
ਲੁਧਿਆਣਾ, 26 ਫ਼ਰਵਰੀ (ਮਹੇਸ਼ਇੰਦਰ ਸਿੰਘ ਮਾਂਗਟ): ਨਵੰਬਰ 1984 ਨੂੰ ਹੋਂਦ ਚਿੱਲੜ ਹਰਿਆਣਾ ਵਿਚ ਸਾੜੇ 32 ਸਿੱਖਾਂ ਦੇ ਮੁਆਵਜ਼ੇ ਦੀ ਸੁਣਵਾਈ ਅੱਜ ਪੰਜਾਬ ਹਰਿਆਣਾ ਹਾਈ ਕੋਰਟ ਵਿਚ ਹੋਈ। ਪੀੜਤ ਧਿਰ ਵਲੋਂ ਪਹੁੰਚੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜੀ. ਮਨਵਿੰਦਰ ਸਿੰਘ ਗਿਆਸਪੁਰਾ ਤੇ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਅਜੇ ਜੈਨ ਹਾਜ਼ਰ ਹੋਏ। ਉਨ੍ਹਾਂ ਦਸਿਆ ਕਿ ਅਦਾਲਤ ਵਿਚ ਮੁਆਵਜ਼ੇ ਦੇ 44 ਕੇਸ ਵਿਚਾਰ ਅਧੀਨ ਕੇਸਾਂ ਦੀ ਸੁਣਵਾਈ ਹੋਈ। ਇਹ ਕੇਸ 31 ਮੌਤ ਦੇ ਕੇਸ ਅਤੇ 4 ਗੰਭੀਰ ਜ਼ਖ਼ਮੀਆਂ ਨਾਲ ਸਬੰਧਤ ਹਨ। ਇਨ੍ਹਾਂ ਕੇਸਾਂ ਵਿਚ ਮੁਦਈ ਸਰੂਪ ਸਿੰਘ, ਸਤਪਾਲ ਸਿੰਘ, ਅਮਰਜੀਤ ਸਿੰਘ, ਈਸਵਰੀ ਦੇਵੀ, ਸਵਰਨ ਸਿੰਘ ਤੇ ਗੁੱਡੀ ਦੇਵੀ ਹਨ। ਉਨ੍ਹਾਂ ਵਲੋਂ ਅਪਣੇ ਵਕੀਲ ਰਾਹੀਂ ਪਾਈ ਪਟੀਸ਼ਨ ਵਿਚ 1984 ਤੋਂ ਹੁਣ ਤਕ ਮੁਆਵਜ਼ਾ ਲੈਣ ਦੀ ਗੁਹਾਰ ਲਗਾਈ ਗਈ।
ਪੀੜਤਾਂ ਵਲੋਂ ਅਦਾਲਤ ਨੂੰ ਇਹ ਵੀ ਗੁਹਾਰ ਲਗਾਈ ਕਿ 26 ਸਾਲਾਂ ਬਾਅਦ ਗਠਤ ਹੋਏ ਗਰਗ ਕਮਿਸਨ ਵਲੋਂ ਪਿਛਲੇ ਸਾਲ ਜੋ ਮੁਆਵਜ਼ਾ ਮਿਲਿਆ ਹੈ, ਉਸ ਵਿੱਚ 34 ਸਾਲਾਂ ਦਾ ਮਿਸ਼ਰਤ ਵਿਆਜ ਵੀ ਜੋੜਿਆ ਜਾਵੇ, ਇਸ ਨਾਲ ਉਨ੍ਹਾਂ ਦੇ ਬੱਚਿਆਂ ਲਈ ਰੁਜ਼ਗਾਰ ਅਤੇ ਹੋਰ ਸਹੂਲਤਾਂ ਦਿਤੀਆਂ ਜਾਣ ਤਾਕਿ 34 ਸਾਲਾਂ ਤੋਂ ਭਟਕ ਰਿਹਾਂ ਨੂੰ ਕੁੱਝ ਰਾਹਤ ਮਿਲੇ। ਪੀੜਤਾਂ ਵਲੋਂ ਪਾਈ ਪਟੀਸ਼ਨ ਨੂੰ ਪ੍ਰਵਾਨ ਕਰਦਿਆਂ ਅਦਾਲਤ ਨੇ ਹਰਿਆਣਾ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਕਿ ਜੋ ਦਿੱਲੀ ਵਿਚ ਵਿਸ਼ੇਸ਼ ਜਾਂਚ ਟੀਮ ਬਣਾ ਕੇ 186 ਕੇਸ ਖੋਲ੍ਹੇ ਹਨ ਉਨ੍ਹਾਂ ਵਿਚ ਇਹ ਕੇਸ ਸ਼ਾਮਲ ਹੈ ਜਾਂ ਨਹੀਂ, ਇਸ ਦਾ ਪ੍ਰਗਟਾਵਾ ਕੀਤਾ ਜਾਵੇ। ਇਸ ਮਾਮਲੇ ਦੀ ਅਗਲੀ ਸੁਣਵਾਈ 14 ਮਾਰਚ ਨੂੰ ਹੋਵੇਗੀ।