
ਪੁਲਿਸ ਨੇ 2 ਔਰਤਾਂ ਸਮੇਤ 9 ਕਾਬੂ ਕੀਤੇ
ਅੰਮ੍ਰਿਤਸਰ, 27 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੇ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦੇ ਖ਼ੁਦਕੁਸ਼ੀ ਕਰ ਗਏ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਕਾਂਡ ਨਾਲ ਸਬੰਧਤ ਪੰਜਾਬ ਪੁਲਿਸ ਦੀ ਸਪੈਸ਼ਲ ਇੰਨਵੈਸਟੀਗੇਸ਼ਨ ਟੀਮ (ਸਿਟ) ਨੇ ਅੱਜ 9 ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ, ਜਿਨ੍ਹਾਂ 'ਚ ਦੋ ਔਰਤਾਂ ਵੀ ਸ਼ਾਮਲ ਹਨ। ਪੁਲਿਸ ਅਨੁਸਾਰ ਗ੍ਰਿਫ਼ਤਾਰਾਂ 'ਚ ਸੁਰਜੀਤ ਸਿੰਘ, ਉਮਤ ਸੀ.ਏ, ਹਰਜੀਤ ਸਿੰਘ ਚੱਢਾ (ਚਰਨਜੀਤ ਸਿੰਘ ਚੱਢਾ ਦਾ ਬੇਟਾ), ਕੁਲਜੀਤ ਕੌਰ ਘੁੰਮਣ, ਵਰਮਦੀਪ ਸਿੰਘ ਬਮਰਾ, ਰਵਿੰਦਰ ਕੌਰ ਬਮਰਾ, ਗੁਰਸੇਵਕ ਸਿੰਘ ਮੁਲਾਜਮ ਹੋਟਲ ਐਚ ਕੇ ਕਲਾਰਕ, ਦਵਿੰਦਰ ਸਿੰਘ ਸੰਧੂ ਆਫ਼ ਡਬਲਿਯੂ.ਡਬਲਿਯੂ.ਆਈ.ਸੀ.ਐਸ., ਹਰੀ ਸਿੰਘ ਸੰਧੂ ਵਿਰੁਧ ਪਰਚਾ ਦਫ਼ਾ 306, 34 ਆਈ ਪੀ ਸੀ ਮਿਤੀ 3 ਜਨਵਰੀ 2018 ਨੂੰ ਪੁਲਿਸ ਸਟੇਸ਼ਨ ਏਅਰਪੋਰਟ ਦੀ ਪੁਲਿਸ ਨੇ ਪ੍ਰਭਪ੍ਰੀਤ ਸਿੰਘ ਉਰਫ਼ ਅੰਗਦ ਪੁੱਤਰ ਇੰਦਰਪ੍ਰੀਤ ਸਿੰਘ ਚੱਢਾ ਦੇ ਬਿਆਨਾਂ 'ਤੇ ਦਰਜ ਕੀਤਾ ਸੀ। ਇਨ੍ਹਾਂ ਵਿਰੁਧ ਦਫਾ 306, 34 ਆਈ.ਪੀ.ਸੀ. ਤਹਿਤ ਪਰਚਾ ਦਰਜ ਹੈ। ਉਕਤ ਸਾਰਿਆਂ ਨੂੰ ਸਿਟ ਦੀ ਟੀਮ ਨੇ ਚੰਡੀਗੜ੍ਹ ਵਿਖੇ ਗ੍ਰਿਫ਼ਤਾਰ ਕਰ ਕੇ ਇਨ੍ਹਾਂ ਨੂੰ ਸਥਾਨਕ ਏਅਰਪੋਰਟ ਅੰਮ੍ਰਿਤਸਰ ਦੀ ਪੁਲਿਸ ਹਵਾਲੇ ਕੀਤਾ, ਜੋ ਇਨ੍ਹਾਂ ਨੂੰ ਅਦਾਲਤ ਵਿਚ ਪੇਸ਼ ਕਰਨਗੇ।ਦੱਸਣਯੋਗ ਹੈ ਕਿ ਇੰਦਰਪ੍ਰੀਤ ਸਿੰਘ ਚੱਢਾ ਨੇ ਅਪਣੇ ਲਾਇਸੰਸੀ ਪਸਤੌਲ ਨਾਲ ਅਪਣੇ ਆਪ ਨੂੰ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ ਸੀ ਅਤੇ ਉਹ ਖ਼ੁਦਕੁਸ਼ੀ ਪੱਤਰ ਛੱਡ ਗਏ ਸਨ, ਜਿਸ ਦੇ ਆਧਾਰ 'ਤੇ ਪੁਲਿਸ ਨੇ ਉਕਤ ਕਥਿਤ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਖ਼ੁਦਕੁਸ਼ੀ ਪੱਤਰ 'ਚ ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਨੇ ਅਪਣੇ ਸਕੇ ਭਰਾ ਹਰਜੀਤ ਸਿੰਘ ਚੱਢਾ ਵਿਰੁਧ ਦੋਸ਼ ਲਾਇਆ ਸੀ ਕਿ ਉਹ ਉਸ ਤੋਂ ਵੀ ਜਾਇਦਾਦ ਦੇ ਮਸਲੇ 'ਤੇ ਦੁਖੀ ਹੈ। ਇਸ ਘਟਨਾ ਦੌਰਾਨ ਦੋ ਉੱਚ ਪੁਲਿਸ ਅਫਸਰਾਂ ਵਿਰੁਧ ਵੀ ਨਾਂ ਸਾਹਮਣੇ ਆਇਆ ਸੀ, ਪਰ ਕਾਰਵਾਈ ਕੋਈ ਨਹੀਂ ਹੋਈ।
ਜ਼ਿਕਰਯੋਗ ਹੈ ਕਿ ਉਕਤ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਪਤਨੀ ਵਰਮਦੀਪ ਸਿੰਘ ਬਮਰਾ ਉਹ ਔਰਤ ਹੈ, ਜਿਸ ਦੀ ਚਰਨਜੀਤ ਸਿੰਘ ਚੱਢਾ ਨਾਲ ਅਸ਼ਲੀਲ ਵੀਡੀਉ ਵਾਇਰਲ ਹੋਈ ਸੀ ਅਤੇ ਇਸ ਮਹਿਲਾ ਦੀ ਸ਼ਿਕਾਇਤ ਤੇ ਚਰਨਜੀਤ ਸਿੰਘ ਚੱਢਾ ਅਤੇ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਖਿਲਾਫ ਐਫ ਆਈ ਆਰ ਨੰਬਰ 144, 28 ਦਸੰਬਰ 2017, ਧਾਰਾ 354,354 ਏ, 506, 509 ਆਈ ਪੀ ਸੀ ਅਤੇ 67, 67 ਏ ਆਈ ਟੀ ਐਕਟ ਤਹਿਤ ਪਰਚਾ ਥਾਣਾ ਇਸਲਾਮਾਬਾਦ ਦੀ ਪੁਲਿਸ ਨੇ ਦਰਜ਼ ਕੀਤਾ ਸੀ। ਇਹ ਪਰਚਾ ਦਰਜ਼ ਹੋਣ ਤੇ ਚਰਨਜੀਤ ਸਿੰਘ ਚੱਢਾ ਰੂਪੋਸ਼ ਹੋ ਗਏ ਅਤੇ ਉਸ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਨੇ ਪੁਲਿਸ ਅੱਗੇ ਪੇਸ਼ੀ ਭੁਗਤੀ ਅਤੇ ਅਗਲੇ ਦਿਨ ਸਥਾਨਕ ਏਅਰਪੋਰਟ ਰੋਡ ਦੇ ਆਪਣੀ ਕਾਰ ਵਿਚ ਆਪਣੇ ਆਪ ਨੂੰ ਗੋਲੀ ਮਾਰ ਕੇ ਆਤਮ ਹੱਤਿਆ ਕਰ ਲਈ। ਇਸ ਪਰਚੇ 'ਚ ਤਿੰਨ ਹੋਰ ਵਿਅਕਤੀ ਵੀ ਸ਼ਾਮਲ ਹਨ ਜੋ ਕੱਲ ਚੰਡੀਗੜ੍ਹ ਸਿੱਟ ਅੱਗੇ ਪੇਸ਼ ਹੋਣ ਜਾ ਰਹੇ ਹਨ। ਇਹ ਵੀ ਦੱਸਣਯੋਗ ਹੈ ਕਿ ਸਿੱਟ ਨੇ ਅੱਜ ਇੰਨ੍ਹਾਂ ਨੂੰ ਚੰਡੀਗੜ੍ਹ ਬੁਲਾਇਆ ਸੀ ਅਤੇ ਇੰਨ੍ਹਾਂ ਦੇ ਬਿਆਨ ਕਲਮਬੰਦ ਕਰਨ ਬਾਅਦ ਗ੍ਰਿਫਤਾਰ ਕਰ ਲਿਆ।