
ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਦਿੱਲੀ ਦੇ ਮੁੱਖ ਮੰਤਰੀ ਅਤੇ 'ਆਪ' ਸੁਪਰੀਮੋ ਅਰਵਿੰਦ ਕੇਜਰੀਵਾਲ ਨਾਲ ਮਿਲਣ ਤੋਂ ਇਨਕਾਰ ਕਰਨ 'ਤੇ ਅਕਾਲੀ ਦਲ ਦੀਆਂ ਸੁਰਾਂ ਵੱਖ-ਵੱਖ ਹੋ ਗਈਆਂ ਹਨ। ਜਿੱਥੇ ਇਕ ਪਾਸੇ ਪ੍ਰੇਮ ਸਿੰਘ ਚੰਦੂਮਾਜਰਾ ਅਤੇ ਹੋਰ ਆਗੂਆਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਕੇਜਰੀਵਾਲ ਨੂੰ ਨਾ ਮਿਲਣ ਦੇ ਫੈਸਲੇ ਦੀ ਤਾਰੀਫ ਕੀਤੀ ਹੈ, ਉੱਥੇ ਹੀ ਹੁਣ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਕੈਪਟਨ ਦੇ ਕੇਜਰੀਵਾਲ ਨੂੰ ਨਾ ਮਿਲਣ ਦੇ ਫੈਸਲੇ ਦੀ ਨਿੰਦਾ ਕੀਤੀ ਹੈ। ਆਲ ਪਾਰਟੀ ਮੀਟਿੰਗ ਦੇ ਅਸਫਲ ਹੋਣ ਦਾ ਸਾਰਾ ਠੀਕਰਾ ਉਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਸਿਰ 'ਤੇ ਭੰਨਿਆ ਹੈ। ਦੂਜੇ ਸੂਬਿਆਂ ਨੂੰ ਦਿੱਤੇ ਗਏ ਪਾਣੀ ਦੀ ਰਾਇਲਟੀ ਦੇ ਮਾਮਲੇ 'ਚ ਉਨ੍ਹਾਂ ਨੇ ਮਿਲ ਕੇ ਇਸ ਮਸਲੇ ਦਾ ਹੱਲ ਲੱਭਣ ਦੀ ਗੱਲ ਕਹੀ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਬਾਦਲ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੂੰ ਕੇਜਰੀਵਾਲ ਨਾਲ ਮੁਲਾਕਾਤ ਕਰ ਲੈਣੀ ਚਾਹੀਦੀ ਸੀ ਕਿਉਂਕਿ ਆਪਸ 'ਚ ਮਿਲਣ ਨਾਲ ਹੀ ਕਿਸੇ ਗੱਲ ਦਾ ਹੱਲ ਨਿਕਲਦਾ ਹੈ ਅਤੇ ਕੋਈ ਵਧੀਆ ਸੁਝਾਅ ਪ੍ਰਾਪਤ ਹੁੰਦਾ ਹੈ। ਬਾਦਲ ਨੇ ਕਿਹਾ ਕਿ ਮੀਟਿੰਗ ਬੁਲਾ ਕੇ ਜਦੋਂ ਮੁੱਖ ਮੰਤਰੀ ਖੁਦ ਹੀ ਇਸ ਮੀਟਿੰਗ ਤੋਂ ਗਾਇਬ ਰਹਿੰਦੇ ਹਨ ਤਾਂ ਬਾਕੀ ਪਾਰਟੀਆਂ ਕਿਉਂ ਇਸ 'ਚ ਸ਼ਾਮਲ ਹੋਣਗੀਆਂ। ਜੇਕਰ ਮੁੱਖ ਮੰਤਰੀ ਹੀ ਇਸ ਮੀਟਿੰਗ ਨੂੰ ਜ਼ਰੂਰੀ ਨਹੀਂ ਸਮਝਦੇ ਤਾਂ ਬਾਕੀ ਪਾਰਟੀਆਂ ਇਸ ਨੂੰ ਗੰਭੀਰਤਾ ਨਾਲ ਕਿਉਂ ਲੈਣ। ਆਮ ਆਦਮੀ ਪਾਰਟੀ ਵਲੋਂ ਵਿਧਾਨ ਸਭਾ ਦੇ ਬਾਹਰ ਪਾਣੀ ਦੀ ਰਾਇਲਟੀ ਲੈਣ 'ਤੇ ਲਾਏ ਗਏ ਧਰਨੇ 'ਤੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਸਭ ਪੁਰਾਣੇ ਪੈਂਡਿੰਗ ਮਾਮਲੇ ਹਨ ਅਤੇ ਇਨ੍ਹਾਂ ਨੂੰ ਮਿਲ ਕੇ ਹੀ ਸੁਲਝਾਇਆ ਜਾ ਸਕਦਾ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਬਾਰੇ ਬੋਲਦੇ ਹੋਏ ਮੁੱਖ ਮੰਤਰੀ ਨੇ ਕਿਹਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦਾ ਹੈ, ਇਸ 'ਚ ਮੇਰੀ ਕੋਈ ਦਖਲ ਅੰਦਾਜ਼ੀ ਨਹੀਂ ਹੈ।