
ਲੰਦਨ, 7 ਦਸੰਬਰ : ਲੰਦਨ ਦੇ ਮੇਅਰ ਸਾਦਿਕ ਖ਼ਾਨ ਦੀ ਅਪੀਲ ਕਿ ਬਰਤਾਨੀਆ ਅੰਮ੍ਰਿਤਸਰ ਦੇ ਜਲਿਆਂਵਾਲਾ ਕਾਂਡ ਲਈ ਮਾਫ਼ੀ ਮੰਗੇ, 'ਤੇ ਬਰਤਾਨੀਆ ਨੇ ਅੱਜ ਮਾਫ਼ੀ ਤਾਂ ਨਹੀਂ ਮੰਗੀ ਪਰ ਏਨਾ ਜ਼ਰੂਰ ਕਿਹਾ ਕਿ ਜਲਿਆਂਵਾਲਾ ਬਾਗ਼ ਕਤੇਲਆਮ 'ਬਹੁਤ ਸ਼ਰਮਨਾਕ' ਸੀ। ਬਰਤਾਨੀਆ ਦੇ ਵਿਦੇਸ਼ ਵਿਭਾਗ ਨੇ ਬਿਆਨ ਜਾਰੀ ਕਰ ਕੇ ਕਿਹਾ ਕਿ ਬਰਤਾਨੀਆ ਸਰਕਾਰ ਨੇ ਬ੍ਰਿਟਿਸ਼ ਇਤਿਹਾਸ ਦੇ ਇਸ ਸ਼ਰਮਨਾਕ ਕਾਂਡ ਦੀ ਪਹਿਲਾਂ ਵੀ ਨਿਖੇਧੀ ਕੀਤੀ ਹੈ।
ਸਾਦਿਕ ਖ਼ਾਨ ਨੇ ਕਲ ਅੰਮ੍ਰਿਤਸਰ ਵਿਚ ਕਿਹਾ ਸੀ ਕਿ ਬਰਤਾਨੀਆ ਨੂੰ 1919 'ਚ ਕੀਤੇ ਗਏ ਇਸ ਕਤਲੇਆਮ ਲਈ ਮੁਆਫ਼ੀ ਮੰਗਣੀ ਚਾਹੀਦੀ ਹੈ। ਬਰਤਾਨੀਆ ਨੇ ਕਿਹਾ, 'ਸਾਬਕਾ ਪ੍ਰਧਾਨ ਮੰਤਰੀ ਨੇ 2013 ਵਿਚ ਜਲਿਆਂਵਾਲਾ ਬਾਗ਼ ਦਾ ਦੌਰਾ ਕਰਨ ਮੌਕੇ ਕਿਹਾ ਸੀ ਕਿ ਇਹ ਕਤਲੇਆਮ ਬਰਤਾਨੀਆ ਦੇ ਇਤਿਹਾਸ ਦਾ ਬਹੁਤ ਸ਼ਰਮਨਾਕ ਕਾਰਾ ਹੈ ਅਤੇ ਇਸ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ। ਇਹ ਸਹੀ ਹੈ ਕਿ ਅਸੀਂ ਜਾਨਾਂ ਗਵਾਉਣ ਵਾਲਿਆਂ ਪ੍ਰਤੀ ਸਤਿਕਾਰ ਰਖਦੇ ਹਾਂ ਅਤੇ ਜੋ ਕੁੱਝ ਹੋਇਆ, ਉਸ ਨੂੰ ਯਾਦ ਕਰਦੇ ਹਾਂ। ਬ੍ਰਿਟਿਸ਼ ਸਰਕਾਰ ਨੇ ਇਸ ਘਟਨਾ ਦੀ ਨਿਖੇਧੀ ਕੀਤੀ ਹੈ।' ਬਰਤਾਨੀਆ ਦੀ ਕੰਜ਼ਰਵੇਟਿਵ ਪਾਰਟੀ ਦੀ ਅਗਵਾਈ ਵਾਲੀ ਸਰਕਾਰ ਦੇ ਮੁਖੀ ਕੈਮਰਨ ਨੇ ਅੰਮ੍ਰਿਤਸਰ ਦੌਰੇ ਸਮੇਂ ਕਤਲੇਆਮ ਲਈ ਰਸਮੀ ਮਾਫ਼ੀ ਮੰਗਣ ਤੋਂ ਪਰਹੇਜ਼ ਕੀਤਾ ਸੀ। ਫ਼ਰਵਰੀ 2013 ਵਿਚ ਭਾਰਤ ਦੇ ਦੌਰੇ ਸਮੇਂ ਕੈਮਰਨ ਨੇ ਕਿਹਾ ਸੀ, 'ਇਤਿਹਾਸ ਵਿਚ ਪਿੱਛੇ ਜਾਣਾ ਅਤੇ ਬ੍ਰਿਟੇਨ ਦੇ ਉਪਨਿਵੇਸ਼ਵਾਦ ਦੀਆਂ ਗ਼ਲਤੀਆਂ ਲਈ ਮਾਫ਼ੀ ਮੰਗਣਾ ਗ਼ਲਤ ਹੋਵੇਗਾ।' (ਏਜੰਸੀ)