
ਨੰਗਲ,
14 ਸਤੰਬਰ (ਕੁਲਵਿੰਦਰ ਭਾਟੀਆ) : ਇਸ ਵਾਰ ਭਾਖੜਾ ਡੈਮ ਦੇ ਹੜ੍ਹ ਗੇਟ ਨਹੀਂ ਖੋਲ੍ਹੇ
ਜਾਣਗੇ ਅਤੇ ਪਾਣੀ ਦੀ ਇਕ ਵੀ ਬੂੰਦ ਅਜਾਈ ਨਹੀਂ ਜਾ ਰਹੀ। ਪਾਣੀ ਦੀ ਹਰ ਬੂੰਦ ਤੋਂ ਬਿਜਲੀ
ਪੈਦਾ ਕੀਤੀ ਜਾ ਰਹੀ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਅੱਜ ਪੱਤਰਕਾਰ ਸੰਮੇਲਨ ਦੌਰਾਨ
ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੇ ਚੀਫ਼ ਇੰਜੀਨੀਅਰ (ਭਾਖੜਾ ਡੈਮ) ਸੰਜੀਵ ਸੂਰੀ ਨੇ
ਸਤਲੁਜ ਸਦਨ ਵਿਚ ਕੀਤਾ।
ਉਨ੍ਹਾਂ ਕਿਹਾ ਕਿ ਪਾਣੀ ਦੀ ਰੋਜ਼ਾਨਾ ਮਿਣਤੀ ਕੀਤੀ ਜਾ ਰਹੀ
ਹੈ ਅਤੇ ਸਟਾਫ਼ ਵਲੋਂ ਮਿਹਨਤ ਤੇ ਤਕਨੀਕ ਨਾਲ ਪਾਣੀ ਦੀ ਇਕ ਇਕ ਬੂੰਦ ਤੋਂ ਬਿਜਲੀ ਪੈਦਾ
ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪਾਣੀ ਦਾ ਪੱਧਰ 1680 ਫ਼ੁੱਟ ਤਕ ਹੈ ਅਤੇ ਅਜੇ ਪਾਣੀ
ਦਾ ਪੱਧਰ 1672 ਫ਼ੁੱਟ ਚਲ ਰਿਹਾ ਹੈ। ਉਨ੍ਹਾਂ ਕਿਹਾ ਕਿ ਕਈ ਅਖ਼ਬਾਰਾਂ ਵਲੋਂ ਹੜ੍ਹ ਗੇਟ
ਖੋਲ੍ਹਣ ਦੀ ਅਫ਼ਵਾਹ ਫਲਾਈ ਗਈ ਹੈ, ਜੋ ਕਿ ਨਿਰਮੂਲ ਹੈ।
ਉਨ੍ਹਾਂ ਕਿਹਾ ਕਿ ਜਿਸ ਹਿਸਾਬ
ਨਾਲ ਪਾਣੀ ਦਾ ਪੱਧਰ ਚਲ ਰਿਹਾ ਹੈ ਘਬਰਾਉਣ ਦੀ ਲੋੜ ਨਹੀਂ ਹੈ ਅਤੇ ਆਉਣ ਵਾਲੇ ਸਮੇਂ ਵਿਚ
ਵੀ ਬਿਜਲੀ ਦਾ ਚੰਗਾ ਉਤਪਾਦਨ ਹੋਵੇਗਾ। ਉਨ੍ਹਾਂ ਦਸਿਆ ਕਿ ਭਾਖੜਾ ਬਿਆਸ ਮੈਨੇਜਮੈਂਟ
ਬੋਰਡ ਇਸ ਤੋਂ ਇਲਾਵਾ ਛੇਤੀ ਹੀ ਸੂਰਜੀ ਬਿਜਲੀ ਦਾ ਉਤਪਾਦਨ ਵੀ ਸ਼ੁਰੂ ਕਰ ਦੇਵੇਗੀ।
ਉਨ੍ਹਾਂ ਕਿਹਾ ਕਿ ਬਿਜਲੀ ਉਤਪਾਦਨ ਤੋਂ ਇਲਾਵਾ ਸਮਾਜ ਭਲਾਈ ਦੇ ਕੰਮਾਂ ਵਿਚ ਵੀ ਵੱਧ ਚੜ੍ਹ
ਕੇ ਹਿੱਸਾ ਲੈਂਦੀ ਹੈ।
ਪਿਛਲੇ ਦਿਨੀਂ ਵਾਤਾਵਰਣ ਦੀ ਸੰਭਾਲ ਲਈ ਵਿਭਾਗ ਵਲੋਂ ਬੂਟੇ
ਲਾਏ ਗਏ ਸਨ ਅਤੇ ਇਨ੍ਹਾਂ ਬੂਟਿਆਂ ਦੀ ਸੰਭਾਲ ਲਈ ਇਕ ਟੀਮ ਬਣਾਈ ਗਈ ਹੈ ਜੋ ਕਿ ਕੰਮ ਕਰ
ਰਹੀ ਹੈ। ਇਸ ਤੋਂ ਇਲਾਵਾ ਇੰਨਡੋਰ ਸਟੇਡੀਅਮ ਜਲਦੀ ਹੀ ਸ਼ੁਰੂ ਹੋ ਜਾਵੇਗਾ ਅਤੇ ਨਾਲ ਲੱਗਦੇ
ਇਲਾਕਿਆਂ ਦੀ ਸਹੂਲਤ ਲਈ ਬੀ.ਬੀ.ਐਮ.ਬੀ. ਹਸਪਤਾਲ ਦਾ ਵਿਕਾਸ ਕੀਤਾ ਗਿਆ ਹੈ ਅਤੇ ਕਈ
ਨਵੀਆਂ ਸਹੂਲਤਾਂ ਤੇ ਮਸ਼ਿਨਰੀ ਲਿਆਂਦੀ ਗਈ ਹੈ। ਇਸ ਮੌਕੇ ਮੁਹੰਮਦ ਸੁਲੇਮਾਨ, ਕੇ.ਕੇ.
ਸੂਦ, ਹੁਸਨ ਲਾਲ ਕੰਬੋਜ, ਐਸ.ਕੇ. ਬੇਦੀ ਆਦਿ ਹਾਜ਼ਰ ਸਨ।