
ਚੋਣ ਪ੍ਰਚਾਰ ਦੇ ਆਖ਼ਰੀ ਦਿਨ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਹਲਕਾ ਵਾਸੀਆਂ ਵਲੋਂ ਸ਼ਾਨਦਾਰ ਹੁੰਗਾਰਾ
ਗੁਰਦਾਸਪੁਰ, 9 ਅਕਤੂਬਰ (ਹੇਮੰਤ ਨੰਦਾ) : ਗੁਰਦਾਸਪੁਰ ਲੋਕ ਸਭਾ ਹਲਕੇ ਦੀ ਜ਼ਿਮਨੀ ਚੋਣ ਲਈ ਪ੍ਰਚਾਰ ਦੇ ਆਖ਼ਰੀ ਦਿਨ ਅੱਜ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਨੂੰ ਮਿਲੇ ਵੱਡੇ ਹੁੰਗਾਰੇ ਤੋਂ ਉਤਸ਼ਾਹਤ ਹੁੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਇਸ ਜ਼ਿਮਨੀ ਚੋਣ ਨੂੰ ਇਤਿਹਾਸਕ ਫ਼ਤਵੇ ਨਾਲ ਜਿੱਤਣ ਦਾ ਭਰੋਸਾ ਪ੍ਰਗਟ ਕੀਤਾ।ਪੱਤਰਕਾਰਾਂ ਨਾਲ ਗ਼ੈਰ-ਰਸਮੀ ਗੱਲਬਾਤ ਦੌਰਾਨ ਮੁੱਖ ਮੰਤਰੀ ਨੇ ਆਖਿਆ ਕਿ ਅਸੀਂ ਇਹ ਸੀਟ ਦੋ ਲੱਖ ਤੋਂ ਵੱਧ ਦੇ ਫ਼ਰਕ ਨਾਲ ਜਿੱਤਾਂਗੇ। ਮੁੱਖ ਮੰਤਰੀ ਨਾਲ ਪਾਰਟੀ ਦੇ ਉਮੀਦਵਾਰ ਸੁਨੀਲ ਜਾਖੜ, ਕਾਂਗਰਸ ਦੇ ਕੌਮੀ ਜਨਰਲ ਸਕੱਤਰ ਆਸ਼ਾ ਕੁਮਾਰੀ ਤੇ ਹਰੀਸ਼ ਚੌਧਰੀ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੀ ਹਾਜ਼ਰ ਸਨ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੇ ਨਾ ਸਿਰਫ਼ ਅਪਣੇ ਬਹੁਤੇ ਚੋਣ ਵਾਅਦਿਆਂ ਨੂੰ ਲਾਗੂ ਕਰ ਦਿਤਾ ਹੈ ਸਗੋਂ ਸੰਕਟ ਨਾਲ ਜੂਝ ਰਹੇ ਸੂਬੇ ਦੇ ਅਰਥਚਾਰੇ ਨੂੰ ਮੁੜ ਲੀਹ 'ਤੇ ਲਿਆਉਣ ਦਾ ਮੁੱਢ ਵੀ ਬੰਨ੍ਹ ਦਿਤਾ ਹੈ।ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਭਾਵੇਂ ਸਮਾਜ ਭਲਾਈ ਸਕੀਮਾਂ ਅਧੀਨ ਪੈਨਸ਼ਨ ਵਧਾਉਣ ਦਾ ਵਾਅਦਾ ਹੋਵੇ ਜਾਂ ਨੌਕਰੀਆਂ ਦੇਣ ਦਾ ਵਾਅਦਾ ਹੋਵੇ, ਹਰ ਇਕ ਚੋਣ ਵਾਅਦਾ ਅਮਲ ਵਿਚ ਲਿਆਂਦਾ ਜਾ ਰਿਹਾ ਹੈ। ਉਨ੍ਹਾਂ ਕਿਹਾ ਪਿਛਲੀ ਅਕਾਲੀ-ਭਾਜਪਾ ਸਰਕਾਰ ਦੀ 10 ਸਾਲ ਲੰਮੀ ਲੁੱਟ-ਖਸੁੱਟ ਦੀ ਵਿਰਾਸਤ ਨੂੰ ਛੇ ਮਹੀਨਿਆਂ ਜਿਹੇ ਘੱਟ ਸਮੇਂ ਵਿਚ ਮਿਟਾਇਆ ਨਹੀਂ ਜਾ ਸਕਦਾ। ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਨੌਜਵਾਨਾਂ ਨੂੰ ਸਮਾਰਟ ਫ਼ੋਨ ਮੁਹਈਆ ਕਰਾਉਣ ਦੇ ਵਾਅਦੇ ਨੂੰ ਲਾਗੂ ਕਰਨ ਲਈ ਯੋਜਨਾ ਬਣਾ ਰਹੀ ਹੈ।
ਮੁੱਖ ਮੰਤਰੀ ਨੇ ਆਖਿਆ ਕਿ ਝੋਨੇ ਦੀ ਚੱਲ ਰਹੀ ਖ਼ਰੀਦ ਦੌਰਾਨ ਕਿਸਾਨਾਂ ਨੂੰ ਉਨ੍ਹਾਂ ਦੀ ਫ਼ਸਲ ਦੀ ਸਮੇਂ ਸਿਰ ਅਦਾਇਗੀ ਕਰਨ ਲਈ ਕਦਮ ਚੁੱਕੇ ਜਾ ਰਹੇ ਹਨ। ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਆਖਿਆ ਕਿ ਵਿੱਤੀ ਤੰਗੀ-ਤੁਰਸ਼ੀ ਦੇ ਬਾਵਜੂਦ ਉਨ੍ਹਾਂ ਦੀ ਸਰਕਾਰ ਨੇ ਗੁਰਦਾਸਪੁਰ ਤੇ ਪਠਾਨਕੋਟ ਲਈ 750 ਕਰੋੜ ਰੁਪਏ ਦੀ ਲਾਗਤ ਵਾਲੇ ਪ੍ਰਾ੍ਰਜੈਕਟਾਂ ਲਈ ਪੈਸਾ ਮਨਜ਼ੂਰ ਕੀਤਾ ਹੈ ਅਤੇ ਇਸ ਸਬੰਧੀ ਕੰਮ ਪਹਿਲਾਂ ਹੀ ਸ਼ੁਰੂ ਕੀਤਾ ਜਾ ਚੁੱਕਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਟਿਕਟ ਦੀ ਅਲਾਟਮੈਂਟ ਦੇ ਮਾਮਲੇ ਉੱਤੇ ਪਾਰਟੀ ਵਿਚ ਕਿਸੇ ਵੀ ਤਰ੍ਹਾਂ ਦਾ ਵਿਰੋਧ ਹੋਣ ਤੋਂ ਵੀ ਇਨਕਾਰ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਤਾਪ ਸਿੰਘ ਬਾਜਵਾ ਚੋਣ ਮੁਹਿੰਮ ਤੋਂ ਕਦੇ ਵੀ ਪਰ੍ਹੇ ਨਹੀਂ ਰਹੇ। ਉਨ੍ਹਾਂ ਕਿਹਾ ਕਿ ਉਨ੍ਹਾਂ ਵਾਂਗ ਹੀ ਪ੍ਰਤਾਪ ਸਿੰਘ ਬਾਜਵਾ ਦੀਆਂ ਵੀ ਦਿੱਲੀ ਵਿਚ ਕੁੱਝ ਜ਼ਿੰਮੇਵਾਰੀਆਂ ਸਨ ਜਿਨ੍ਹਾਂ ਨੂੰ ਉਨ੍ਹਾਂ ਨੇ ਪੂਰਾ ਕੀਤਾ ਅਤੇ ਚੋਣ ਮੁਹਿੰਮ ਵਿਚ ਸ਼ਾਮਲ ਹੋਏ। ਇਕ ਸਵਾਲ ਦੇ ਜਵਾਬ ਵਿਚ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਗੁਰਦਾਸਪੁਰ ਜ਼ਿਮਨੀ ਚੋਣ ਲਈ ਪਾਰਟੀ ਦੇ ਉਮੀਦਵਾਰ ਜਾਖੜ ਨੇ ਕਿਹਾ ਕਿ ਲੰਗਾਹ ਦੇ ਬਲਾਤਕਾਰ ਮਾਮਲੇ ਨੇ ਸਿੱਖ ਭਾਵਨਾਵਾਂ ਨੂੰ ਵਲੂੰਧਰਿਆ ਹੈ ਅਤੇ ਇਸ ਨਾਲ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਨਿਰਾਸ਼ ਹੋਏ ਹਨ। ਉਨ੍ਹਾਂ ਕਿਹਾ ਕਿ ਸਲਾਰੀਆ ਵਿਰੁਧ ਵੀ ਦੋਸ਼ ਗੰਭੀਰ ਕਿਸਮ ਦੇ ਹਨ ਪਰ ਉਹ ਇਸ ਸਬੰਧ ਵਿਚ ਅਜੇ ਕੋਈ ਟਿਪਣੀ ਨਹੀਂ ਕਰਨਾ ਚਾਹੁੰਦੇ। ਉਨ੍ਹਾਂ ਕਿਹਾ ਕਿ ਉਹ ਹਾਂਪੱਖੀ ਏਜੰਡੇ 'ਤੇ ਚੋਣ ਲੜ ਰਹੇ ਹਨ ਅਤੇ ਲੋਕ ਉਨ੍ਹਾਂ ਦੇ ਕੀਤੇ ਕਾਰਜਾਂ ਲਈ ਵੋਟ ਕਰਨਗੇ ਜਦਕਿ ਵਿਰੋਧੀਆਂ ਨੂੰ ਅਪਣੇ ਕੀਤੇ ਦੀ ਸਜ਼ਾ ਭੁਗਤਣੀ ਪਵੇਗੀ।
'ਆ ਗਿਆ ਕੈਪਟਨ; ਛਾ ਗਿਆ ਕੈਪਟਨ' ਅਤੇ 'ਕੈਪਟਨ ਅਮਰਿੰਦਰ ਜ਼ਿੰਦਾਬਾਦ' ਦੇ ਜ਼ੋਰ ਦਾਰ ਨਾਅਰਿਆਂ ਵਿਚ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਰੋਡ ਸ਼ੋਅ ਨੂੰ ਮਿਲੇ ਭਾਰੀ ਹੁੰਗਾਰੇ ਤੋਂ ਇਹ ਸਪੱਸ਼ਟ ਹੁੰਦਾ ਹੈ ਕਿ ਜਾਖੜ ਵੱਡੇ ਫ਼ਰਕ ਨਾਲ ਇਹ ਜ਼ਿਮਨੀ ਚੋਣ ਜਿੱਤਣਗੇ। ਪਠਾਨਕੋਟ, ਗੁਰਦਾਸਪੁਰ ਅਤੇ ਬਟਾਲਾ ਦੀਆਂ ਸੜਕਾਂ ਉੱਤੇ ਕੈਪਟਨ ਅਮਰਿੰਦਰ ਸਿੰਘ ਦੇ ਰੋਡ ਸ਼ੋਅ ਦੌਰਾਨ ਸੜਕਾਂ ਦੇ ਦੋਵੇਂ ਪਾਸੇ ਜੁੜੇ ਲੋਕਾਂ ਨੇ ਫੁੱਲਾਂ ਦੀ ਵਰਖਾ ਕੀਤੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਫੁੱਲਾਂ ਦੀ ਹਾਰ ਭੇਂਟ ਕੀਤੇ। ਕਾਂਗਰਸ ਦੇ ਝੰਡੇ ਲਹਿਰਾਉਂਦੇ ਅਤੇ ਢੋਲ ਵਜਾਉਂਦੇ ਪਾਰਟੀ ਸਮਰੱਥਕ ਭਾਰੀ ਉਤਸ਼ਾਹ ਵਿਚ ਦੇਖੇ ਜਾ ਸਕਦੇ ਸਨ। ਕੈਪਟਨ ਅਮਰਿੰਦਰ ਸਿੰਘ ਸਾਰੇ ਰਾਹ ਹੀ ਲੋਕਾਂ ਨੂੰ ਮੁਸਕੁਰਾਹਟ ਵੰਡਦੇ ਰਹੇ ਅਤੇ ਲੋਕਾਂ ਦੇ ਨਾਹਰਿਆਂ ਦਾ ਹੱਥ ਹਿਲਾ ਕੇ ਹੁੰਗਾਰਾ ਭਰਦੇ ਰਹੇ। ਰੋਡ ਸ਼ੋਅ ਦੌਰਾਨ ਸੜਕਾਂ ਦੇ ਆਲੇ-ਦੁਆਲੇ ਦੀਆਂ ਦੁਕਾਨਾਂ ਦੇ ਦੁਕਾਨਦਾਰ ਵੀ ਵੱਡੀ ਗਿਣਤੀ ਵਿਚ ਬਾਹਰ ਆ ਗਏ ਇੱਥੋਂ ਤਕ ਕੇ ਮੁੱਖ ਰਾਸ਼ਟਰੀ ਮਾਰਗ 'ਤੇ ਵੀ ਵੱਡੀ ਗਿਣਤੀ ਲੋਕ ਹਾਜ਼ਰ ਸਨ। ਮੁੱਖ ਮੰਤਰੀ ਚੋਣ ਮੁਹਿੰਮ ²ਖ਼ਤਮ ਹੋਣ ਤਕ ਸਾਰਾ ਦਿਨ ਸੜਕਾਂ 'ਤੇ ਲੋਕਾਂ ਨਾਲ ਅਪਣਾ ਰਾਬਤਾ ਬਣਾਉਂਦੇ ਰਹੇ।