Sydney Bondi Beach Incident: ਅਮਨਦੀਪ ਸਿੰਘ ਨੇ ਹਮਲਾਵਰ ਤੋਂ ਖੋਹੀ ਬੰਦੂਕ ਤੇ ਕੀਤਾ ਉਸ ਨੂੰ ਕਾਬੂ, ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ ਪੰਜਾਬੀ ਨੌਜਵਾਨ
ਐਤਵਾਰ (14 ਦਸਬੰਰ) ਨੂੰ ਸਿਡਨੀ ਦੇ ਬੋਂਡੀ ਬੀਚ 'ਤੇ ਹੋਈ ਘਾਤਕ ਗੋਲੀਬਾਰੀ ਮਾਮਲੇ ਨੇ ਸਭ ਨੂੰ ਝੰਜੋੜ ਕੇ ਰੱਖ ਦਿੱਤਾ। ਇਸ ਗੋਲੀਬਾਰੀ ਵਿਚ 15 ਬੇਕਸੂਰਾਂ ਦੀ ਜਾਨ ਚਲੀ ਗਈ। ਇਸ ਗੋਲੀਬਾਰੀ ਵਿਚ ਦੋ ਨਾਇਕਾਂ ਦੀ ਬਹਾਦਰੀ ਦੀ ਚਾਰੇ ਪਾਸੇ ਪ੍ਰਸ਼ੰਸਾ ਕੀਤੀ ਜਾ ਰਹੀ ਹੈ। 34 ਸਾਲਾ ਪੰਜਾਬੀ ਨੌਜਵਾਨ ਅਮਨਦੀਪ ਸਿੰਘ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਹਮਲਾਵਰਾਂ ਦਾ ਬਹਾਦਰੀ ਨਾਲ ਸਾਹਮਣਾ ਕੀਤਾ। ਗੱਲਬਾਤ ਕਰਦਿਆਂ 34 ਸਾਲਾ ਅਮਨਦੀਪ ਸਿੰਘ ਨੇ ਦੱਸਿਆ ਕਿ ਉਹ ਸਮੁੰਦਰੀ ਕੰਢੇ ਕਬਾਬ ਖਾ ਰਿਹਾ ਸੀ ਉਦੋਂ ਅਚਾਨਕ ਗੋਲੀਬਾਰੀ ਸ਼ੁਰੂ ਹੋ ਗਈ।
ਉਸ ਨੇ ਇਕ ਬੰਦੂਕਧਾਰੀ, ਜਿਸ ਦੀ ਪਛਾਣ ਸਾਜਿਦ ਅਕਰਮ ਵਜੋਂ ਹੋਈ, ਨੂੰ ਇਕ ਫੁੱਟਬ੍ਰਿਜ 'ਤੇ ਗੋਲੀਬਾਰੀ ਕਰਦੇ ਦੇਖਿਆ। ਉਹ ਵੇਖ ਕੇ ਉਹ ਹਮਲਾਵਰ ਕੋਲ ਗਿਆ ਤੇ ਉਸ ਨੇ ਆਪਣੀ ਜਾਨ ਦੀ ਪਰਵਾਹ ਕੀਤੇ ਬਿਨਾਂ ਉਸ ਦਾ ਬਹਾਦਰੀ ਨਾਲ ਸਾਹਮਣਾ ਕੀਤਾ ਤੇ ਉਸ ਤੋਂ ਬੰਦੂਕ ਫੜ੍ਹ ਕੇ ਦੂਰ ਸੁੱਟ ਦਿੱਤੀ ਤੇ ਪੁਲਿਸ ਅਧਿਕਾਰੀਆਂ ਦੇ ਆਉਣ ਤੱਕ ਉਸ ਨੂੰ ਗੋਡਿਆਂ ਹੇਠਾਂ ਦੱਬ ਲਿਆ ਤੇ ਉਸ ਦੇ ਹੱਥ ਪਿੱਛੇ ਕਰਕੇ ਫੜੀ ਰੱਖਿਆ।
ਪੰਜਾਬੀ ਨੌਜਵਾਨ ਦੀ ਇਸ ਦਲੇਰੀ ਦੀਆਂ ਚਾਰੇ ਪਾਸੇ ਗੱਲਾਂ ਹੋ ਰਹੀਆਂ ਹਨ। ਅਮਨਦੀਪ ਨਵਾਂਸ਼ਹਿਰ ਜ਼ਿਲ੍ਹੇ ਨਾਲ ਸਬੰਧਿਤ ਹੈ ਤੇ ਉਸ ਦਾ ਸਾਰਾ ਪ੍ਰਵਾਰ ਨਿਊਜ਼ੀਲੈਂਡ ਹੈ ਤੇ ਆਪ ਉਹ ਛੇ-ਸੱਤ ਸਾਲ ਤੋਂ ਆਸਟ੍ਰੇਲੀਆ ਰਹਿ ਰਿਹਾ ਹੈ।
ਹਨੁੱਕਾ ਤਿਉਹਾਰ ਦੌਰਾਨ ਹੋਈ ਗੋਲੀਬਾਰੀ ਦੇ ਮਾਮਲੇ ’ਚ ਇਕ ਬੱਚੇ ਸਮੇਤ 15 ਲੋਕ ਮਾਰੇ ਗਏ ਸਨ। ਹਮਲਾਵਰਾਂ ਦੀ ਪਛਾਣ ਸਾਜਿਦ ਅਕਰਮ ਹੈ ਤੇ ਉਸ ਦੇ ਪੁੱਤ ਨਵੀਦ ਅਕਰਮ ਵਜੋਂ ਹੋਈ ਹੈ।
