ਬਠਿੰਡਾ, 27 ਜਨਵਰੀ (ਸੁਖਜਿੰਦਰ ਮਾਨ): ਪੰਜਾਬ ਦੇ ਚਰਚਿਤ ਤੇ ਬਾਗੀ ਸੁਭਾਅ ਦੇ ਆਗੂ ਜਗਮੀਤ ਸਿੰਘ ਬਰਾੜ ਨੇ ਹੁਣ ਤ੍ਰਿਣਮੂਲ ਕਾਂਗਰਸ ਦੀ ਸੂਬਾਈ ਪ੍ਰਧਾਨਗੀ ਤੋਂ ਅਸਤੀਫ਼ਾ ਦੇ ਦਿਤਾ ਹੈ। ਫ਼ਿਰੋਜ਼ਪੁਰ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਦੇ ਦੋ ਵਾਰ ਲੋਕ ਸਭਾ ਦੇ ਮੈਂਬਰ ਅਤੇ ਕੌਮੀ ਕਾਰਜਕਾਨੀ ਮੈਂਬਰ ਰਹੇ ਸ. ਬਰਾੜ ਪਿਛਲੀ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਵਿਚ ਸ਼ਾਮਲ ਹੋਏ ਸਨ ਤੇ ਉਨ੍ਹਾਂ ਪੰਜਾਬ ਦੇ ਕਈ ਵਿਧਾਨ ਸਭਾ ਹਲਕਿਆਂ ਤੋਂ ਪਾਰਟੀ ਦੇ ਉਮੀਦਵਾਰਾਂ ਨੂੰ ਚੋਣ ਮੈਦਾਨ ਵਿਚ ਉਤਾਰਿਆਂ ਸੀ ਪਰ ਪਾਰਟੀ ਨੂੰ ਸਫ਼ਲਤਾ ਹਾਸਲ ਨਹੀਂ ਹੋ ਸਕੀ ਸੀ ਜਿਸ ਤੋਂ ਬਾਅਦ ਕਾਫ਼ੀ ਲੰਮੇ ਸਮੇਂ ਤੋਂ ਚੁੱਪ ਰਹਿਣ ਬਾਅਦ ਉਨ੍ਹਾਂ ਇਹ ਕਦਮ ਚੁੱਕਿਆ ਹੈ। ਉਨ੍ਹਾਂ ਗੱਲ ਕਰਦਿਆਂ ਦਾਅਵਾ ਕੀਤਾ ਕਿ ਭਵਿੱਖ ਦਾ ਫ਼ੈਸਲੇ ਲਈ ਉਹ ਅਪਣੇ ਸ਼ੁੱਭ ਚਿੰਤਕਾਂ ਨਾਲ ਰਾਏ ਮਸ਼ਵਰਾ ਕਰਨ ਤੋਂ ਬਾਅਦ ਹੀ ਕੋਈ ਕਦਮ ਚੁੱਕਣਗੇ। ਇਥੇ ਜਾਰੀ ਇਕ ਪ੍ਰੈੱਸ ਰੀਲੀਜ਼ ਵਿਚ ਜਗਮੀਤ ਸਿੰਘ ਬਰਾੜ ਨੇ ਦਾਅਵਾ ਕੀਤਾ ਕਿ ਉਨ੍ਹਾਂ ਅਪਣਾ ਅਸਤੀਫ਼ਾ ਤ੍ਰਿਣਮੂਲ ਕਾਂਗਰਸ ਦੀ ਕੌਮੀ ਪ੍ਰਧਾਨ ਤੇ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੀਬੀ ਮਮਤਾ ਬੈਨਰਜੀ ਨੂੰ ਉਨ੍ਹਾਂ ਦੀ ਰਿਹਾਇਸ਼ 'ਤੇ ਜਾ ਕੇ ਦੇ ਦਿਤਾ ਸੀ। ਜ਼ਿਕਰਯੋਗ ਹੈ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੜ ਕਾਂਗਰਸ ਪਾਰਟੀ ਵਿਚ ਸ਼ਮੂਲੀਅਤ ਕਰਨ ਵਾਲੇ ਸਾਬਕਾ ਐਮ.ਪੀ ਸ: ਬਰਾੜ ਦੀ ਮੁੜ ਕੈਪਟਨ ਅਮਰਿੰਦਰ ਸਿੰਘ ਨਾਲ ਵਿਗੜ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਅਪਣਾ ਰਾਸਤਾ ਅਲੱਗ ਕਰ ਲਿਆ ਸੀ। ਹਾਲਾਂਕਿ ਪਿਛਲੀ ਅਕਾਲੀ-ਭਾਜਪਾ ਸਰਕਾਰ ਦੌਰਾਨ ਵੀ ਉਨ੍ਹਾਂ ਕਾਂਗਰਸ ਤੋਂ ਅਸਤੀਫ਼ਾ ਦੇ ਕੇ ਭਾਜਪਾ ਵਿਚ ਸ਼ਾਮਲ ਹੋਣ ਲਈ ਪਰ ਤੋਲੇ ਸਨ ਪਰ ਬਾਦਲ ਪਰਵਾਰ ਵਲੋਂ ਅੰਦਰਖਾਤੇ ਕੀਤੇ ਡਟਵੇ ਵਿਰੋਧ ਕਾਰਨ ਅਪਣੇ ਮਿੱਤਰ ਚੌਧਰੀ ਬੀਰੇਂਦਰ ਸਿੰਘ ਰਾਹੀ ਭਾਜਪਾ ਵਿਚ ਜਾਣ ਦੇ ਸੁਪਨੇ ਉਹ ਪੂਰੇ ਨਹੀਂ ਕਰ ਪਾਏ ਸਨ।

ਦਸਣਾ ਬਣਦਾ ਹੈ ਕਿ ਬਾਦਲਾਂ ਨਾਲ ਲੰਮੀ ਸਿਆਸੀ ਦੁਸ਼ਮਣੀ ਰੱਖਣ ਵਾਲੇ ਪੰਜਾਬ-ਏ-ਅਵਾਜ਼ ਨਾਲ ਮਸ਼ਹੂਰ ਜਗਮੀਤ ਸਿੰਘ ਬਰਾੜ ਨੇ ਅਪਣੀ ਪਹਿਲੀ ਚੋਣ ਵੀ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵਿਰੁਧ ਗਿੱਦੜਵਹਾ ਹਲਕੇ ਤੋਂ ਲੜੀ ਸੀ। ਇਸ ਤੋਂ ਬਾਅਦ ਉਨ੍ਹਾਂ ਸੁਖਬੀਰ ਸਿੰਘ ਬਾਦਲ ਵਿਰੁਧ ਵੀ ਤਿੰਨ ਚੋਣਾਂ ਲੜੀਆਂ ਜਿਨ੍ਹਾਂ ਵਿਚੋਂ ਇਕ ਵਿਚ ਉਨ੍ਹਾਂ ਨੇ ਛੋਟੇ ਬਾਦਲ ਨੂੰ ਸਿਆਸੀ ਮਾਤ ਦੇ ਦਿਤੀ ਸੀ ਜਿਸ ਤੋਂ ਬਾਅਦ ਉਨ੍ਹਾਂ ਦਾ ਪੰਜਾਬ 'ਚ ਸਿਆਸੀ ਕੱਦ ਕਾਫ਼ੀ ਵਧ ਗਿਆ ਸੀ ਤੇ ਉਹ ਮੁੱਖ ਮੰਤਰੀ ਦੇ ਅਹੁਦੇ ਦੇ ਵੀ ਦਾਅਵੇਦਾਰ ਮੰਨੇ ਜਾਣ ਲੱਗੇ ਸਨ ਪਰ ਅਪਣੀਆਂ ਬੇਬਾਕ ਟਿਪਣੀਆਂ ਨੂੰ ਲੈ ਕੇ ਚਰਚਾ ਵਿਚ ਰਹਿਣ ਵਾਲੇ ਸ: ਬਰਾੜ ਪੰਜਾਬ ਕਾਂਗਰਸ ਦੇ ਲੀਡਰਾਂ ਨੂੰ ਅਪਣੇ ਹੱਕ ਵਿਚ ਨਹੀਂ ਕਰ ਸਕੇ। ਜਗਮੀਤ ਸਿੰਘ ਬਰਾੜ ਨੇ ਇਸ ਪ੍ਰਤੀਨਿਧੀ ਨਾਲ ਗੱਲ ਕਰਦਿਆਂ ਪ੍ਰਗਟਾਵਾ ਕੀਤਾ ਕਿ ਉਹ ਮਹਿਸੂਸ ਕਰ ਰਹੇ ਸਨ ਕਿ ਤ੍ਰਿਣਮੂਲ ਕਾਂਗਰਸ ਦੀ ਸੁਪਰੀਮੋ ਦਾ ਪੰਜਾਬ ਪ੍ਰਤੀ ਕੋਈ ਰੁਚੀ ਨਹੀਂ ਦਿਖ਼ਾਈ ਦੇ ਰਹੀ ਸੀ ਜਦਕਿ ਪੰਜਾਬ ਇਸ ਵੇਲੇ ਸੱਭ ਤੋਂ ਵੱਡੇ ਦੁਖਾਂਤ ਵਿਚ ਗੁਜ਼ਰ ਰਿਹਾ ਹੈ। ਜਿਸ ਦੇ ਚੱਲਦੇ ਉਨ੍ਹਾਂ ਕਿਸੇ ਬੰਦਿਸ਼ ਵਿਚ ਬੱਜੇ ਰਹਿਣ ਦੀ ਬਜਾਏ ਖੁਲ੍ਹ ਕੇ ਪੰਜਾਬੀਆਂ ਦੇ ਦੁੱਖ-ਦਰਦਾਂ ਨੂੰ ਵੰਡਾਉਣ ਦਾ ਫ਼ੈਸਲਾ ਲਿਆ ਹੈ।
end-of