
ਸੰਗਰੂਰ, 19 ਫ਼ਰਵਰੀ (ਗੁਰਦਰਸ਼ਨ ਸਿੰਘ ਸਿੱਧੂ/ਪਰਮਜੀਤ ਸਿੰਘ ਲੱਡਾ) : ਜ਼ਿਲ੍ਹਾ ਪੁਲਿਸ ਮੁਖੀ ਮਨਦੀਪ ਸਿੰਘ ਸਿੱਧੂ ਨੇ ਪੁਲਿਸ ਲਾਈਨ ਵਿਖੇ ਪੱਤਰਕਾਰ ਸੰਮੇਲਨ ਦੌਰਾਨ ਦਸਿਆ ਕਿ ਇਰਾਦਾ ਕਤਲ ਦਾ ਝੂਠਾ ਮੁਕੱਦਮਾ ਦਰਜ ਕਰਾਉਣ ਦੇ ਸਬੰਧ ਵਿਚ ਮੁਦਈ ਮੁਕੱਦਮਾ ਕੁਲਦੀਪ ਸਿੰਘ ਉਰਫ਼ ਗੱਬਰ ਪੁੱਤਰ ਸ਼ੁਖਦਰਸ਼ਨ ਸਿੰਘ ਵਾਸੀ ਮਨਿਆਣਾ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਨਾਜਾਇਜ਼ ਦੇਸੀ ਪਿਸਤੌਲ 315 ਬੋਰ ਬਰਾਮਦ ਕੀਤੇ ਗਏ।ਸ. ਸਿੱਧੂ ਨੇ ਦਸਿਆ ਕਿ ਤਫ਼ਤੀਸ਼ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕਥਿਤ ਗੋਲੀਬਾਰੀ ਮਾਮਲੇ ਵਿਚ ਮੁਦਈ ਕੁਲਦੀਪ ਸਿੰਘ ਨੂੰ ਖ਼ੁਦ ਹੀ ਗੋਲੀ ਵੱਜੀ ਸੀ ਅਤੇ ਉਸ ਕੋਲ ਨਾਜਾਇਜ਼ ਅਸਲਾ ਹੈ। ਉਸ ਨੇ ਅਪਣੇ ਬਚਾਅ ਲਈ ਦੂਜੀ ਧਿਰ ਵਿਰੁਧ ਝੂਠਾ ਮੁਕੱਦਮਾ ਦਰਜ ਕਰਾਇਆ।
ਕੁਲਦੀਪ ਸਿੰਘ ਨੇ ਪੁੱਛਗਿਛ ਦੌਰਾਨ ਦਸਿਆ ਕਿ ਉਸ ਵਿਰੁਧ ਥਾਣਾ ਸਿਟੀ ਟੋਹਾਣਾ (ਹਰਿਆਣਾ) ਵਿਖੇ ਹਰਿਆਣਾ ਸ਼ਰਾਬ ਦੇ ਠੇਕੇਦਾਰ ਵਲੋਂ ਮੁਕੱਦਮਾ ਥਾਣਾ ਸਿਟੀ ਟੋਹਾਣਾ ਦਰਜ ਕਰਵਾਇਆ ਸੀ, ਜਿਸ ਵਿਚ ਉਸ ਦੀ ਜ਼ਮਾਨਤ ਹੋ ਗਈ ਹੈ। ਉਹ ਹਰਿਆਣਾ ਦੇ ਠੇਕੇਦਾਰਾਂ ਤੋਂ ਬਦਲਾ ਲੈਣਾ ਚਾਹੁੰਦਾ ਸੀ ਜਿਸ ਰੰਜਿਸ ਕਰ ਕੇ ਉਸ ਨਾਲ ਲੱਗਦੇ ਸ਼ਹਿਰ ਟੋਹਾਣਾ ਤੋਂ ਨਾਜਾਇਜ਼ ਅਸਲਾ ਇਕ ਪਿਸਤੌਲ 315 ਬੋਰ ਸਮੇਤ ਇਕ ਕਾਰਤੂਸ ਰਾਹੁਲ ਨਾਮ ਦੇ ਵਿਅਕਤੀ ਪਾਸੋ ਅੱਠ ਹਜ਼ਾਰ ਰੁਪਏ ਵਿਚ ਘਟਨਾ ਵਾਲੀ ਮਿਤੀ ਤੋਂ ਕਰੀਬ 15 ਦਿਨ ਪਹਿਲਾਂ ਖ਼ਰੀਦ ਕੀਤਾ ਸੀ ਜਿਸ ਨੂੰ ਮਿਤੀ 22-11-17 ਨੂੰ ਅਪਣੇ ਖੇਤ ਵਿਚ ਚਲਾ ਕੇ ਚੈੱਕ ਕਰ ਰਿਹਾ ਸੀ। ਚੈੱਕ ਕਰਦੇ ਸਮੇਂ ਪਿਸਤੌਲ ਦਾ ਫ਼ਾਇਰ ਹੋ ਗਿਆ ਜੋ ਉਸ ਦੇ ਖੱਬੇ ਪੱਟ ਵਿਚ ਗੋਲੀ ਲੱਗੀ। ਉਸ ਨੇ ਅਪਣੇ ਬਚਾਅ ਲਈ ਪੁਲਿਸ ਪਾਸ ਝੂਠਾ ਬਿਆਨ ਦੇ ਕੇ ਪੰਜ-ਛੇ ਅਣਪਛਾਤੇ ਵਿਅਕਤੀਆਂ ਵਿਰੁਧ ਮੁਕੱਦਮਾ ਦਰਜ ਕਰਵਾ ਦਿਤਾ ਸੀ।