀ ਚੁੱਪੀ ਤੋੜਨ ਲਈ ਹਰਿਆਣਾ ਪੁਲਿਸ 9 ਦਿਨ ਦੇ ਰੀਮਾਂਡ ਦੀ ਤਵੱਕੋ ਕਰ ਰਹੀ ਸੀ। ਦਸਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਨੇ ਉਸ ਨੂੰ 6 ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜਿਆ ਸੀ। ਅਦਾਲਤ ਨੇ ਹਨੀਪ੍ਰੀਤ ਦੇ ਸਾਬਕਾ ਡਰਾਈਵਰ ਰਾਕੇਸ਼ ਨੂੰ 14 ਦਿਨ ਦੀ ਨਿਆਂਇਕ ਹਿਰਾਸਤ ਵਿਚ ਭੇਜਿਆ ਹੈ। ਸੁਖਦੀਪ ਕੌਰ ਨੂੰ ਵੀ ਅਦਾਲਤ ਵਿਚ ਪੇਸ਼ ਕਰ ਕੀਤਾ ਗਿਆ ਜਿਥੇ ਉਸ ਨੂੰ 3 ਦਿਨ ਦੇ ਪੁਲਿਸ ਰੀਮਾਂਡ 'ਤੇ ਭੇਜਿਆ ਗਿਆ ਹੈ। ਇਨ੍ਹਾਂ ਛੇ ਦਿਨਾਂ ਵਿਚ ਹਰਿਆਣਾ ਪੁਲਿਸ ਦੀ ਐਸ ਆਈ ਟੀ ਹਨੀਪ੍ਰੀਤ ਕੋਲੋਂ ਰੀਮਾਂਡ ਦੌਰਾਨ ਕੋਈ ਖਾਸ 'ਰਾਜ਼' ਨਹੀਂ ਉਗਲਵਾ ਸਕੀ। ਹਨੀਪ੍ਰੀਤ ਵਾਰ-ਵਾਰ ਇਕ ਹੀ ਗੱਲ ਕਹਿ ਰਹੀ ਹੈ ਕਿ ਉਸ ਨੂੰ ਉਸ ਨੂੰ ਕੁੱਝ ਨਹੀਂ ਪਤਾ।
ਪੰਚਕੂਲਾ ਹਿੰਸਾ ਲਈ ਡੇਢ ਕਰੋੜ ਰੁਪਏ ਭੇਜਣ ਦੇ ਮਾਮਲੇ ਨੂੰ ਐਸ. ਆਈ. ਟੀ. ਨੇ ਪੁਖਤਾ ਕਰ ਲਿਆ ਹੈ ਜਿਸ ਵਿਚ ਪੰਚਕੂਲਾ ਦੇ ਡੇਰਾ ਪ੍ਰਬੰਧਕ ਚਮਕੌਰ ਸਿੰਘ ਰਾਹੀਂ ਪੰਚਕੂਲਾ ਵਿਚ ਡੇਢ ਕਰੋੜ ਰੁਪਏ ਦੇਣ ਦੀ ਗੱਲ ਸਾਹਮਣੇ ਆਈ ਹੈ। ਸੂਤਰਾਂ ਦੀਆਂ ਮੰਨੀਏ ਤਾਂ ਇਸ ਦੱਬਵੀਂ ਸੁਰ ਹਨੀਪ੍ਰੀਤ ਨੇ ਵੀ ਇਸ ਦੀ ਪੁਸ਼ਟੀ ਕਰ ਦਿਤੀ ਹੈ ਜਦਕਿ ਦੂਜੇ ਦੋਸ਼ੀਆਂ ਕੋਲੋਂ ਪੁਲਿਸ ਨੂੰ ਸਿੱਧੇ ਤੌਰ 'ਤੇ ਪੂਰੀ ਜਾਣਕਾਰੀ ਪਹਿਲਾਂ ਮਿਲ ਚੁੱਕੀ ਸੀ।ਪੁਲਿਸ ਸੂਤਰਾਂ ਮੁਤਾਬਕ ਰਾਕੇਸ਼ ਅਤੇ ਹਨੀਪ੍ਰੀਤ ਨੂੰ ਆਹਮੋ-ਸਾਹਮਣੇ ਬਿਠਾ ਕੇ ਕਈ ਪਹਿਲੂਆਂ 'ਤੇ ਪੁੱਛਗਿਛ ਕੀਤੀ ਗਈ। ਬਹੁਤੇ ਸਵਾਲਾਂ ਉੱਤੇ ਰਾਕੇਸ਼ ਨੇ ਤਾਂ ਜਾਣਕਾਰੀ ਦਿਤੀ ਪਰ ਹਨੀਪ੍ਰੀਤ ਉਸ ਤੋਂ ਵੱਖ ਹੀ ਬੋਲਦੀ ਰਹੀ।