
ਵਿਰੋਧੀ ਧਿਰ ਨੂੰ ਲੋਕ ਮੁੱਦੇ ਚੁਕਣ ਤੋਂ ਰੋਕ ਰਹੀ ਹੈ ਕੈਪਟਨ ਸਰਕਾਰ : ਖਹਿਰਾ
ਸੁਨਾਮ ਊਧਮ ਸਿੰਘ ਵਾਲਾ, 3 ਮਾਰਚ (ਦਰਸ਼ਨ ਸਿੰਘ ਚੌਹਾਨ) : ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਬਜਟ ਸ਼ੈਸ਼ਨ ਦਾ ਸਮਾਂ ਇਕ ਮਹੀਨਾ ਕਰਨ ਨੂੰ ਯਕੀਨੀ ਬਣਾਵੇ ਤਾਂ ਜੋ ਵਿਰੋਧੀ ਧਿਰ ਲੋਕ ਮੁੱਦਿਆਂ ਨੂੰ ਸਰਕਾਰ ਦੇ ਸਨਮੁਖ ਸਹੀ ਤਰੀਕੇ ਨਾਲ ਪੇਸ਼ ਕਰ ਸਕੇ। ਉਨ੍ਹਾਂ ਕਿਹਾ ਕਿ ਅਕਾਲੀ ਭਾਜਪਾ ਗਠਜੋੜ ਤੋਂ ਬਾਅਦ ਹੁਣ ਕਾਂਗਰਸ ਸਰਕਾਰ ਨੇ ਵੀ ਵਿਧਾਨ ਸਭਾ ਸੈਸ਼ਨ ਦੇ ਸਮੇਂ ਵਿਚ ਕਟੌਤੀ ਕਰ ਕੇ ਵਿਧਾਨ ਸਭਾ ਨੂੰ ਮਜ਼ਾਕ ਦਾ ਪਾਤਰ ਬਣਾਇਆ ਹੋਇਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਰੋਧੀ ਧਿਰ ਨੂੰ ਰਾਜ ਦੇ ਲੋਕਾਂ ਦੇ ਭਖਦੇ ਮੁੱਦੇ ਉਠਾਉਣ ਦਾ ਸਮਾਂ ਹੀ ਨਹੀਂ ਦੇਣਾ ਚਾਹੁੰਦੀ। ਉਨ੍ਹਾਂ ਕਿਹਾ ਕਿ ਜੇਕਰ ਬਜਟ ਸੈਸ਼ਨ ਦਾ ਸਮਾਂ ਘੱਟ ਰੱਖਿਆ ਗਿਆ ਤਾਂ ਆਮ ਆਦਮੀ ਪਾਰਟੀ ਸਦਨ ਦੇ ਅੰਦਰ ਅਤੇ ਬਾਹਰ ਜ਼ੋਰਦਾਰ ਪ੍ਰਦਰਸ਼ਨ ਕਰੇਗੀ।
ਇਥੇ ਆਮ ਆਦਮੀ ਪਾਰਟੀ ਦੇ ਸ਼ਹਿਰੀ ਪ੍ਰਧਾਨ ਸਾਹਿਬ ਸਿੰਘ ਦੇ ਘਰ ਸੱਦੀ ਪ੍ਰੈੱਸ ਕਾਨਫ਼ਰੰਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਵਲੋਂ ਭ੍ਰਿਸ਼ਟਾਚਾਰ ਦੇ ਮੁੱਦੇ ਨੂੰ ਤੱਥਾਂ ਸਮੇਤ ਚੁੱਕੇ ਜਾਣ ਤੋਂ ਬਾਅਦ ਰਾਣਾ ਗੁਰਜੀਤ ਸਿੰਘ ਨੂੰ ਮੰਤਰੀ ਦੇ ਅਹੁਦੇ ਤੋਂ ਅਸਤੀਫ਼ਾ ਦੇਣਾ ਪਿਆ ਹੈ। ਇਸ ਮੌਕੇ ਸਾਹਿਬ ਸਿੰਘ ਤੋਂ ਇਲਾਵਾ ਸ਼ੇਰ ਸਿੰਘ ਤੋਲਾਵਾਲ, ਕੇਹਰ ਸਿੰਘ ਜੋਸ਼ਨ, ਭਰਤ ਹਰੀ ਸ਼ਰਮਾ, ਥਾਣੇਦਾਰ ਨਾਜਰ ਸਿੰਘ, ਬ੍ਰਿਸ਼ਭਾਨ ਕੁਲਾਰਾਂ, ਸੋਨੀ ਵਿਰਕ, ਪ੍ਰੇਮ ਅਗਰਵਾਲ, ਡਾਕਟਰ ਸ਼ਮਿੰਦਰ ਸਿੰਘ, ਇੰਦਰਜੀਤ ਗੁਪਤਾ, ਜਗਦੇਵ ਸਿੰਘ ਪੀ੍ਰਤ ਬਸ ਸਮੇਤ ਹੋਰ ਆਗੂ ਹਾਜ਼ਰ ਸਨ।