
ਰਾਮਪੁਰਾ ਫੂਲ, 23 ਦਸੰਬਰ (ਕੁਲਜੀਤ ਸਿੰਘ ਢੀਗਰਾ): ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਹੈ ਕਿ ਸਰਕਾਰ ਦਾ ਟੀਚਾ ਹੈ ਕਿ ਹਰ ਸਾਲ ਪੰਜ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿਤਾ ਜਾਵੇ। ਜੇਕਰ ਉਨ੍ਹਾਂ ਦੀ ਸਰਕਾਰ ਪੰਜ ਸਾਲਾਂ ਵਿਚ ਪੰਝੀ ਲੱਖ ਨੌਜਵਾਨਾਂ ਨੂੰ ਰੁਜ਼ਗਾਰ ਦਿੰਦੀ ਹੈ ਤਾਂ ਹੀ ਉਹ ਸਫ਼ਲ ਸਰਕਾਰ ਕਹਾਵੇਗੀ। ਇਨ੍ਹਾਂ ਗੱਲਾਂ ਦਾ ਪ੍ਰਗਟਾਵਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਸਥਾਨਕ ਭਾਰਤੀਆ ਮਾਡਲ ਸਕੂਲ ਵਿਖੇ ਹੋ ਰਹੇ ਸਾਲਾਨਾ ਸਮਾਗਮ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ। ਉਨ੍ਹਾਂ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਹਟਾਇਆ ਨਹੀਂ ਜਾਵੇਗਾ ਤੇ ਬਠਿੰਡਾ ਥਰਮਲ ਪਲਾਂਟ ਵਿਖੇ ਕੰਮ ਕਰਦੇ ਕੱਚੇ ਕਰਮਚਾਰੀਆਂ ਨੂੰ ਵੀ ਬਠਿੰਡਾ ਜ਼ਿਲ੍ਹੇ ਵਿਚ ਹੀ ਹੋਰ ਵਿਭਾਗਾਂ 'ਚ ਨੌਕਰੀ ਦਿਤੀ ਜਾਵੇਗੀ।
ਸ. ਮਨਪ੍ਰੀਤ ਬਾਦਲ ਨੇ ਕਿਹਾ ਕਿ ਅਕਾਲੀ ਸਰਕਾਰ ਨੇ ਕੇਂਦਰ ਤਂੋ ਆਏ 13 ਹਜ਼ਾਰ ਕਰੋੜ ਰੁਪਏ ਦੀ ਗ਼ਲਤ ਵਰਤੋਂ ਕਰ ਕੇ ਸੂਬੇ 'ਤੇ ਆਰਥਕ ਬੋਝ ਪਾ ਦਿਤਾ ਹੈ। ਉਨ੍ਹਾਂ ਅੱਗੇ ਕਿਹਾ ਕਿ ਅਕਾਲੀ ਸਰਕਾਰ ਸੂਬੇ ਸਿਰ ਏਨਾ ਕਰਜ਼ਾ ਚੜ੍ਹਾ ਗਈ ਹੈ ਕਿ ਤਿੰਨ ਸਾਲ ਖ਼ਜ਼ਾਨੇ ਦੀ ਹਾਲਤ ਠੀਕ ਨਹੀਂ ਹੋ ਸਕਦੀ ਜਿਸ ਕਾਰਨ ਸਰਕਾਰ ਨੂੰ ਵੱਡੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਬੰਦ ਪਈਆਂ ਪੈਨਸ਼ਨਾਂ 'ਤੇ ਬੋਲਦਿਆਂ ਕਿਹਾ ਕਿ ਪੈਨਸ਼ਨਾਂ ਨੂੰ ਸ਼ੁਰੂ ਕਰ ਦਿਤਾ ਹੈ ਅਤੇ ਆਟਾ ਦਾਲ ਸਕੀਮ ਵੀ ਸ਼ੁ²ਰੂ ਕੀਤੀ ਜਾ ਰਹੀ ਹੈ। ਇਸ ਮੌਕੇ ਹਲਕਾ ਵਿਧਾਇਕ ਗੁਰਪ੍ਰੀਤ ਸਿੰਘ ਕਾਂਗੜ, ਕਾਂਗਰਸੀ ਆਗੂ ਰਾਕੇਸ਼ ਸਹਾਰਾ, ਰਾਜੂ ਜੇਠੀ, ਅਸ਼ੋਕ ਕੁਮਾਰ ਆੜ੍ਹਤੀਆ, ਰਾਮੇਸ਼ ਮੱਕੜ, ਕਾਰਜ਼ ਸਾਧਕ ਅਫ਼ਸਰ ਰਮੇਸ਼ ਕੁਮਾਰ, ਨਗਰ ਕੌਂਸਲ ਦੇ ਪ੍ਰਧਾਨ ਮਨਦੀਪ ਕਰਕਰਾ, ਚਰਨਜੀਤ ਜਟਾਣਾ, ਆੜ੍ਹਤੀਆ ਰਾਕੇਸ਼ ਗਰਗ, ਅਜੀਤ ਅਗਰਵਾਲ, ਰਾਮ ਨਾਥ ਜਿੰਦਲ, ਸ਼ੁਰੇਸ ਬਾਹੀਆ, ਸਤਨਾਮ ਔਲਖ, ਅਮਿਤ ਗਰਗ, ਕਿਰਨਦੀਪ ਔਲਖ, ਅਮਰਿੰਦਰ ਰਾਜਾ ਆਦਿ ਸਾਮਲ ਸਨ।