
ਅੰਮ੍ਰਿਤਸਰ - ਹਿੰਦੂ ਸੰਘਰਸ਼ ਸੈਨਾ ਦੇ ਜ਼ਿਲ੍ਹਾ ਪ੍ਰਧਾਨ ਵਿਪਨ ਸ਼ਰਮਾ ਦੀ ਹੱਤਿਆ ਦੇ ਵਿਰੋਧ ਵਿਚ ਮੰਗਲਵਾਰ ਨੂੰ ਪੰਜਾਬ ਬੰਦ ਦੀ ਕਾਲ ਦਿੱਤੀ ਗਈ ਹੈ। ਹਿੰਦੂ ਸੰਘਰਸ਼ ਸੈਨਾ ਦੇ ਕੌਮੀ ਪ੍ਰਧਾਨ ਅਰੁਣ ਕੁਮਾਰ ਪੋਪਾ ਨੇ ਦੱਸਿਆ ਕਿ ਪੁਲਿਸ ਕਮਿਸ਼ਨਰ ਐੱਸ. ਐੱਸ. ਸ਼੍ਰੀਵਾਸਤਵ ਨੇ ਭਰੋਸਾ ਦਿੱਤਾ ਹੈ ਕਿ ਜਲਦੀ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।
ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਸਥਾਨਕ ਬਟਾਲਾ ਰੋਡ 'ਤੇ ਰੋਸ ਮਾਰਚ ਕੱਢਿਆ ਜਾਵੇਗਾ, ਜਿਸ ਵਿਚ ਪੂਰੇ ਸੂਬੇ ਵਿਚੋਂ ਲਗਭਗ ਸਾਰੇ ਹਿੰਦੂ ਸੰਗਠਨਾਂ ਦੇ ਪ੍ਰਤੀਨਿਧੀ ਅਤੇ ਨੇਤਾ ਸ਼ਾਮਿਲ ਹੋਣਗੇ।
ਸ਼ਿਵ ਸੈਨਾ ਸਮਾਜਵਾਦੀ ਦੇ ਉੱਤਰ ਭਾਰਤ ਦੇ ਮੁਖੀ ਸੰਜੇ ਕਪਿਲਾ, ਪੰਜਾਬ ਯੂਥ ਪ੍ਰਧਾਨ ਵਿਸ਼ਾਲ ਦੱਤਾ ਅਤੇ ਪੰਜਾਬ ਦੇ ਉਪ ਮੁਖੀ ਆਸ਼ੂ ਗਰੋਵਰ ਨੇ ਕਿਹਾ ਕਿ ਹਿੰਦੂ ਨੇਤਾਵਾਂ ਦੀ ਹੱਤਿਆ ਪੁਲਿਸ ਪ੍ਰਸ਼ਾਸਨ ਦੀ ਨਾਕਾਮੀ ਦਾ ਨਤੀਜਾ ਹੈ। ਵਿਪਨ ਸ਼ਰਮਾ ਦੇ ਹਤਿਆਰਿਆਂ ਨੂੰ ਸਜ਼ਾ ਦਿਵਾਉਣ ਲਈ ਜੋ ਵੀ ਸੰਘਰਸ਼ ਕਰਨਾ ਪਵੇਗਾ, ਉਹ ਉਸ ਤੋਂ ਪਿੱਛੇ ਨਹੀਂ ਹਟਣਗੇ।
ਸ਼ਿਵ ਸੈਨਾ ਹਿੰਦੁਸਤਾਨ ਦੇ ਪੰਜਾਬ ਉਪ ਪ੍ਰਧਾਨ ਚੇਤਨ ਕੱਕੜ ਨੇ ਬੰਦ ਦੀ ਕਾਲ ਦਾ ਸਮਰਥਨ ਕੀਤਾ ਹੈ। ਉਨ੍ਹਾਂ ਮੰਗ ਕੀਤੀ ਕਿ ਵਿਪਨ ਸ਼ਰਮਾ ਦੇ ਪਰਿਵਾਰਕ ਮੈਂਬਰਾਂ ਨੂੰ ਪੰਜਾਬ ਸਰਕਾਰ ਵਲੋਂ ਸਰਕਾਰੀ ਨੌਕਰੀ ਦਿੱਤੀ ਜਾਵੇ ਅਤੇ ਉਨ੍ਹਾਂ ਦੇ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਸਰਕਾਰ ਚੁੱਕੇ।
ਹਿੰਦੂ ਸੁਰੱਖਿਆ ਸਮਿਤੀ ਦੇ ਕੌਮੀ ਪ੍ਰਧਾਨ ਸਚਿਨ ਮਹਿਰਾ ਅਤੇ ਚੇਅਰਮੈਨ ਰਾਕੇਸ਼ ਭਸੀਨ ਨੇ ਵੀ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਹੱਤਿਆ 'ਤੇ ਰੋਸ ਜ਼ਾਹਿਰ ਕਰਦੇ ਹੋਏ ਕਿਹਾ ਕਿ ਸੂਬੇ ਦਾ ਮਾਹੌਲ ਫਿਰ ਤੋਂ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਿਵ ਸੈਨਾ ਸਮਾਜਵਾਦੀ ਦੇ ਉਪ ਪ੍ਰਧਾਨ ਅਜੇ ਸੇਠ ਅਤੇ ਪੰਜਾਬ ਪ੍ਰਧਾਨ ਵਿਕਰਮ ਦੱਤਾ ਨੇ ਵੀ ਇਸ ਹੱਤਿਆ ਕਾਂਡ ਦੀ ਨਿੰਦਾ ਕੀਤੀ ਹੈ।
ਉਨ੍ਹਾਂ ਕਿਹਾ ਕਿ ਲਗਾਤਾਰ ਹੀ ਹਿੰਦੂ ਨੇਤਾਵਾਂ 'ਤੇ ਜਾਨਲੇਵਾ ਹਮਲੇ ਹੋ ਰਹੇ ਹਨ। ਉਨ੍ਹਾਂ ਇਹ ਵੀ ਕਿਹਾ ਕਿ ਹਿੰਦੂ ਨੇਤਾ ਵਿਪਨ ਸ਼ਰਮਾ ਦੀ ਦਿਨ-ਦਿਹਾੜੇ ਹੱਤਿਆ ਹੋਣ ਤੋਂ ਪਤਾ ਲੱਗਦਾ ਹੈ ਕਿ ਸ਼ਰਾਰਤੀ ਅਨਸਰਾਂ ਦੇ ਹੌਸਲੇ ਕਿੰਨੇ ਬੁਲੰਦ ਹਨ। ਉਨ੍ਹਾਂ ਕਿਹਾ ਕਿ ਉਹ ਬੰਦ ਦੀ ਕਾਲ ਨੂੰ ਪੂਰਾ ਸਮਰਥਨ ਦਿੰਦੇ ਹਨ।