
ਬਠਿੰਡਾ, 5 ਅਕਤੂਬਰ (ਸੁਖਜਿੰਦਰ ਮਾਨ, ਸੁਭਾਸ਼ ਸਿੰਗਲਾ, ਢੀਂਗਰਾ, ਗੁਰਪ੍ਰੀਤ) : ਡੇਰਾ ਸਿਰਸਾ ਦੇ ਮੁਖੀ ਰਾਮ ਰਹੀਮ ਦੀ ਮੂੰਹ ਬੋਲੀ 'ਬੇਟੀ' ਹਨੀਪ੍ਰੀਤ ਕੌਰ ਅਤੇ ਉਸ ਦੀ ਸਾਥਣ ਸੁਖਦੀਪ ਕੌਰ ਨੂੰ ਹਰਿਆਣਾ ਪੁਲਿਸ ਅੱਜ ਬਠਿੰਡਾ ਲੈ ਕੇ ਪੁੱਜੀ। ਹਾਲਾਂਕਿ ਇਸ ਫੇਰੀ ਦੌਰਾਨ ਹਰਿਆਣਾ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ ਦੇ ਹੱਥ ਕੁੱਝ ਨਹੀਂ ਲੱਗਿਆ ਤੇ ਖ਼ਾਲੀ ਹੱਥ ਵਾਪਸ ਮੁੜਨਾ ਪਿਆ। ਇਸ ਤੋਂ ਇਲਾਵਾ ਟੀਮ ਨੇ ਸੁਖਦੀਪ ਕੌਰ ਦੇ ਜੱਦੀ ਘਰ ਪਿੰਡ ਬੱਲੂਆਣਾ 'ਚ ਇਸ ਟੀਮ ਨੇ ਫੇਰੀ ਨਹੀਂ ਪਾਈ। ਦੋ ਦਿਨ ਪਹਿਲਾਂ ਪੁਲਿਸ ਵਲੋਂ ਗ੍ਰਿਫ਼ਤਾਰ ਕਰਨ ਤੋਂ ਬਾਅਦ ਹਨੀਪ੍ਰੀਤ ਨੇ ਦਾਅਵਾ ਕੀਤਾ ਸੀ ਕਿ ਉਹ ਰੁਪੋਸ਼ ਦੌਰਾਨ ਕੁੱਝ ਸਮੇਂ ਸੁਖਦੀਪ ਦੇ ਘਰ ਬਠਿੰਡਾ ਰਹੀ ਸੀ। ਹਾਲਾਂਕਿ ਪੜਤਾਲ ਦੌਰਾਨ ਹਰਿਆਣਾ ਪੁਲਿਸ ਦੇ ਅਧਿਕਾਰੀਆਂ ਨੂੰ ਅਜਿਹਾ ਕੁੱਝ ਨਹੀਂ ਲੱਗਿਆ ਕਿ ਇਸ ਘਰ ਵਿਚ ਪਿਛਲੇ ਕੁੱਝ ਮਹੀਨਿਆਂ ਤੋਂ ਕਿਸੇ ਮਨੁੱਖ ਦਾ ਵਾਸਾ ਰਿਹਾ ਹੋਵੇਗਾ। ਪੁਲਿਸ ਨੂੰ ਘਰ ਦਾ ਵੀ ਤਾਲਾ ਤੋੜ ਕੇ ਅੰਦਰ ਜਾਣਾ ਪਿਆ।
ਕਰੀਬ ਪੌਣੇ ਦੋ ਵਜੇ ਡੀ.ਐਸ.ਪੀ ਪੰਚਕੂਲਾ ਮੁਕੇਸ਼ ਕੁਮਾਰ ਦੀ ਅਗਵਾਈ ਹੇਠ ਚਾਰ ਗੱਡੀਆਂ 'ਤੇ ਹਨੀਪ੍ਰੀਤ ਤੇ ਸੁਖਦੀਪ ਕੌਰ ਨੂੰ ਲੈ ਕੇ ਪੁੱਜੀ ਹਰਿਆਣਾ ਪੁਲਿਸ ਵਲੋਂ ਬਠਿੰਡਾ ਪੁਲਿਸ ਦੀ ਮਦਦ ਨਾਲ ਸਥਾਨਕ ਗਣੇਸ਼ਾ ਬਸਤੀ ਦੇ ਨਜ਼ਦੀਕ ਆਰੀਆ ਨਗਰ ਦੀ ਗਲੀ ਨੰਬਰ ਵਿਚ ਸਥਿਤ ਸੁਖਦੀਪ ਕੌਰ ਦੇ ਘਰ ਦੀ ਤਿੰਨ ਵਜੇ ਤਕ ਪੜਤਾਲ ਕੀਤੀ ਗਈ। ਮਹੱਤਵਪੂਰਨ ਗੱਲ ਇਹ ਸੀ ਕਿ ਘਰ ਨੂੰ ਅੰਦਰੋਂ ਜਿੰਦਰਾ ਲੱਗਿਆ ਹੋਇਆ ਸੀ, ਜਿਸ ਨੂੰ ਡਿਊਟੀ ਮੈਜਿਸਟੇਰ ਸੁਖਵੀਰ ਸਿੰਘ ਬਰਾੜ ਦੀ ਹਾਜ਼ਰੀ ਵਿਚ ਤੋੜ ਕੇ ਹਰਿਆਣਾ ਪੁਲਿਸ ਨੂੰ ਅੰਦਰ ਦਾਖ਼ਲ ਹੋਣਾ ਪਿਆ। ਇਸ ਦੌਰਾਨ ਕਰੀਬ 15-20 ਮਿੰਟ ਹਨੀਪ੍ਰੀਤ ਤੇ ਸੁਖਦੀਪ ਅਲੱਗ-ਅਲੱਗ ਪੁਲਿਸ ਦੀਆਂ ਗੱਡੀਆਂ ਵਿਚ ਹੀ ਬੈਠੀਆਂ ਰਹੀਆਂ। ਦਸਣਾ ਬਣਦਾ ਹੈ ਕਿ ਉਕਤ ਘਰ ਸੁਖਦੀਪ ਦੇ ਸਹੁਰੇ ਪਰਵਾਰ ਦਾ ਹੈ, ਜਿਸ ਨੂੰ ਕੁੱਝ ਸਮਾਂ ਪਹਿਲਾਂ ਡੇਰੇ ਦੇ ਨਾਮ ਕਰਵਾ ਦਿਤਾ ਗਿਆ ਸੀ। ਇਸ ਮਕਾਨ ਦੇ ਹੇਠਾਂ ਗਡਾਉਨ ਬਣਿਆ ਹੋਇਆ ਸੀ ਜਿਸ ਵਿਚ ਡੇਰੇ ਨਾਲ ਸਬੰਧਤ ਟੈਂਟ ਅਤੇ ਹੋਰ ਸਮਾਨ ਪਿਆ ਹੋਇਆ ਹੈ ਜਦਕਿ ਉਪਰਲੀ ਮੰਜ਼ਿਲ ਉਪਰ ਇਕ ਵੱਡਾ ਹਾਲ, ਰਸੋਈ ਤੇ ਬਾਥਰੂਪ ਹਨ। ਪੁਲਿਸ ਅਧਿਕਾਰੀਆਂ ਨੇ ਇਸ ਮਕਾਨ ਨੂੰ ਦੇਖਣ ਨੂੰ ਤੋਂ ਬਾਅਦ ਹਨੀਪ੍ਰੀਤ ਨੂੰ ਸਖਤੀ ਵਰਤਦੇ ਹੋਏ ਸੱਚ ਬੋਲਣ ਲਈ ਕਿਹਾ ਕਿਉਂਕਿ ਇਸ ਮਕਾਨ ਵਿਚ ਨਾ ਤਾਂ ਕੋਈ ਮੰਜਾ ਸੀ ਅਤੇ ਨਾ ਹੀ ਕੋਈ ਕੁਰਸੀ ਅਤੇ ਰਸੋਈ ਦਾ ਸਮਾਨ ਉਪਲਬਧ ਸੀ। ਇਸ ਤੋਂ ਇਲਾਵਾ ਜਿਸ ਮਕਾਨ ਵਿਚ ਹਨੀਪ੍ਰੀਤ ਰਹਿਣ ਦਾ ਦਾਅਵਾ ਕਰ ਰਹੀ ਹੈ, ਉਸ ਦੇ ਵਾਸਵੇਸ਼ਨਾਂ ਅਤੇ ਫਲੱਸਾਂ ਉਪਰ ਵੀ ਪੁਰਾਣਾ ਮਿੱਟੀ-ਘੱਟਾ ਜੰਮਿਆ ਹੋਇਆ ਸੀ।
ਹਰਿਆਣਾ ਪੁਲਿਸ ਦੀ ਮਹਿਲਾ ਇੰਸਪੈਕਟਰ ਨੇਹਾ ਕੁਮਾਰੀ ਅਤੇ ਥਾਣੇਦਾਰ ਪਵਨਦੀਪ ਕੌਰ ਨੇ ਇਸ ਪੜਤਾਲ ਦੌਰਾਨ ਹਨੀਪ੍ਰੀਤ ਤੇ ਉਸ ਦੀ ਸਾਥਣ ਤੋਂ ਸ²ਖ਼ਤੀ ਨਾਲ ਪੁਛਗਿਛ ਕੀਤੀ। ਇਸ ਦੌਰਾਨ ਹਨੀਪ੍ਰੀਤ ਕੌਰ ਦਾ ਚਿਹਰਾ ਬੁਰੀ ਤਰ੍ਹਾਂ ਉਡਿਆ ਹੋਇਆ ਸੀ ਤੇ ਪੁਲਿਸ ਵਲੋਂ ਪੁਛਗਿਛ ਕਰਨ ਤੇ ਵਾਰ-ਵਾਰ ਹੱਥ ਜੋੜਦੀ ਅਤੇ ਰੋਂਦੀ ਨਜ਼ਰ ਆਈ। ਇਸ ਦੌਰਾਨ ਉਸ ਨੇ ਤਿੰਨ ਵਾਰ ਪਾਣੀ ਵੀ ਪੀਤਾ। ਦਸਣਾ ਬਣਦਾ ਹੈ ਕਿ ਡੇਰਾ ਮੁਖੀ ਰਾਮ ਰਹੀਮ ਨੂੰ ਬਲਾਤਕਾਰ ਦੇ ਕੇਸਾਂ ਵਿਚ ਸਜ਼ਾ ਹੋਣ ਤੋਂ ਬਾਅਦ ਹਨਪ੍ਰੀਤ ਕੌਰ ਭਗੌੜੀ ਚੱਲੀ ਆ ਰਹੀ ਸੀ।
ਦੋ ਦਿਨ ਪਹਿਲਾਂ ਹਰਿਆਣਾ ਪੁਲਿਸ ਨੇ ਜ਼ੀਰਕਪੁਰ ਰੋਡ ਦੇ ਨਜ਼ਦੀਕ ਸੁਖਦੀਪ ਕੌਰ ਦੇ ਨਾਲ ਕਾਬੂ ਕੀਤਾ ਸੀ। ਇਸ ਤੋਂ ਬਾਅਦ ਉਸ ਨੂੰ ਪੰਚਕੂਲਾ ਦੀ ਅਦਾਲਤ ਵਿਚ ਪੇਸ਼ ਕਰਨ ਤੋਂ ਬਾਅਦ 6 ਦਿਨ ਦਾ ਪੁਲਿਸ ਰੀਮਾਂਡ ਲਿਆ ਹੋਇਆ ਹੈ। ਹਨੀਪ੍ਰੀਤ ਵਿਰੁਧ ਦੇਸ ਧ੍ਰੋਹ ਤੇ ਭੰਨਤੋੜ ਦੇ ਦੋਸ਼ਾਂ ਹੇਠ ਕੇਸ ਦਰਜ਼ ਹੈ। ਉਧਰ ਹਨੀਪ੍ਰੀਤ ਦੇ ਨਾਲ ਗ੍ਰਿਫ਼ਤਾਰ ਕੀਤੀ ਸੁਖਦੀਪ ਦੇ ਬੱਲੂਆਣਾ ਪਿੰਡ 'ਚ ਰਹਿ ਰਹੇ ਪਰਵਾਰ ਦੇ ਦੂਜੇ ਮੈਂਬਰ ਘਰੋਂ ਬਾਹਰ ਹਨ।
ਅੱਜ ਹਰਿਆਣਾ ਪੁਲਿਸ ਦੇ ਬੱਲੂਆਣਾ ਪੁੱਜਣ ਦੀ ਸੰਭਾਵਨਾ ਦੇ ਚੱਲਦੇ ਬਠਿੰਡਾ ਪੁਲਿਸ ਵਲੋਂ ਉਥੇ ਭਾਰੀ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ ਪ੍ਰੰਤੂ ਇਹ ਟੀਮ ਉਥੇ ਨਹੀਂ ਪੁੱਜੀ। ਗੌਰਤਲਬ ਹੈ ਕਿ ਸੁਖਦੀਪ ਕੌਰ ਦੇ ਪਤੀ ਇਕਬਾਲ ਸਿੰਘ ਦੇ ਪੜ੍ਹਦਾਦਾ ਭਾਗ ਸਿੰਘ ਦੇ ਸਮੇਂ ਤੋਂ ਲੈ ਕੇ ਡੇਰਾ ਸਿਰਸਾ ਦਾ ਕੱਟੜ ਪੈਰੋਕਾਰ ਹੈ। ਇਨ੍ਹਾਂ ਦੇ ਘਰ ਦੂਜੇ ਡੇਰਾ ਮੁਖੀ ਸਤਨਾਮ ਵੀ ਆਏ ਸਨ। ਹਨੀਪ੍ਰੀਤ ਦੀ ਆਮਦ ਨੂੰ ਲੈ ਕੇ ਲੋਕਾਂ ਦੀ ਵੱਡੀ ਭੀੜ ਹੋਈ ਜਮ੍ਹਾਂ
ਬਠਿੰਡਾ: ਬੇਸ਼ੱਕ ਹਨੀਪ੍ਰੀਤ ਹਰਿਆਣਾ ਪੁਲਿਸ ਦੀ ਕਥਿਤ ਮੁਜ਼ਰਮ ਹੈ ਪਰ ਬਠਿੰਡਾ 'ਚ ਅੱਜ ਉਸ ਦੀ ਆਮਦ ਕਿਸੇ ਫ਼ਿਲਮੀ ਹੀਰੋਇਨ ਤੋਂ ਘੱਟ ਨਹੀਂ ਲੱਗੀ। ਹਨੀਪ੍ਰੀਤ ਦੀ ਬਠਿੰਡਾ ਆਮਦ ਦਾ ਪਤਾ ਲੱਗਦੇ ਹੀ ਗਣੇਸ਼ਾ ਬਸਤੀ 'ਚ ਸੈਂਕੜਿਆਂ ਦੀ ਤਾਦਾਦ ਵਿਚ ਲੋਕ ਇਕੱਠੇ ਹੋ ਗਏ ਜਿਨ੍ਹਾਂ ਵਿਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਲ ਸਨ। ਇਸ ਭੀੜ ਨੂੰ ਕਾਬੂ ਕਰਨ ਲਈ ਬਠਿੰਡਾ ਪੁਲਿਸ ਨੂੰ ਕਾਫ਼ੀ ਮੁਸੱਕਤ ਕਰਨੀ ਪਈ। ਇਹ ਲੋਕ ਹਨੀਪ੍ਰੀਤ ਦੀ ਇਕ ਝਲਕ ਪਾਉਣ ਲਈ ਕਾਫ਼ੀ ਤਰਲੋਮੱਛੀ ਹੋ ਰਹੇ ਸਨ।